Skip to content
- Home
- ਵਕੀਲ ਨੇ ਖੋਲ੍ਹੀ ,CM ਭਗਵੰਤ ਮਾਨ ਤੇ ਹਮਲੇ ਦੀ ਪੋਲ….
Advertisement

ਨਿਚਲੀ ਅਦਾਲਤ ਵੱਲੋਂ 5 ਦੋਸ਼ੀਆਂ ਨੂੰ ਸੁਣਾਈ ਸਜਾ ਨੂੰ ਉੱਚ ਅਦਾਲਤ ਨੇ ਪਲਟਿਆ..
ਹੁਣ ਹਲਕਾ ਇੰਚਾਰਜ ਦੀ ਗੱਡੀ ‘ਚ ਹੀ ਰਹਿੰਦੈ ਭਗਵੰਤ ਮਾਨ ਤੇ ਹਮਲਾ ਕਰਨ ‘ਚ ਨਾਮਜ਼ਦ ਇੱਕ ਦੋਸ਼ੀ
ਹਰਿੰਦਰ ਨਿੱਕਾ, ਬਰਨਾਲਾ 25 ਸਤੰਬਰ 2025
ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਉਦੋਂ ਸੰਗਰੂਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਨੂੰ ਮਹਿਲ ਕਲਾਂ ਕਸਬੇ ਵਿੱਚ ਘੇਰ ਕੇ, ਉਸ ਦੇ ਗੰਨਮੈਨਾਂ ਨਾਲ ਹੱਥੋਪਾਈ ਕਰਕੇ,ਜਬਰਨ ਡਿਊਟੀ ਵਿੱਚ ਅੜਿੱਕਾ ਡਾਹੁਣ ਦੇ ਦੋਸ਼ਾਂ ‘ਚ ਕਰੀਬ 7 ਸਾਲ ਪਹਿਲਾਂ ਦਰਜ ਮਾਮਲੇ ਦੇ ਪੰਜ ਨਾਮਜ਼ਦ ਦੋਸ਼ੀਆਂ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਬਰੀ ਕਰ ਦਿੱਤਾ। ਜਦੋਂਕਿ ਕਰੀਬ 3 ਸਾਲ ਪਹਿਲਾਂ ਸਾਰੇ ਹੀ ਨਾਮਜ਼ਦ ਦੋਸ਼ੀਆਂ ਨੂੰ ਨਿਚਲੀ ਅਦਾਲਤ ਨੇ 3/3 ਸਾਲ ਅਤੇ ਜੁਰਮਾਨੇ ਦੀ ਸਜਾ ਸੁਣਾਈ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਨਾਮਜ਼ਦ ਦੋਸ਼ੀਆਂ ਵਿੱਚ ਸ਼ਾਮਿਲ ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ ਹੁਣ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਗੱਡੀ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ।
ਕਦੋਂ-ਕਦੋਂ ਤੇ ਕੀ-ਕੀ ਹੋਇਆ,,,,
ਥਾਣਾ ਮਹਿਲ ਕਲਾਂ ਵਿਖੇ ਦਰਜ ਐਫ.ਆਈ.ਆਰ. ਨੰਬਰ 70 ਮਿਤੀ 13/8/2018 ਦੇ ਮੁਦਈ ਤੇ ਤਤਕਾਲੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਪੀ.ਐਸ.ਓ. ਲਖਵੀਰ ਸਿੰਘ ਵਾਸੀ ਮਰਦਾਹੇੜੀ, ਜਿਲਾ ਪਟਿਆਲਾ ਨੇ ਬਿਆਨ ਦਿੱਤਾ ਸੀ ਕਿ ਅਸੀਂ ਭਗਵੰਤ ਮਾਨ ਐਮ ਪੀ ਹਲਕਾ ਲੋਕ ਸਭਾ ਸੰਗਰੂਰ ਨਾਲ ਮਿਤੀ 13-8-2018 ਨੂੰ ਕੁਲਵੰਤ ਸਿੰਘ ਪੰਡੋਰੀ MLA ਹਲਕਾ ਮਹਿਲ ਕਲਾ ਦੇ ਪਿਤਾ ਦੀ ਮੌਤ ਹੋਣ ਪਰ ਸਮੇਤ ਹੋਰ ਗੰਨਮੈਨਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਪਿੰਡ ਪੰਡੋਰੀ ਆਏ ਸੀ।
ਅੰਤਿਮ ਸੰਸਕਾਰ ਹੋਣ ਤੋਂ ਬਾਅਦ ਜਦੋਂ ਭਗਵੰਤ ਮਾਨ ਗੱਡੀ ਵਿੱਚ ਬੈਠ ਕੇ ਰਵਾਨਾ ਹੋਣ ਲੱਗੇ ਤਾਂ ਨਿਰਮਲ ਸਿੰਘ ਨਿੰਮਾ ਸਾਬਕਾ ਸਰਪੰਚ ਵਾਸੀ ਛੀਨੀਵਾਲ ਕਲਾ, ਕਰਮਜੀਤ ਸਿੰਘ ਉੱਪਲ ਵਾਸੀ ਹਰਦਾਸਪੁਰਾ, ਪਰਗਟ ਸਿੰਘ ਵਾਸੀ ਮਹਿਲ ਖੁਰਦ,ਗਗਨ ਸਰਾਂ ਵਾਸੀ ਕੁਰੜ, ਅਮਨਦੀਪ ਸਿੰਘ ਧਾਲੀਵਾਲ ਵਾਸੀ ਟੱਲੇਵਾਲ ਨੇ ਇਕੱਠੇ ਹੋ ਕੇ ਐਮ ਪੀ ਸਾਹਿਬ ਦੀ ਗੱਡੀ ਨੂੰ ਘੇਰ ਲਿਆ ਅਤੇ ਨਾਅਰੇਬਾਜੀ ਕਰਨ ਲੱਗ ਪਏ। ਜਦੋਂ ਮੈਂ ਹੋਰ ਸਾਥੀ ਗੰਨਮੈਨਾਂ ਸਮੇਤ ਲੋਕਲ ਪੁਲਿਸ ਦੀ ਇਮਦਾਦ ਨਾਲ ਇਹਨਾ ਨੂੰ ਪਾਸੇ ਹਟਾਉਣ ਲੱਗਿਆ ਤਾਂ ਉਕਤ ਸਾਰਿਆਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਤੇ ਹੱਥੋਪਾਈ ਹੋ ਗਏ ਤੇ ਮੇਰੇ ਗੱਲ ਵਿੱਚ ਹੱਥ ਪਾ ਕੇ ਪਹਿਨੀ ਹੋਈ ਸਫਾਰੀ ਸੂਟ ਦੀ ਕਮੀਜ ਵੀ ਪਾੜ ਦਿੱਤੀ। ਫਿਰ ਅਸੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਐਮ ਪੀ ਸਾਹਿਬ ਨੂੰ ਬੜੀ ਜੱਦੋ ਜਹਿਦ ਨਾਲ ਲੋਕਲ ਪੁਲਿਸ ਦੀ ਮਦੱਦ ਨਾਲ ਸੁਰੱਖਿਆ ਦੇ ਕਰ ਐਮ ਪੀ ਸਾਹਿਬ ਦੀ ਗੱਡੀ ਨੂੰ ਤੋਰਿਆ ਤੇ ਧੂਰੀ ਸਹਿਰ ਨੂੰ ਚਲੇ ਗਏ।
ਭਗਵੰਤ ਮਾਨ ਨਾਲ ਰਾਇ ਮਸ਼ਵਰਾ ਕਰਕੇ ਕਰਵਾਇਆ ਪਰਚਾ…
ਮੁਦਈ ਮੁਕੱਦਮਾ ਪੀਐਸਓ ਲਖਵੀਰ ਸਿੰਘ ਅਨੁਸਾਰ ਉਨਾਂ ਇਸ ਘਟਨਾਕ੍ਰਮ ਬਾਰੇ ਐਮ ਪੀ ਭਗਵੰਤ ਮਾਨ ਨਾਲ ਡਿਸਕਿਸ ਕੀਤੀ। ਡਿਸਕਿਸ ਕਰਨ ਤੋਂ ਬਾਅਦ ਅਸੀਂ ਵਿਚਾਰ ਕੀਤਾ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣੀ ਵਾਜਿਬ ਹੈ, ਨਹੀਂ ਤਾਂ ਇਹ ਫਿਰ ਵੀ ਇਲਾਕਾ ਵਿੱਚ ਐਮ ਪੀ ਸਾਹਿਬ ਦੀ ਗੱਡੀ ਨੂੰ ਘੇਰ ਕੇ ਕਦੇ ਵੀ ਨੁਕਸਾਨ ਪਹੁੰਚਾ ਸਕਦੇ ਹਨ । ਉਕਤ ਸਾਰੇ ਜਣਿਆਂ ਨੂੰ ਮੈ ਐਮ ਪੀ ਸਾਹਿਬ ਕੋਲ ਆਉਣ ਜਾਣ ਕਰਕੇ ਚੰਗੀ ਤਰਾ ਜਾਣਦਾ ਹਾਂ। ਆਖਿਰ ਉਸ ਨੇ ਐਮਪੀ ਸਾਹਿਬ ਨਾਲ ਰਾਇ ਮਸ਼ਵਰੇ ਤੋਂ ਬਾਅਦ ਪੁਲਿਸ ਨੂੰ ਬਿਆਨ ਦਰਜ ਕਰਵਾਇਆ।ਪੁਲਿਸ ਨੇ ਮੁਦਈ ਮਕੱਦਮਾਂ ਦੇ ਬਿਆਨ ਪਰ, ਨਾਮਜ਼ਦ ਉਕਤ ਪੰਜ ਦੋਸ਼ੀਆਂ ਖਿਲਾਫ ਅਧੀਨ ਜੁਰਮ 353,186,341,147,149 ਆਈਪੀਸੀ ਤਹਿਤ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ ਕਰ ਦਿੱਤਾ।
ਪਹਿਲਾਂ ਦੋਸ਼ੀਆਂ ਨੂੰ ਹੋਈ ਸੀ ਸਜਾ,,
ਵਰਨਣਯੋਗ ਹੈ ਕਿ ਭਗਵੰਤ ਮਾਨ , ਸਾਲ 2022 ਵਿੱਚ ਐਮਪੀ ਤੋਂ ਸੂਬੇ ਦਾ ਮੁੱਖ ਮੰਤਰੀ ਬਣ ਗਿਆ। ਸਰਕਾਰ ਬਣਨ ਦੇ ਕੁੱਝ ਮਹੀਨਿਆਂ ਬਾਅਦ ਹੀ ਮਾਨਯੋਗ ACJM ਕਪਿਲ ਦੇਵ ਸਿੰਗਲਾ ਦੀ ਅਦਾਲਤ ਨੇ 12 ਅਕਤੂਬਰ 2022 ਨੂੰ ਨਾਮਜ਼ਦ ਦੋਸ਼ੀਆਂ ਨੂੰ 3 ਸਾਲ ਦੀ ਸਜਾ ਸੁਣਾ ਦਿੱਤੀ। ਹਮਲੇ ‘ਚ ਨਾਮਜ਼ਦ ਦੋਸ਼ੀ ਰਹੇ ਗਗਨ ਸਰਾਂ ਵਾਸੀ ਕੁਰੜ ਨੇ ਮੌਜੂਦਾ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਚਲੀ ਅਦਾਲਤ ਵੱਲੋਂ ਸੁਣਾਈ ਸਜਾ ਦੀ ਅਪੀਲ, ਉਨਾਂ ਫੌਜਦਾਰੀ ਕੇਸਾਂ ਦੇ ਸੀਨੀਅਰ ਵਕੀਲ, ਐਡਵੋਕੇਟ ਜਤਿੰਦਰ ਬਹਾਦੁਰਪੁਰੀਆ ਰਾਹੀਂ ਮਾਨਯੋਗ ਉੱਚ ਅਦਾਲਤ ਵਿੱਚ 31 ਅਕਤੂਬਰ 2022 ਨੂੰ ਕੀਤੀ ਸੀ।
ਵਕੀਲ ਦੀਆਂ ਦਲੀਲਾਂ ਅੱਗੇ ਨਹੀਂ ਟਿਕ ਸਕੀ ਹਮਲੇ ਦੀ ਕਹਾਣੀ..
ਐਡਵੋਕੇਟ ਜਤਿੰਦਰ ਬਹਾਦੁਰਪੁਰੀਆ ਨੇ ਐਡੀਸ਼ਨਲ ਸੈਸ਼ਨ ਜੱਜ ਵਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਜ਼ੋਰਦਾਰ ਬਹਿਸ ਕਰਦਿਆਂ ਦਲੀਲ ਦਿੱਤੀ ਕਿ ਘਟਨਾ ਬੇਸ਼ੱਕ ਵੱਡੀ ਦਰਸਾਈ ਗਈ ਹੈ, ਪਰੰਤੂ ਐਫ.ਆਈ.ਆਰ. ਤੁਰੰਤ ਦਰਜ ਕਰਵਾਉਣ ਦੀ ਬਜਾਏ, ਭਗਵੰਤ ਮਾਨ ਨਾਲ ਰਾਇ ਮਸ਼ਵਰਾ ਕਰਨ ਉਪਰੰਤ ਕਾਫੀ ਦੇਰੀ ਨਾਲ ਦਰਜ ਕਰਵਾਈ ਗਈ ਸੀ। ਐਫਆਈਆਰ ਵਿੱਚ ਮੁਦਈ ਨੇ ਘਟਨਾ ਦਾ ਕੋਈ ਸਮਾਂ ਹੀ ਦਰਜ ਨਹੀਂ ਕਰਵਾਇਆ ਕਿ ਘਟਨਾ ਕਿੰਨੇ ਵਜੇ ਵਾਪਰੀ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਮੁਦਈ ਨੇ ਨਾਮਜ਼ਦ ਦੋਸ਼ੀਆਂ ਦਾ ਵੱਖੋ ਵੱਖ ਕੋਈ ਜਿਕਰ ਹੀ ਨਹੀਂ ਕੀਤਾ ਕਿ ਉਨਾਂ ਵਿੱਚੋਂ ਕਿਹੜੇ ਵਿਅਕਤੀ ਨੇ ਕੀ ਕੀ ਕੀਤਾ। ਉਨਾਂ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟਾਂ ਦੇ ਵੱਖ ਵੱਖ ਕੇਸਾਂ ਵਿੱਚ ਦਿੱਤੇ ਫੈਸਲਿਆਂ ਦੀ ਤਫਸ਼ੀਲ ਵੀ ਅਦਾਲਤ ਵਿੱਚ ਪੇਸ਼ ਕੀਤੀ, ਜਿੰਨਾਂ ਵਿੱਚ ਸਾਫ ਕਿਹਾ ਗਿਆ ਹੈ ਕਿ ਸੈਕਸ਼ਨ 353/186 ਆਈਪੀਸੀ ਦੇ ਜੁਰਮ ਵਿੱਚ ਐਫਆਈਆਰ ਦਰਜ ਹੀ ਨਹੀਂ ਹੋ ਸਕਦੀ,ਸਿਰਫ ਪ੍ਰਾਈਵੇਟ ਕੰਪਲੇਂਟ ਯਾਨੀ ਅਦਾਲਤ ਵਿੱਚ ਇਸਤਗਾਸਾ ਹੀ ਦਾਇਰ ਕੀਤਾ ਜਾ ਸਕਦਾ ਹੈ।
ਉਨਾਂ ਦਲੀਲ ਦਿੱਤੀ ਕਿ ਦੋਸ਼ੀਆਂ ਖਿਲਾਫ ਲਾਇਆ ਚਾਰਜ ਹੀ ਡੀਫੈਕਟਿਡ ਹੈ। ਮਾਨਯੋਗ ਅਦਾਲਤ ਨੇ ਐਡਵੋਕੇਟ ਜਤਿੰਦਰ ਬਹਾਦੁਰਪੁਰੀਆ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਪੀਲ ਮਨਜੂਰ ਕਰਕੇ, ਨਿਚਲੀ ਅਦਾਲਤ ਵੱਲੋਂ ਸੁਣਾਈ ਸਜਾ ਦੇ ਫੈਸਲੇ ਨੂੰ ਪਲਟਦਿਆਂ ਸਾਰੇ ਦੋਸ਼ੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ। ਕੇਸ ਵਿੱਚੋਂ ਬਰੀ ਹੋਣ ਉਪਰੰਤ ਗਗਨ ਸਰਾਂ ਨੇ ਅਦਾਲਤ ਦੇ ਫੈਸਲੇ ਨੂੰ ਨਿਆਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਦੇਰ ਨਾਲ ਹੀ ਸਹੀ, ਉਨਾਂ ਨੂੰ ਇਨਸਾਫ ਮਿਲਿਆ ਹੈ।
Advertisement

Advertisement

Advertisement

Advertisement

error: Content is protected !!