…ਤੇ ਪੁਰਾਣੇ ਗਾਹਕ ਨੇ ਹੋਟਲ ‘ਚ ਪਾਇਆ ਗਾਹ,,
ਕਮਰੇ ਦੇ ਕਿਰਾਏ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਹੋਟਲ ਨੂੰ ਲੱਗਿਆ ਤਾਲਾ!”
ਹਰਿੰਦਰ ਨਿੱਕਾ, ਬਰਨਾਲਾ 7 ਫਰਵਰੀ 2026
ਸ਼ਹਿਰ ਦੇ ਆਈਟੀਆਈ ਚੋਂਕ ਨੇੜੇ ਇੱਕ ਹੋਟਲ ਵਿੱਚ ਪਹੁੰਚੇ ਇੱਕ ਵਿਅਕਤੀ ਨੇ ਲੰਘੀ ਰਾਤ ਕਾਫੀ ਹੁੜਦੰਗ ਮਚਾਇਆ। ਹੋਟਲ ਨੇੜਲੇ ਲੋਕਾਂ ਅਨੁਸਾਰ, ਹੋਟਲ ਵਿੱਚੋਂ ਤਾੜ ਤਾੜ ਗੋਲੀਆਂ ਚੱਲਣ ਦੀ ਅਵਾਜ਼ ਵੀ ਸੁਣਾਈ ਦਿੱਤੀ।
ਦੇਰ ਰਾਤ ਵਾਪਰੀ ਘਟਨਾ ਤੋਂ ਬਾਅਦ ਹੋਟਲ ਮਾਲਿਕਾਂ ਨੇ ਹੋਟਲ ਨੂੰ ਤਾਲਾ ਜੜ ਦਿੱਤਾ, ਜੋ ਖਬਰ ਲਿਖੇ ਜਾਣ ਤੱਕ ਵੀ ਖੁੱਲ੍ਹਿਆ ਨਹੀਂ ਹੈ। ਹੋਟਲ ਸੰਚਾਲਕਾਂ ਵੱਲੋਂ ਇਸ ਘਟਨਾਕ੍ਰਮ ਸਬੰਧੀ ਪੁਲਿਸ ਨੂੰ ਵੀ ਸ਼ਕਾਇਤ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਹੋਟਲ ਸਿਮਰ ਵਿੱਚ, ਹੋਟਲ ਦਾ ਕੋਈ ਪੁਰਾਣਾ ਕਸਟਮਰ, ਯਾਨੀ ਕਥਿਤ ਅਯਾਸ਼ੀ ਲਈ ਕਾਫੀ ਸਮੇਂ ਤੋਂ ਆਉਣ ਵਾਲਾ ਵਿਅਕਤੀ ਪਹੁੰਚਿਆ। ਜਿਸ ਨੇ ਪਹਿਲਾਂ ਦੀ ਤਰਾਂ ਹੀ ਰੂਮ ਮੰਗਿਆ। ਪਰੰਤੂ ਰਿਸੈਪਸ਼ਨ ਤੇ ਉਸ ਤੋਂ ਪਹਿਲਾਂ ਰੂਮ ਦਾ ਕਿਰਾਇਆ ਮੰਗਿਆ ਗਿਆ, ਪਰੰਤੂ ਉਹ ਵਿਅਕਤੀ ਰੂਮ ਦਾ ਕਿਰਾਇਆ ਬਾਅਦ ਵਿੱਚ ਦੇਣ ਦੀ ਗੱਲ ਤੇ ਅੜ੍ਹ ਗਿਆ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਲਖੀ ਹੋ ਗਈ ਅਤੇ ਤਕਰਾਰਬਾਜ਼ੀ ਤੋਂ ਸ਼ੁਰੂ ਹੋਈ ਗੱਲਬਾਤ ਝਗੜੇ ਦਾ ਰੂਪ ਧਾਰਨ ਕਰ ਗਈ। ਪਤਾ ਇਹ ਵੀ ਲੱਗਿਆ ਹੈ ਕਿ ਹੋਟਲ ਵਿੱਚ ਗੋਲੀਆਂ ਚੱਲਣ ਦੀ ਅਵਾਜ ਵੀ ਆਲੇ-ਦੁਆਲੇ ਵਿੱਚ ਸੁਣੀ ਗਈ। ਮੌਕਾ ਵਾਰਦਾਤ ਤੇ ਹੋਟਲ ਦਾ ਟੁੱਟਿਆ ਸ਼ੀਸ਼ਾ ਵੀ ਖਿਲਰਿਆ ਪਿਆ ਹੈ। ਹੋਟਲ ਬੰਦ ਹੋਣ ਕਾਰਣ, ਹੋਟਲ ਮਾਲਿਕਾਂ ਦਾ ਪੱਖ ਬੇਸ਼ੱਕ ਨਹੀਂ ਮਿਲ ਸਕਿਆ। ਹਾਲੇ ਇਹ ਗੱਲ ਬੁਝਾਰਤ ਹੀ ਬਣੀ ਹੋਈ ਹੈ ਕਿ ਗੋਲੀ ਗ੍ਰਾਹਕ ਵੱਲੋਂ ਜਾਂ ਫਿਰ ਹੋਟਲ ਸੰਚਾਲਕਾਂ ਵੱਲੋਂ ਚਲਾਈ ਗਈ । ਉੱਧਰ ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਚਰਨਜੀਤ ਸਿੰਘ ਨੇ ਹੋਟਲ ਵਿੱਚ ਹੋਏ ਝਗੜੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ
ਹੋਟਲ ਸੰਚਾਲਕਾਂ ਵੱਲੋਂ ਡਿਊਟੀ ਅਫਸਰ ਕੋਲ ਸ਼ਕਾਇਤ ਦਿੱਤੀ ਗਈ ਹੈ। ਪਰੰਤੂ ਹਾਲੇ ਤੱਕ ਗੋਲੀ ਚੱਲਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਮੌਕਾ ਵਾਰਦਾਤ ਤੇ ਜਾ ਕੇ, ਪੂਰੇ ਹਾਲਤ ਬਾਰੇ ਜਾਣਕਾਰੀ ਹਾਸਿਲ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰੇਗੀ। ਜਿਹੋ ਜਿਹੀ ਘਟਨਾ ਸਾਹਮਣੇ ਆਈ, ਉਸੇ ਅਨੁਸਾਰ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼ਹਿਰ ਅੰਦਰ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਰਨਣਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਜਹਿੇ ਹੋਟਲਾਂ ਵਿੱਚ ਗੈਰਸਮਾਜ਼ਿਕ ਗਤੀਵਿਧੀਆਂ ਚੱਲਦੀਆਂ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਇਲਾਕੇ ਦੇ ਲੋਕਾਂ ਨੇ ਅਜਿਹੀਆਂ ਗਤੀਵਿਧੀਆਂ ਨੂੰ ਠੱਲ੍ਹਣ ਲਈ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਕਾਇਤਾਂ ਵੀ ਕੀਤੀਆਂ ਸਨ। ਜਿੰਨ੍ਹਾਂ ਦਾ ਨਤੀਜਾ ਕੁੱਝ ਵੀ ਨਹੀਂ ਸੀ ਨਿਕਲਿਆ।







