“ਬਰਨਾਲਾ ‘ਚ 22 ਸਾਲ ਪੁਰਾਣੀ ਜੰਗ ਖ਼ਤਮ.! ਹੰਗਾਮੇ ਵਿਚਕਾਰ ਹੋਇਆ ਅਜਿਹਾ ਸਮਝੌਤਾ, ਜਿਸ ਤੋਂ ਸਭ ਹੈਰਾਨ “!

Advertisement
Spread information

“ਦੋ ਵੱਡੀਆਂ ਹਿੰਦੂ ਸੰਸਥਾਵਾਂ ਦਾ ਵੱਡਾ ਫੈਸਲਾ: ਦੁਕਾਨਾਂ ਸੌਂਪੀਆਂ,ਮੋਢੇ ਨਾਲ ਮੋਢਾ ਜੋੜਿਆ, ਕਿਵੇਂ ਮੁੱਕਿਆ ਦੋ ਦਹਾਕਿਆਂ ਦਾ ਵਿਵਾਦ”

ਹਰਿੰਦਰ ਨਿੱਕਾ, ਬਰਨਾਲਾ 7 ਫਰਵਰੀ 2026 

      ਸ਼ਹਿਰ ਦੀਆਂ ਦੋ ਪ੍ਰਸਿੱਧ ਹਿੰਦੂ ਸੰਸਥਾਵਾਂ ਦਰਮਿਆਨ 20 ਵਰ੍ਹਿਆਂ ਤੋਂ ਵਧੇਰੇ ਸਮੇਂ ਤੋਂ ਚੱਲ ਰਿਹਾ ਝਗੜਾ ਅੱਜ ਨਿਪਟ ਹੀ ਗਿਆ। ਇਸ ਸਬੰਧੀ ਜਾਣਕਾਰੀ ਐਸਡੀ ਸਭਾ ਰਜਿ. ਬਰਨਾਲਾ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿਲ, ਪ੍ਰਧਾਨ ਡਾ. ਭੀਮ ਸੈਨ ਗਰਗ, ਜਰਨਲ ਸਕੱਤਰ ਐਡਵੇਕਟ ਸ਼ਿਵ ਸਿੰਗਲਾ ਸਮੇਤ ਹੋਰ ਅਹੁਦੇਦਾਰਾਂ ਅਤੇ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਰਜਿ. ਦੇ ਪ੍ਰਧਾਨ ਸੁਭਾਸ਼ ਗਰਗ, ਸਾਬਕਾ ਪ੍ਰਧਾਨ ਤੇ ਚੇਅਰਮੈਨ ਰਾਜ ਕੁਮਾਰ ਰਾਜੀ ਅਤੇ ਉੱਥੇ ਮੌਜੂਦ ਹੋਰ ਅਹੁਦੇਦਾਰਾਂ ਨੇ ਪੰਚਾਇਤੀ ਮੰਦਿਰ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ।  ਪ੍ਰੈਸ ਕਾਨਫਰੰਸ ਦੇ ਸ਼ੁਰੂ ਹੁੰਦਿਆਂ ਬੇਸ਼ੱਕ ਸਨਾਤਨ ਧਰਮ ਮਹਾਵੀਰ ਦਲ ਦੇ ਸਾਬਕਾ ਪ੍ਰਧਾਨ ਰਾਜੀਵ ਮਿੱਤਲ ਦੀ ਅਗਵਾਈ ਵਿੱਚ ਕੁੱਝ ਮੈਂਬਰਾਂ ਨੇ ਕਾਨਫਰੰਸ ਵਿੱਚ ਪਹੁੰਚ ਕੇ, ਸਮਝੌਤੇ ਨੂੰ ਜਨਤਕ ਕਰਨ ਦੀ ਮੰਗ ਕਰਕੇ, ਕਰੀਬ 22 ਸਾਲ ਪਹਿਲਾਂ ਹੋਏ ਸਮਝੌਤੇ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਮਹਾਂਵੀਰ ਦਲ ਦੇ ਮੌਜੂਦਾ ਅਤੇ ਕੁੱਝ ਸਾਬਕਾ ਅਹੁਦੇਦਾਰਾਂ ਦਰਮਿਆਨ ਕੁੱਝ ਸਮਾਂ ਹੋਈ ਤਲਖੀ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਅਤੇ ਸਮਝੌਤਾ ਕਰ ਰਹੀਆਂ ਦੋਵਾਂ ਧਿਰਾਂ ਨੇ ਪ੍ਰੈਸ ਕਾਨਫਰੰਸ ਮੁੜ ਸ਼ੁਰੂ ਕਰ ਦਿੱਤੀ। 

         ਸ੍ਰੀ ਕ੍ਰਿਸ਼ਨ ਪੰਚਾਇਤੀ ਮੰਦਿਰ ਦੀ ਸਾਂਭ ਸੰਭਾਲ ਕਰ ਰਹੀ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ. ਦੇ ਪ੍ਰਧਾਨ ਸੁਭਾਸ਼ ਗਰਗ ਨੇ ਦੱਸਿਆ ਕਿ ਦੋਵੇਂ ਸੰਸਥਾਵਾਂ ਸ਼ਹਿਰ ਅੰਦਰ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਆਪੋ-ਆਪਣੇ ਪੱਧਰ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਪਰੰਤੂ ਕਰੀਬ ਦੋ ਦਹਾਕਿਆਂ ਤੋਂ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਝਗੜਾ ਹੋਣ ਕਾਰਣ , ਦੋਵੇਂ ਧਿਰਾਂ ਇੱਕ ਦੂਜੇ ਦੇ ਆਹਮੋ-ਸਾਹਮਣੇ ਵੀ ਰਹੀਆਂ। ਪਰੰਤੂ ਹੁਣ ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਆਪਸੀ ਸਹਮਿਤੀ ਬਣਾ ਕੇ, ਦੋਵਾਂ ਸੰਸਥਾਵਾਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਧਰਮ ਅਤੇ ਵਿੱਦਿਆ ਦੇ ਪ੍ਰਸਾਰ ਵਿੱਚ ਮਿਲ ਜੁਲਕੇ ਇੱਕ ਦੂਜੇ ਦੇ ਸਹਿਯੋਗ ਕਰਕੇ, ਸਨਾਤਨੀ ਲਹਿਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਦੋਵਾਂ ਧਿਰਾਂ ਦਰਮਿਆਨ ਕੋਈ ਆਪਸੀ ਵਿਵਾਦ ਨਹੀਂ ਰਿਹਾ।         

        ਐਸਡੀ ਸਭਾ ਦੇ ਜਰਨਲ ਸਕੱਤਰ ਐਡਵੋਕੇਟ ਸ਼ਿਵ ਸਿੰਗਲਾ ਨੇ ਸਭਾ ਨਾਲ ਹੋਏ ਸਮਝੌਤੇ ਦੀ ਤਫਸ਼ੀਲ ਸਾਂਝੀ ਕਰਦਿਆਂ ਦੱਸਿਆ ਕਿ ਸਭਾ ਦੀਆਂ ਕੁੱਲ 14 ਦੁਕਾਨਾਂ ਵਿੱਚੋਂ 7 ਦੁਕਾਨਾਂ ਸਮੇਤ ਕਬਜਾ ਪੰਚਾਇਤੀ ਮੰਦਿਰ ਦੀ ਸੰਸਥਾਂ ਨੂੰ ਸੌਂਪ ਦਿੱਤਾ ਹੈ। ਤਾਂ ਜੋ ਮੰਦਿਰ ਦਾ ਪ੍ਰਬੰਧ ਅਤੇ ਸੇਵਾ ਸੰਭਾਲ ਕਰ ਰਹੀ ਸੰਸਥਾ, ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ. ਨੂੰ ਬੱਝਵੀਂ ਆਮਦਨੀ ਦਾ ਵਸੀਲਾ ਹੋ ਸਕੇ। ਹੁਣ 7 ਦੁਕਾਨਾਂ ਦਾ ਕਿਰਾਇਆ ਤੈਅ ਕਰਨਾ, ਕਿਰਾਇਆ ਵਸੂਲਣਾ ਅਤੇ ਉਸ ਦੀ ਸਾਂਭ ਸੰਭਾਲ ਕਰਨਾ ਸਭ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ. ਨੂੰ ਸੌਪ ਦਿੱਤਾ ਗਿਆ ਹੈ। ਐਡਵੋਕੇਟ ਸਿੰਗਲਾ ਨੇ ਇਹ ਵੀ ਦੱਸਿਆ ਕਿ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ. ਦੀ ਮੰਗ ਅਨੁਸਾਰ ਦਲ ਦਾ ਦਫਤਰ ਹੋਰ ਵਧਾਉਣ ਲਈ, ਵੱਖਰੀ ਥਾਂ , ਉਨਾਂ ਦੇ ਦਫਤਰ ਨਾਲ ਲੱਗਦੀ ਐਸਡੀ ਸਭਾ ਦੇ ਐਨਐਮਐਸਡੀ ਸਕੂਲ ਦੀ ਜਗ੍ਹਾ ਵਿੱਚੋਂ ਦੇਣ ਦਾ ਫੈਸਲਾ ਲਿਆ ਗਿਆ ਹੈ।

      ਐਡਵੇਕਟ ਸਿੰਗਲਾ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਹੀ ਸਨਾਤਨੀ ਵਿਚਾਰਧਾਰਾ ਨੂੰ ਸਮਰਪਿਤ ਹਨ। ਇੱਕ ਸੰਸਥਾ ਵਿੱਦਿਆ ਦੇ ਮੰਦਿਰ, ਸਕੂਲ/ਕਾਲਜ ਬਣਾ ਕੇ ਵਿੱਦਿਆ ਦੇ ਪ੍ਰਸਾਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ। ਜਦੋਂਕਿ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ., ਧਰਮ ਦੇ ਪ੍ਰਸਾਰ ਪ੍ਰਚਾਰ ਲਈ ਦਿਨ ਰਾਤ ਤਤਪਰ ਹੈ। ਧਾਰਮਿਕ ਕੰਮਾਂ ਵਿੱਚ ਹਮੇਸ਼ਾਂ ਮੋਹਰੀ ਭੂਮਿਕਾ ਵਿੱਚ ਰਹਿੰਦਾ ਹੈ। ਇਸ ਦੀ ਤਾਈਦ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਰਜਿ. ਦੇ ਪ੍ਰਧਾਨ ਸੁਭਾਸ਼ ਗਰਗ ਅਤੇ ਉੱਥੇ ਮੌਜੂਦ ਹੋਰ ਅਹੁਦੇਦਾਰ ਅਤੇ ਮੈਂਬਰਾਂ ਨੇ ਵੀ ਕੀਤੀ। ਇਸ ਮੌਕੇ ਐਸਡੀ ਸਭਾ ਦੀ ਤਰਫੋਂ ਐਡਵੋਕੇਟ ਕੁਲਵੰਤ ਰਾਏ ਗੋਇਲ, ਵਿਜੇ ਕੁਮਾਰ ਭਦੌੜ, ਪ੍ਰਿੰਸੀਪਲ ਰਾਕੇਸ਼ ਜਿੰਦਲ,ਵਿਵੇਕ ਸਿੰਧਵਾਨੀ, ਪ੍ਰਵੀਨ ਕੁਮਾਰ, ਅਨਿਲ ਦੱਤ ਸ਼ਰਮਾ, ਸਨਾਤਨ ਅਚਾਰੀਆ ਪੰਡਿਤ ਰਾਕੇਸ਼ ਕੁਮਾਰ ਗੌੜ, ਲੋਕੇਸ਼ ਮੱਕੜਾ,  ਜਤਿੰਦਰ ਗੋਇਲ, ਰਾਜ ਕੁਮਾਰ ਸ਼ਰਮਾ, ਨਰਿੰਦਰ ਚੋਪੜਾ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ। ਜਦੋਂਕਿ ਸਨਾਤਨ ਧਰਮ ਮਹਾਵੀਰ ਦਲ ਦੀ ਤਰਫੋਂ ਚੇਅਰਮੈਨ ਰਾਜ ਕੁਮਾਰ ਰਾਜੀ, ਜਰਨਲ ਸੈਕਟਰੀ ਸਰਿੰਦਰ ਗਰਗ ਬੰਟੀ, ਖਜਾਨਚੀ ਰਾਕੇਸ਼ ਗਰਗ ਮਿੱਠਾ, ਜੁਆਇੰਟ ਸੈਕਟਰੀ ਜਤਿੰਦਰ ਕੁਮਾਰ ਘੁੱਗੀ ਅਤੇ ਹੋਰ ਅਹੁਦੇਦਾਰ ਤੇ ਹੋਰ ਮੈਂਬਰ ਵੀ ਹਾਜ਼ਿਰ ਰਹੇ। 

Advertisement
Advertisement
Advertisement
Advertisement
error: Content is protected !!