4 ਸ਼ਹਿਰ, 92 ਵਾਰਡ ਅਤੇ 2 ਲੱਖ ਤੋਂ ਵੱਧ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ..!
ਰਾਜਪੁਰਾ ਤੋਂ ਪਾਤੜਾਂ ਤੱਕ ਚੋਣ ਜ਼ਾਬਤਾ ਲਾਗੂ: ਖਰਚੇ ‘ਤੇ ਨਜ਼ਰ ਅਤੇ ਤਿਆਰੀਆਂ ਚਾਕ-ਚੌਬੰਦ
ਹਰਿੰਦਰ ਨਿੱਕਾ, ਪਟਿਆਲਾ 11 ਮਈ 2026
ਪਟਿਆਲਾ ਜ਼ਿਲ੍ਹੇ ਦੀਆਂ ਚਾਰ ਪ੍ਰਮੁੱਖ ਨਗਰ ਕੌਂਸਲਾਂ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਵਿੱਚ ਸਿਆਸੀ ਸਰਗਰਮੀਆਂ ਸਿਖਰਾਂ ‘ਤੇ ਪਹੁੰਚ ਗਈਆਂ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ 26 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਨ੍ਹਾਂ ਚੋਣਾਂ ਵਿੱਚ ਕੁੱਲ 92 ਵਾਰਡਾਂ ਦੇ ਭਵਿੱਖ ਦਾ ਫੈਸਲਾ ਤਕਰੀਬਨ 2 ਲੱਖ 15 ਹਜ਼ਾਰ ਵੋਟਰ 228 ਬੂਥਾਂ ‘ਤੇ ਪਹੁੰਚ ਕੇ ਕਰਨਗੇ।
ਕੌਣ ਹੋਣਗੇ ਚੋਣਾਂ ਦੇ ‘ਕਪਤਾਨ’ ?
ਇਹ ਹੈ ਚੋਣ ਕਮਿਸ਼ਨ ਵੱਲੋਂ ਤਾਇਨਾਤ ਰਿਟਰਨਿੰਗ ਅਫ਼ਸਰਾਂ ਦੀ ਸੂਚੀ
ਨਾਭਾ (23 ਵਾਰਡ): ਐਸ.ਡੀ.ਐਮ ਅਰਵਿੰਦਪਾਲ ਸਿੰਘ ਸੋਮਲ
ਪਾਤੜਾਂ (17 ਵਾਰਡ): ਐਸ.ਡੀ.ਐਮ ਕਾਲਾ ਰਾਮ ਕਾਂਸਲ
ਰਾਜਪੁਰਾ (31 ਵਾਰਡ): ਐਸ.ਡੀ.ਐਮ ਸੁਖਵਿੰਦਰ ਸਿੰਘ ਟਿਵਾਣਾ
ਸਮਾਣਾ (21 ਵਾਰਡ): ਐਕਸੀਅਨ ਰਸ਼ਪਿੰਦਰ ਸਿੰਘ
ਡਾਇਰੀ ‘ਚ ਨੋਟ ਕਰ ਲਓ ਇਹ ਤਰੀਕਾਂ:-
ਜੇਕਰ ਤੁਸੀਂ ਚੋਣ ਮੈਦਾਨ ਵਿੱਚ ਨਿੱਤਰਨਾ ਚਾਹੁੰਦੇ ਹੋ, ਤਾਂ 13 ਮਈ ਤੋਂ 16 ਮਈ ਤੱਕ ਸਬੰਧਤ ਦਫ਼ਤਰਾਂ ਵਿੱਚ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। 18 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਤੱਕ ਨਾਮ ਵਾਪਸ ਲਏ ਜਾ ਸਕਣਗੇ। ਯਾਦ ਰਹੇ ਕਿ ਵੋਟਾਂ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ‘ਤਾਜ’ ਕਿਸਦੇ ਸਿਰ ਸਜੇਗਾ, ਇਸਦਾ ਖੁਲਾਸਾ 29 ਮਈ ਨੂੰ ਹੋਵੇਗਾ।
ਖਰਚੇ ਦੀ ਹੱਦ ਅਤੇ ਸਖ਼ਤ ਨਿਯਮ
ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਹੇਠ ਚੋਣਾਂ ਨੂੰ ਪਾਰਦਰਸ਼ੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਮੀਦਵਾਰਾਂ ਲਈ ਖਰਚਾ ਸੀਮਾ ਵੀ ਤੈਅ ਹੈ:
-
ਸ਼੍ਰੇਣੀ-ਏ: 3,60,000 ਰੁਪਏ
-
ਸ਼੍ਰੇਣੀ-ਬੀ: 2,30,000 ਰੁਪਏ
-
ਸ਼੍ਰੇਣੀ-ਸੀ: 2,00,000 ਰੁਪਏ
ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਸ਼ਹਿਰਾਂ ਦੀ ਸੱਤਾ ਦੀ ਚਾਬੀ ਜਨਤਾ ਕਿਸ ਨੂੰ ਸੌਂਪਦੀ ਹੈ!







