ਹੋਟਲ ’ਚ ਜਿਸਮ ਫ਼ਿਰੋਸ਼ੀ ਦਾ ਧੰਦਾ: ਪੁਲਿਸ ਨੇ ਮਾਰਿਆ ਛਾਪਾ, ਲੜਕੀ,ਮੈਨੇਜਰ ਤੇ ਕੁੱਕ ਸਣੇ ਹੋਟਲ ਮਾਲਕ ’ਤੇ ਵੱਡੀ ਕਾਰਵਾਈ
ਹਰਿੰਦਰ ਨਿੱਕਾ, ਬਰਨਾਲਾ 17 ਮਈ 2026
ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਇੱਕ ਨਾਮੀ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ (ਜਿਸਮ ਫ਼ਿਰੋਸ਼ੀ) ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਟਲ ਵਿੱਚ ਰੇਡ ਕੀਤੀ, ਜਿੱਥੇ ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਜਿਸਮ ਫ਼ਿਰੋਸ਼ੀ ਦੇ ਇਸ ਕਾਲੇ ਧੰਦੇ ਵਿੱਚ ਧੱਕਿਆ ਜਾ ਰਿਹਾ ਸੀ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ Immoral Traffic (Prevention) Act 1956 ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇੰਝ ਹੋਇਆ ਖ਼ੁਲਾਸਾ: ਪੁਲਿਸ ਦੀ ਮੁਸਤੈਦੀ ਨੇ ਫੜਿਆ ਗੁਨਾਹ
ਮਿਲੀ ਜਾਣਕਾਰੀ ਮੁਤਾਬਕ ਥਾਣਾ ਸਿਟੀ ਬਰਨਾਲਾ ਦੇ ਇੰਸਪੈਕਟਰ ਐਸ.ਐਚ.ਓ. ਲਖਵਿੰਦਰ ਸਿੰਘ ਆਪਣੀ ਪੁਲਿਸ ਟੀਮ, ਜਿਸ ਵਿੱਚ ਐਸ.ਆਈ. ਸੁਖਵਿੰਦਰ ਸਿੰਘ, ਤੇਜਿੰਦਰਜੀਤ ਸਿੰਘ, ਮਹਿਲਾ ਸਿਪਾਹੀ ਗੁਰਿੰਦਰਜੀਤ ਕੌਰ, ਸਿਪਾਹੀ ਗੁਰਸੇਵਕ ਸਿੰਘ ਅਤੇ ਪੀ.ਐਚ.ਜੀ. ਰਾਜੇਸ਼ ਸਿੰਘ ਸ਼ਾਮਲ ਸਨ। ਸਮੇਤ ਸਰਕਾਰੀ ਗੱਡੀ ਵਿੱਚ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਸੰਧੂ ਪੱਤੀ ਚੌਂਕ, ਬਰਨਾਲਾ ਵਿਖੇ ਮੌਜੂਦ ਸਨ। ਇਸੇ ਦੌਰਾਨ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਰਾਏਕੋਟ ਰੋਡ ’ਤੇ ਸਥਿਤ ‘ਹੋਟਲ ਡਾਇਮੰਡ’ ਵਿੱਚ ਹੋਟਲ ਮਾਲਕ ਦੀ ਮਿਲੀਭੁਗਤ ਨਾਲ ਜਿਸਮ ਫ਼ਿਰੋਸ਼ੀ ਦਾ ਧੰਦਾ ਬੜੇ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ।
ਇਹ ਹੈ ਦੋਸ਼ੀਆਂ ਦੀ ਪੂਰੀ ਕੁੰਡਲੀ
ਪੁਲਿਸ ਰਿਪੋਰਟ ਦੇ ਮੁਤਾਬਕ ਇਸ ਕਾਲੇ ਧੰਦੇ ਨੂੰ ਚਲਾਉਣ ਵਿੱਚ ਹੋਟਲ ਦੇ ਸਟਾਫ਼ ਅਤੇ ਮਾਲਕ ਦਾ ਪੂਰਾ ਹੱਥ ਸੀ। ਫੜੇ ਗਏ ਅਤੇ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਇਸ ਪ੍ਰਕਾਰ ਹਨ। ਮੁਸਕਾਨ ਲੜਕੀ ਵਾਸੀ ਨੇੜੇ ਆਈ.ਟੀ.ਆਈ., ਲੜਕੀਆਂ, ਕਿਲਾ ਮੁਹੱਲਾ, ਬਰਨਾਲਾ। ਇਹ ਲੜਕੀ ਆਮ ਲੋਕਾਂ ਤੋਂ ਮੋਟੀ ਰਕਮ ਵਸੂਲ ਕੇ ਇਸ ਹੋਟਲ ਵਿੱਚ ਜਿਸਮ ਫ਼ਿਰੋਸ਼ੀ ਦਾ ਧੰਦਾ ਕਰਦੀ ਅਤੇ ਕਰਵਾਉਂਦੀ ਸੀ।
- ਰਾਜਿੰਦਰ ਸਿੰਘ ਹੋਟਲ ਮੈਨੇਜਰ ਪੁੱਤਰ ਸੁੰਦਰ ਸਿੰਘ, ਵਾਸੀ ਬਸਗਾਂਓ, ਜ਼ਿਲ੍ਹਾ ਅਲਮੋੜਾ, ਉੱਤਰਾਖੰਡ। ਇਹ ਮੁਲਜ਼ਮ ਇਸ ਹੋਟਲ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ ਅਤੇ ਇਸ ਪੂਰੇ ਗੋਰਖਧੰਦੇ ਦੀ ਦੇਖ-ਰੇਖ ਕਰਦਾ ਸੀ।
- ਦੀਪੇਂਦਰ ਚੰਦਰ ਪਾਂਡੇ ਉਰਫ਼ ਦੀਪਕ ਹੋਟਲ ਕੁੱਕ ਪੁੱਤਰ ਅਨੰਦ ਬੱਲਭ ਪਾਂਡੇ, ਵਾਸੀ ਚਗੋਠੀ, ਜ਼ਿਲ੍ਹਾ ਅਲਮੋੜਾ, ਉੱਤਰਾਖੰਡ। ਇਹ ਮੁਲਜ਼ਮ ਹੋਟਲ ਵਿੱਚ ਕੁੱਕ (ਰਸੋਈਏ) ਦਾ ਕੰਮ ਕਰਦਾ ਸੀ ਅਤੇ ਮੈਨੇਜਰ ਦੇ ਨਾਲ ਮਿਲ ਕੇ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਪੂਰਾ ਸਾਥ ਦੇ ਰਿਹਾ ਸੀ।
- ਇੰਦਰਜੀਤ ਸਿੰਘ ਹੋਟਲ ਮਾਲਕ ਵਾਸੀ ਮੂਣਕ, ਜ਼ਿਲ੍ਹਾ ਸੰਗਰੂਰ। ਇਹ ਹੋਟਲ ਦਾ ਮਾਲਕ ਹੈ, ਜਿਸ ਨੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਆਪਣੇ ਹੋਟਲ ਦੇ ਅੰਦਰ ਇਸ ਗ਼ੈਰ-ਕਾਨੂੰਨੀ ਕੰਮ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਅਤੇ ਮੁਲਜ਼ਮਾਂ ਨਾਲ ਮਿਲੀਭੁਗਤ ਕੀਤੀ।
ਪੁਲਿਸ ਦੀ ਅਗਲੇਰੀ ਕਾਰਵਾਈ
ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਖ਼ਬਰ ਦੀ ਪੱਕੀ ਇਤਲਾਹ ਦੇ ਅਧਾਰ ’ਤੇ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਰੇਡ ਦੌਰਾਨ ਮੌਕੇ ਤੋਂ ਜਿਸਮ ਫਿਰੋਸ਼ੀ ਦੇ ਧੰਦੇ ਵਿੱਚ ਸ਼ਾਮਿਲ ਲੜਕੀ ਸਣੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਹੋਟਲ ਮਾਲਿਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।







