Barnala ਦੇ ਇੱਕ SHO ਤੇ ਹਾਈਕੋਰਟ ਨੇ ਕਸਿਆ ਸ਼ਿਕੰਜ਼ਾ….

Advertisement
Spread information

ਥਾਣੇ ‘ਚ ਲੱਗੇ CCTV ਕੈਮਰਿਆਂ ਦੀ 6 ਦਿਨਾਂ ਦੀ ਫੁਟੇਜ 8 ਅਕਤੂਬਰ ਤੱਕ ਪੇਸ਼ ਕਰਨ ਦਾ ਹੁਕਮ

ਔਰਤ ਨੂੰ ਗੈਰਕਾਨੂੰਨੀ ਹਿਰਾਸਤ ‘ਚ ਰੱਖ ਕੇ ਟੌਰਚਰ ਕਰਨ ਦੇ ਮਾਮਲੇ ਦੀ ਹਾਈਕੋਰਟ ‘ਚ ਪਈ ਗੂੰਜ

ਹਰਿੰਦਰ ਨਿੱਕਾ, ਚੰਡੀਗੜ੍ਹ 26 ਸਤੰਬਰ 2025 
   
   ਬਰਨਾਲਾ ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ਦੀ ਐਸਐਚਓ ਵੱਲੋਂ ਇੱਕ ਔਰਤ ਨੂੰ ਬਿਨਾਂ ਕਿਸੇ ਪਰਚੇ ਤੋਂ ਹੀ ਗੈਰਕਾਨੂੰਨੀ ਹਿਰਾਸਤ ‘ਚ ਰੱਖ ਕੇ ਅੱਤਿਆਚਾਰ ਕਰਨ ਦੇ ਮਾਮਲੇ ਦੀ ਗੂੰਜ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਜਾ ਅੱਪੜੀ । ਮਾਨਯੋਗ ਜਸਟਿਸ ਅਲੋਕ ਜੈਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਪੱਖ ਨੂੰ ਹੁਕਮ ਦਿੱਤਾ ਕਿ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ 6 ਦਿਨ ਦੀ ਫੁਟੇਜ 13 ਦਿਨਾਂ ਦੇ ਅੰਦਰ ਅੰਦਰ ਹਾਈਕੋਰਟ ਵਿੱਚ ਪੇਸ਼ ਕਰੋ। ਹਾਈਕੋਰਟ ਦੇ ਸਖਤ ਰੁਖ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮਾਨਯੋਗ ਅਦਾਲਤ ਨੇ ਇਹ ਵੀ ਤਾੜਨਾ ਕੀਤੀ ਹੈ ਕਿ ਜੇਕਰ ਉਕਤ ਸਮੇਂ ਸੀਸੀਟੀਵੀ ਕੈਮਰੇ ਨਾ ਚੱਲਣ ਬਾਰੇ ਕਹਿ ਕੇ ਫੁਟੇਜ ਨਾ ਉਪਲੱਭਧ ਕਰਵਾਈ ਗਈ ਤਾਂ ਇਸ ਸਬੰਧੀ ਥਾਣੇ ਦੀ ਐਸਐਚਓ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਵੇਗੀ। ਇਸ ਰਿੱਟ ਵਿੱਚ ਸੂਬੇ ਦੇ ਗ੍ਰਹਿ ਸਕੱਤਰ, ਡੀਜੀਪੀ ਪੰਜਾਬ, ਐਸਐਸਪੀ ਬਰਨਾਲਾ ਅਤੇ ਤਤਕਾਲੀ ਐਸਐਚਓ ਇੰਸਪੈਕਟਰ ਰੇਣੂ ਪਰੋਚਾ ਸਣੇ 7 ਜਣਿਆਂ ਨੂੰ ਪਾਰਟੀ ਬਣਾਇਆ ਗਿਆ ਹੈ। 
ਹਾਈਕੋਰਟ ‘ਚ ਦਾਇਰ ਰਿੱਟ ਪਟੀਸ਼ਨ ‘ ਕਿਹਾ ਕਿ…

    ਬਰਨਾਲਾ ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਧੌਲਾ ਦੀ ਖੁੱਡੀ ਪੱਤੀ ਦੀ ਰਹਿਣ ਵਾਲੀ ਸੰਦੀਪ ਕੌਰ ਪਤਨੀ ਕੁਲਦੀਪ ਸਿੰਘ ਨੇ ਹਾਈਕੋਰਟ ਦੇ ਵਕੀਲ ਸ਼ਾਹਿਦ ਅਨਵਰ ਚੌਧਰੀ ਰਾਹੀਂ ਦਾਇਰ ਰਿੱਟ ਵਿੱਚ ਦੱਸਿਆ ਹੈ ਕਿ ਉਸ ਦੇ ਪਤੀ ਦਾ ਪਿੰਡ ਧੌਲਾ ਵਿਖੇ 5 ਬਿਸਵੇ ਦਾ ਪਲਾਟ ਹੈ।16 ਅਗਸਤ 2025 ਨੂੰ ਉਹ (ਕੁਲਦੀਪ ਸਿੰਘ) ਹੋਰ ਵਿਅਕਤੀਆਂ ਨਾਲ ਮਿਲ ਕੇ ਪਲਾਟ ਦੀ ਕੰਧ ਉੱਚੀ ਕਰਨ ਲਈ ਆਪਣੇ ਪਲਾਟ ‘ਚ ਗਿਆ ਸੀ ਤਾਂ ਦੂਜੀ ਧਿਰ ਨਾਲ ਉਸ ਦਾ ਝਗੜਾ ਹੋ ਗਿਆ। ਜਦੋਂ ਪਟੀਸ਼ਨਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਦੂਜੀ ਧਿਰ ਨੇ ਕੁੱਟਿਆ ਹੈ ਤਾਂ ਉਹ ਉਸ ਦੀ ਦੇਖਭਾਲ ਲਈ ਉੱਥੇ ਚਲੀ ਗਈ। ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਉਸ ਦਾ ਪਤੀ ਉੱਥੇ ਨਹੀਂ ਸੀ। ਪਰ ਇਸੇ ਦੌਰਾਨ ਐਸਐਚਓ ਰੇਣੂ ਪਰੋਚਾ ਹੋਰ ਅਧਿਕਾਰੀਆਂ ਨਾਲ ਉੱਥੇ ਪੁਹੰਚ ਚੁੱਕੀ ਸੀ। ਜਿਸ ਨੇ ਪਟੀਸ਼ਨਰ ਨਾਲ ਬਦਸਲੂਕੀ ਅਤੇ ਕੁੱਟਮਾਰ ਵੀ ਕੀਤੀ, ਫਿਰ ਜ਼ਬਰਦਸਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਪਟੀਸ਼ਨਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁਲਿਸ ਉਸ ਨੂੰ ਪੁਲਿਸ ਸਟੇਸ਼ਨ ਰੂੜੇਕੇ ਕਲਾਂ ਲੈ ਗਈ।  ਉਸ ਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ ਅਤੇ ਸ਼ਾਮ 7 ਵਜੇ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਵੀ ਰੱਖਿਆ।

      ਪਟੀਸ਼ਨਰ ਅਨੁਸਾਰ ਉਸ ਸਮੇਂ ਪਿੰਡ ਧੌਲਾ ਦੇ ਸਰਪੰਚ ਨੇ ਉਸ ਨੂੰ ਅਗਲੀ ਸਵੇਰ ਪੇਸ਼ ਕਰਨ ਦਾ ਭਰੋਸਾ ਦਿਵਾ ਕੇ,ਉਸ ਨੂੰ ਥਾਣੇ ਵਿੱਚੋਂ ਰਿਹਾਅ ਕਰਵਾਇਆ । ਫਿਰ ਅਗਲੇ ਦਿਨ 17 ਅਗਸਤ ਨੂੰ ਸਵੇਰੇ 6 ਵਜੇ ਪਟੀਸ਼ਨਰ ਨੂੰ ਦੁਬਾਰਾ ਐਸਐਚਓ ਕੋਲ ਪੇਸ਼ ਕੀਤਾ ਗਿਆ ਅਤੇ ਉਸ ਨੂੰ ਬਾਅਦ ਦੁਪਿਹਰ ਲਗਭਗ 2-2:30 ਵਜੇ ਤੱਕ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਕੁੱਝ ਮੋਹਤਬਰ ਵਿਅਕਤੀਆਂ ਨੇ ਉਸ ਨੂੰ ਸ਼ਾਮ 4 ਵਜੇ ਪੁਲਿਸ ਸਟੇਸ਼ਨ ਰੂੜੇਕੇ ਕਲਾਂ ਤੋਂ ਫਿਰ ਛੁਡਾਇਆ। ਪੁਲਿਸ ਨੇ 18 ਅਗਸਤ ਨੂੰ ਪਟੀਸ਼ਨਰ ਦੇ ਪਤੀ ਕੁਲਦੀਪ ਸਿੰਘ ਅਤੇ ਹੋਰ ਵਿਅਕਤੀਆਂ ਵਿਰੁੱਧ ਧਾਰਾ 115(2), 118(1), 303(2), 190, 191(3) ਬੀਐਨਐਸ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ ਕਰ ਦਿੱਤਾ।  ਇਸ ਐਫਆਈਆਰ ਵਿੱਚ ਪਟੀਸ਼ਨਰ ਦਾ ਨਾਂ ਨਹੀਂ ਸੀ ਅਤੇ ਸ਼ਾਮ 4-5 ਵਜੇ ਥਾਣੇ ਦੀ ਐਸਐਚਓ ਨੇ  ਪੁਲਿਸ ਪਾਰਟੀ ਸਣੇ ਪਟੀਸ਼ਨਰ ਦੇ ਘਰ ਛਾਪਾ ਮਾਰਿਆ। ਪਰੰਤੂ ਪਟੀਸ਼ਨਰ, ਪੁਲਿਸ ਤਸ਼ੱਦਦ ਦੇ ਡਰੋਂ ਗੁਆਂਢ ਵਿੱਚ ਲੁਕ ਗਈ। ਫਿਰ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਅਤੇ ਉਸ ਬਾਰੇ ਪੁੱਛਿਆ, ਜਦੋਂ ਉਹ ਉਸ ਨੂੰ ਨਹੀਂ ਲੱਭ ਸਕੀ ਤਾਂ ਪੁਲਿਸ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ। ਆਖਿਰ ਓਹ ਪੁਲਿਸ ਤਸ਼ੱਦਦ ਦੇ ਡਰੋਂ ਆਪਣੀ ਰਿਸ਼ਤੇਦਾਰੀ ਵਿੱਚ ਆਪਣੇ ਛੋਟੇ ਬੱਚਿਆਂ ਸਣੇ ਸੰਗਰੂਰ ਜਿਲ੍ਹੇ ਦੇ ਪਿੰਡ ਮੂਲੋਵਾਲ ਚਲੀ ਗਈ।
ਫਿਰ ਐਸਐਚਓ ਪੁਲਿਸ ਪਾਰਟੀ ਸਣੇ ਉੱਥੇ ਵੀ ਪਹੁੰਚ ਗਈ,,

      ਪਟੀਸ਼ਨਰ ਅਨੁਸਾਰ 20.8.2025 ਦੀ ਰਾਤ ਕਰੀਬ 9:30 ਵਜੇ ਐਸਐਚਓ ਰੇਣੂ ਪਰੋਚਾ, ਏਐਸਆਈ ਮਨਜੀਤ ਸਿੰਘ , ਥਾਣੇ ਦਾ ਮੁਨਸ਼ੀ ਗੁਰਦੀਪ ਸਿੰਘ ਤੇ ਸਿਪਾਹੀ ਗੁਰਸੇਵਕ ਸਿੰਘ ਦੋ ਕਾਰਾਂ ਤੇ ਸਵਾਰ ਹੋ ਕੇ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਪਹੁੰਚ ਗਏ, ਪੁਲਿਸ ਪਾਰਟੀ ਨੇ ਪਟੀਸ਼ਨਰ ਦੀ ਭੂਆ ਦੇ ਘਰ ਛਾਪਾ ਮਾਰਿਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ। ਪਟੀਸ਼ਨਰ ਨੂੰ ਵਾਲਾਂ ਤੋਂ ਖਿੱਚ ਕੇ ਜ਼ਬਰਦਸਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ‘ਹਰਦੀਪ ਕੌਰ ਅਤੇ ਮੱਖਣ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ । ਜਦੋਂ ਪੁਲਿਸ ਪਾਰਟੀ ਸਾਰਿਆਂ ਨੂੰ ਲੈ ਕੇ ਪਿੰਡ ਸੁਲਤਾਨਪੁਰ ਪਹੁੰਚੀ ਤਾਂ ਪੁਲਿਸ ਪਾਰਟੀ ਨੇ ਹਰਦੀਪ ਕੌਰ ਅਤੇ ਮੱਖਣ ਸਿੰਘ ਨੂੰ ਛੱਡ ਦਿੱਤਾ ਅਤੇ ਦੋਵੇਂ ਕਾਰਾਂ ਨੂੰ ਪਟਿਆਲਾ ਵੱਲ ਮੋੜ ਲਿਆ ਅਤੇ ਫਿਰ ਮਸਤੂਆਣਾ ਸਾਹਿਬ ਚਲੇ ਗਏ। ਇਸ ਸਮੇਂ ਦੌਰਾਨ ਵੀ ਪੁਲਿਸ ਪਾਰਟੀ ਨੇ ਉਸ ਨਾਲ ਦੁਰਵਿਵਹਾਰ ਅਤੇ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ।

ਥਾਣੇ ਦੇ ਪਿਛਲੇ ਗੇਟ ਰਾਹੀਂ ਲਿਆਂਦਾ ਥਾਣੇ,,,
     ਪਟੀਸ਼ਨਰ ਸੰਦੀਪ ਕੌਰ ਅਨੁਸਾਰ 20-21 ਅਗਸਤ ਦੀ ਰਾਤ ਨੂੰ ਕਰੀਬ 3 ਵਜੇ, ਪੁਲਿਸ ਪਾਰਟੀ ਉਸ ਨੂੰ ਪਿਛਲੇ ਗੇਟ ਰਾਹੀਂ ਥਾਣਾ ਰੂੜੇਕੇ ਕਲਾਂ ਲੈ ਕੇ ਪਹੁੰਚੀ ਅਤੇ ਫਿਰ ਕੁੱਟਮਾਰ ਕੀਤੀ। ਸੰਦੀਪ ਕੌਰ ਨੇ ਇਹ ਵੀ ਦੱਸਿਆ ਕਿ 21 ਅਗਸਤ ਨੂੰ ਵੱਖ-ਵੱਖ ਜੱਥੇਬੰਦੀਆਂ ਦੇ ਦਬਾਅ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਦੀ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਨੇ MLR ‘ਚ ਪਟੀਸ਼ਨਰ ਦੇ 8 ਸੱਟਾਂ ਹੋਣੀਆਂ ਦਰਜ ਕੀਤੀਆਂ। ਇੱਥੇ ਹੀ ਬੱਸ ਨਹੀਂ, ਹਸਪਤਾਲ ‘ਚ ਵੀ ਪੁਲਿਸ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਉੱਥੋਂ ਚਲੇ ਜਾਣ ਨਹੀਂ ਤਾਂ ਉਸ ਦੇ ਵਿਰੁੱਧ ਵੀ ਝੂਠਾ ਕੇਸ ਦਰਜ ਕਰ ਦਿੱਤਾ ਜਾਵੇਗਾ।
ਹਾਈਕੋਰਟ ਦਾ ਦਰਵਾਜਾ ਖੜਕਾਇਆ,,,
       ਪਟੀਸ਼ਨਰ ਸੰਦੀਪ ਕੌਰ ਨੇ ਐਡਵੋਕੇਟ ਸ਼ਾਹਿਦ ਅਨਵਰ ਚੌਧਰੀ ਰਾਹੀਂ ਖੁਦ ਨੂੰ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਦੇ ਅੱਤਿਆਚਾਰ ਤੋਂ ਬਚਾਉਣ ਲਈ ਅਤੇ ਉਸ ਤੇ ਕਥਿਤ ਅੱਤਿਆਚਾਰ ਕਰਨ ਵਾਲੀ ਐਸਐਚਓ ਤੇ ਹੋਰ ਪੁਲਿਸ ਮੁਲਾਜਮਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ।
ਜਸਟਿਸ ਅਲੋਕ ਜੈਨ ਨੇ ਕਿਹਾ,,
    ਸੰਦੀਪ ਕੌਰ ਵੱਲੋਂ ਦਾਇਰ ਰਿੱਟ ਪਟੀਸ਼ਨ CRWP-10 -2025, ਕੌਰ ਬਨਾਮ ਪੰਜਾਬ ਰਾਜ ਅਤੇ ਹੋਰ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੀ ਤਰਫੋਂ ਐਡਵੋਕੇਟ ਐਸ.ਏ. ਚੌਧਰੀ ਅਤੇ ਸਰਕਾਰ ਦੀ ਤਰਫੋਂ AAG ਅਮਨਦੀਪ ਸਿੰਘ ਸਮਰਾ, ਪੇਸ਼ ਹੋੇਏ। ਅਦਾਲਤ ਦੇ ਮਾਨਯੋਗ ਜਸਟਿਸ ਅਲੋਕ ਜੈਨ ਨੇ ਪਟੀਸ਼ਨਰ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਰਕਾਰੀ ਵਕੀਲ ਨੂੰ ਹੁਕਮ ਦਿੱਤਾ ਕਿ ਉਹ ਪੁਲਿਸ ਤੋਂ 16.8.2025 ਤੋਂ 21.08.2025 ਤੱਕ ਦੇ ਸਮੇਂ ਦੀ ਪੁਲਿਸ ਸਟੇਸ਼ਨ ਰੂੜੇਕੇ ਕਲਾਂ ਦੀ ਸੀਸੀਟੀਵੀ ਫੁਟੇਜ ਪੇਸ਼ ਕਰਵਾਉਣ ਅਤੇ ਜੇਕਰ ਉਪਰੋਕਤ ਸਮੇਂ ਦੌਰਾਨ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ, ਤਾਂ ਸਬੰਧਤ ਐਸ.ਐਚ.ਓ. ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ,ਜੋ ਸੀਸੀਟੀਵੀ ਕੈਮਰਿਆਂ ਦੀ ਦੇਖਭਾਲ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 8.10.2025 ਨੂੰ ਨਿਸਚਿਤ ਕੀਤੀ ਹੈ। 
Advertisement
Advertisement
Advertisement
Advertisement
error: Content is protected !!