MP ਮੀਤ ਹੇਅਰ ਨੇ ਗੁਰਦੀਪ ਬਾਠ ਨੂੰ ਦਿੱਤੀ ਚੁਣੌਤੀ ਜੇ ਸੱਚਾ ਹੈ ਤਾਂ…..

Advertisement
Spread information

 

ਹਰਿੰਦਰ ਨਿੱਕਾ, ਬਰਨਾਲਾ 25 ਅਗਸਤ 2025 

    ਲੰਘੇ ਕਰੀਬ ਇੱਕ ਮਹੀਨੇ ਤੋਂ ਟਰੱਕ ਯੂਨੀਅਨ ਬਰਨਾਲਾ ਦੀ ਕੀਮਤੀ ਜਮੀਨ ਕੌੜੀਆਂ ਦੇ ਭਾਅ ਲੀਜ਼ ਤੇ ਦਿੱਤੇ ਜਾਣ ਤੋਂ ਬਾਅਦ ਬਰਨਾਲਾ ਜਿਲ੍ਹੇ ਦੀ ਰਾਜਨੀਤੀ ਵਿੱਚ ਆਇਆ ਉਬਾਲ ਅੱਜ ਬਾਰਿਸ਼ ਨਾਲ ਵੀ ਠੰਡਾ ਨਹੀਂ ਹੋਇਆ। ਸਗੋਂ ਸਾਬਕਾ ਕੈਬਨਿਟ ਮੰਤਰੀ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਵੱਲੋਂ ਅੱਜ ਕੀਤੀ ਪ੍ਰੈਸ ਕਾਨਫਰੰਸ ਤੋਂ ਬਾਅਦ ਹੋਰ ਉਬਾਲੇ ਮਾਰਨ ਲੱਗ ਪਿਆ। ਮੀਤ ਹੇਅਰ ਨੇ ਆਪਣੇ ਕੱਟੜ ਵਿਰੋਧੀ ਤੇ ਪਾਰਟੀ ਤੋਂ ਬਾਗੀ ਹੋ ਚੁੱਕੇ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਬਰਨਾਲਾ, ਗੁਰਦੀਪ ਸਿੰਘ ਬਾਠ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਲਲਕਾਰਿਆ ਕਿ ਜੇ ਤੂੰ ਸੱਚਾ ਹੈ ਤਾਂ ਗੁਰੂਦੁਆਰਾ ਸਾਹਿਬ ਆਪਣੇ ਪੁੱਤ ਨੂੰ ਲੈ ਕੇ ਸੌਹ ਖਾਹ ਕਿ,..

     ਕੀ ਉਸ ਨੇ ਆਪਣੇ ਦੋ ਦੋਸਤਾਂ ਦੀ ਹਾਜ਼ਰੀ ਵਿੱਚ ਬਰਨਾਲਾ ਕਲੱਬ ਵਿੱਚ ਬਹਿ ਕੇ, ਮੈਥੋਂ ਗਲਤੀ ਨਹੀਂ ਸੀ ਮੰਨੀ, ਕੀ ਉਸ ਦੇ ਦੋਸਤਾਂ ਨੇ ਸਾਡੀਆਂ ਦੋਵਾਂ ਦੀਆਂ ਗੱਲਾਂ ਸੁਣਨ ਉਪਰੰਤ ਇਹ ਨਹੀਂ ਸੀ ਕਿਹਾ ਕਿ ਗਲਤੀ ਬਾਠ ਦੀ ਹੈ?

  ਕੀ ਮੈਂ ਉਸ ਨੂੰ ਦੋ ਬਾਰ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਨਹੀਂ ਸੀ ਬਣਾਇਆ ?

  ਕੀ ਉਸ ਨੂੰ ਇਹ ਨਹੀਂ ਪਤਾ ਕਿ ਹਰਿੰਦਰ ਧਾਲੀਵਾਲ ਮੇਰੀ ਮਾਸੀ ਦਾ ਪੁੱਤ ਨਹੀਂ ਹੈ ? 

ਕੀ ਜਦੋਂ ਅਸੀਂ ਕਰੀਬ 7 ਸਾਲ ਇਕੱਠੇ ਰਹੇ, ਕਦੇਂ ਵੀ ਮੈਂ ਉਸਦੇ ਬਿਨਾਂ ਪੁੱਛੇ ਕੋਈ ਵੀ ਕੰਮ ਕੀਤਾ ਜਾਂ ਹਰ ਥਾਂ ਉਸ ਨੂੰ ਸਭ ਤੋਂ ਵਧ ਮੂਹਰੇ ਨਹੀਂ ਰੱਖਿਆ ?

ਕੀ ਕਦੇਂ ਵੀ ਮੈਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੋਈ ਭ੍ਰਿਸ਼ਟਾਚਾਰ ਕੀਤਾ ?

ਕੀ ਹਰਦੀਪ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਮੈਂ ਵਿਰੋਧ ਨਹੀਂ ਸੀ ਕੀਤਾ

 ਮੀਤ ਹੇਅਰ ਦਾ ਬਾਠ ਤੇ ਪਲਟਵਾਰ

   ਟਰੱਕ ਯੂਨੀਅਨ ਦੀ ਜਮੀਨ ਲੀਜ ਤੇ ਦਿੱਤੇ ਜਾਣ ਦੇ ਮਾਮਲੇ ਤੋਂ ਖੁਦ ਨੂੰ ਅਲੱਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਉਸ ਨੇ ਸੌੜੀ ਰਾਜਨੀਤੀ ਕਰਦਿਆਂ ਆਪਣੀ ਚੋਣ ਸਮੇਂ ਪਹਿਲਾਂ ਟਰੱਕ ਆਪਰੇਟਰਾਂ ਨੂੰ ਤੇ ਹੁਣ ਪ੍ਰਧਾਨ ਹਰਦੀਪ ਸਿੱਧੂ ਨੂੰ ਪੌੜੀ ਬਣਾ ਕੇ ਵਰਤਿਆ ਹੈ। ਉਨਾਂ ਕਿਹਾ ਕਿ ਹਰਦੀਪ ਸਿੱਧੂ ਨੇ ਜੋ ਜਮੀਨ ਲੀਜ ਤੇ ਦੇਣ ਦਾ ਕੰਮ ਕੀਤਾ, ਉਹ ਗਲਤ ਹੈ, ਉਸ ਨੂੰ ਅਜਿਹਾ ਫੈਸਲਾ ਕਰਨ ਸਮੇਂ ਟਰੱਕ ਆਪਰੇਟਰਾਂ ਨਾਲ ਗੱਲ ਕਰਨੀ ਚਾਹੀਦੀ ਸੀ। ਮੀਤ ਨੇ ਕਿਹਾ ਕਿ ਜਿਵੇਂ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੱਧੂ ਵਲੋਂ ਇੱਕ ਪੱਤਰਕਾਰ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਵਲੋਂ ਮੈਨੂੰ ਫੋਨ ਕੀਤੇ ਗਏ ਹਨ ਤੇ ਮੈਂ ਫੋਨ ਨਹੀਂ ਚੁੱਕਿਆ, ਇਹ ਬਿਲਕੁਲ ਗਲਤ ਹੈ, ਕਿਉਂਕਿ 24 ਅਪ੍ਰੈਲ ਤੋਂ ਬਾਅਦ ਹਰਦੀਪ ਸਿੰਘ ਸਿੱਧੂ ਦਾ ਮੈਨੂੰ ਕੋਈ ਫੋਨ ਹੀ ਨਹੀਂ ਆਇਆ ਅਤੇ ਨਾ ਹੀ ਮੈਨੂੰ ਇਸ ਮਾਮਲੇ ਸਬੰਧੀ ਉਸ ਵਲੋਂ ਮੈਨੂੰ ਕਦੇ ਕੋਈ ਜਾਣਕਾਰੀ ਦਿੱਤੀ ਗਈ ਹੈ।                                         

   ਪਰ ਇਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਕੀਤੀ ਪੜਤਾਲ ਦੌਰਾਨ ਜੋ ਮੈਨੂੰ ਪਤਾ ਲੱਗਿਆ ਹੈ ਕਿ ਟਰੱਕ ਯੂਨੀਅਨ ਦੀ ਜਗ੍ਹਾ ਉਪਰ ਪੈਟਰੋਲ ਪੰਪ ਲਗਾਉਣ ਸਬੰਧੀ ਮਿਤੀ 14 ਜੂਨ ਨੂੰ ਇੱਕ ਇਕਰਾਰਨਾਮਾ ਲਿਖਿਆ ਗਿਆ ਸੀ ਅਤੇ ਉਹ 16 ਜੂਨ ਨੂੰ ਹੀ ਉਸ ਨੂੰ ਰੱਦ ਵੀ ਕਰਵਾ ਦਿੱਤਾ ਗਿਆ ਸੀ। ਮੀਤ ਹੇਅਰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਕੋਈ ਠੋਸ ਜੁਆਬ ਨਹੀਂ ਦੇ ਸਕੇ, ਉਹ ਜੋਰਦਾਰ ਢੰਗ ਨਾਲ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਵੀ ਗੱਲ ਨਹੀਂ ਕਹਿ ਸਕੇ। ਉਨਾਂ ਦਬੀ ਜੁਬਾਨ ਨਾਲ ਇਹ ਕਹਿ ਕੇ ਪੱਲਾ ਛੁਡਾਇਆ ਕਿ ਇਸ ਮਾਮਲੇ ਦੀ ਜਾਂਚ ਲਈ, ਉਹ ਡਿਪਟੀ ਕਮਿਸ਼ਨਰ ਨੂੰ ਕਹਿਣਗੇ। ਵਰਨਣਯੋਗ ਹੈ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੱਧੂ ਨੇ 16 ਜੂਨ 2025 ਨੂੰ ਟਰੱਕ ਯੂਨੀਅਨ ਦੀ ਅੱਧੇ ਕਿੱਲੇ ਤੋਂ ਵੱਧ ਜਮੀਨ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸੰਗਰੂਰ ਨੂੰ ਸਿਰਫ 6500 ਰੁਪਏ ਸਲਾਨਾ ਤੇ 35 ਸਾਲ ਲਈ ਲੀਜ ਤੇ ਦੇ ਦਿੱਤੀ ਸੀ। ਜਦੋਂ ਇਹ ਮਾਮਲੇ ਨੇ ਤੂਲ ਫੜਿਆ ਤਾਂ ਉਨਾਂ ਚੁੱਪ ਚਪੀਤੇ 1 ਅਗਸਤ ਨੂੰ ਇਹ ਲੀਜ ਡੀਡ ਕੈਂਸਲ ਵੀ ਕਰ ਦਿੱਤੀ ਸੀ। ਇਸ ਮੁੱਦੇ ਤੇ ਗੁਰਦੀਪ ਬਾਠ ਨੇ ਐਮਪੀ ਮੀਤ ਹੇਅਰ ਦੀ ਭੂਮਿਕਾ ਤੇ ਸਵਾਲ ਖੜ੍ਹੇ ਕੀਤੇ ਸਨ। ਜਦੋਂ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਹਟਾਏ ਜਾਣ ਦੀ ਗੱਲ ਚੱਲੀ ਤਾਂ ਉਨਾਂ ਜਮੀਨ ਲੀਜ਼ ਤੇ ਦੇਣ ਦਾ ਪੂਰਾ ਠੁਣਾ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਰ ਦੇ ਸਿਰ ਭੰਨ ਕੇ ਖੁਦ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ। ਜਦੋਂਕਿ ਹਸਨਪ੍ਰੀਤ ਭਾਰਦਵਾਜ ਨੇ ਵੀ ਖੁਦ ਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। 

ਮੀਤ ਨੇ ਕਿਹਾ.! ਮੈਨੂੰ ਕਿਸੇ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ..   

       ਮੀਤ ਹੇਅਰ ਵਲੋਂ ਪ੍ਰੈਸ ਕਾਨਫਰੰਸ ‘ਚ ਵਿਰੋਧੀ ਗੁਰਦੀਪ ਬਾਠ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਹ ਹਰ ਗੱਲ ਵਿਚ ਮੇਰਾ ਨਾਮ ਲੈ ਕੇ ਆਪਣਾ ਰਾਜਨੀਤਕ ਅਕਸ ਵੱਡਾ ਕਰਨਾ ਚਾਹੁੰਦਾ ਹੈ ਅਤੇ ਸ਼ੋਸ਼ਲ ਮੀਡੀਆ ਉਪਰ ਵੱਧ ਤੋਂ ਵੱਧ ਵਿਊਜ਼ ਲੈਣਾ ਚਾਹੁੰਦਾ ਹੈ। ਪਰੰਤੂ ਉਹ ਕਦੇ ਵੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਤੇ ਗਲਤ ਨੀਤੀਆਂ ਦੇ ਖਿਲਾਫ ਮੂੰਹੋਂ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਦਾ। ਮੀਤ ਨੇ ਕਿਹਾ ਮੈਂ ਹਮੇਸ਼ਾਂ ਅਸੂਲਾਂ ਦੀ ਰਾਜਨੀਤੀ ਕੀਤੀ ਹੈ ਅਤੇ ਆਪਣੇ ਅਸੂਲਾਂ ਦੇ ਖਿਲਾਫ਼ ਕਦੇ ਕੋਈ ਕੰਮ ਨਹੀਂ ਕੀਤਾ। ਬਾਠ ਦੀ ਘਰਵਾਲੀ ਨੇ ਜਿਮਨੀ ਚੋਣ ਵਿੱਚ ਸਰਕਾਰੀ ਮੁਲਾਜਮ ਹੁੰਦਿਆਂ ਚੋਣ ਪ੍ਰਚਾਰ ਕੀਤਾ, ਪਰ ਮੈਂ ਉਸ ਦੀ ਚੋਣ ਕਮਿਸ਼ਨ ਕੋਲ ਕੋਈ ਸ਼ਕਾਇਤ ਤੱਕ ਨਹੀਂ ਕੀਤੀ, ਕਿਉਂਕਿ ਅਜਿਹੀ ਹੋਛੀ ਰਾਜਨੀਤੀ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ।           ਉਨਾਂ ਕਿਹਾ ਕਿ ਯੂਨੀਅਨ ਦੀ ਜਮੀਨ ਦੇ ਮਾਮਲੇ ਵਿਚ ਗੁਰਦੀਪ ਸਿੰਘ ਬਾਠ ਵਲੋਂ ਬਿਨਾਂ ਕਿਸੇ ਅਧਾਰ ਅਤੇ ਤੱਥਾਂ ਤੋਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਆਪਣੀ ਇਮਾਨਦਾਰੀ ਸਬੰਧੀ ਮੈਨੂੰ ਕਿਸੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਕਿਉਂਕਿ ਜਦੋਂ ਤੋਂ ਮੈਂ ਰਾਜਨੀਤੀ ਵਿਚ ਆਇਆ ਹਾਂ ਅਤੇ ਵਿਧਾਇਕ ਤੋਂ ਬਾਅਦ ਕੈਬਨਿਟ ਮੰਤਰੀ ਅਤੇ ਹੁਣ ਸੰਸਦ ਮੈਂਬਰ ਬਣਨ ਤੱਕ ਕੋਈ ਵੀ ਠੇਕੇਦਾਰ, ਕਾਲੋਨਾਈਜ਼ਰ ਅਤੇ ਅਫ਼ਸਰ ਇਹ ਨਹੀਂ ਕਹਿ ਸਕਦਾ ਹੈ ਕਿ ਮੀਤ ਹੇਅਰ ਨੇ ਉਨ੍ਹਾਂ ਤੋਂ ਕੋਈ ਪੈਸਾ ਲਿਆ ਹੋਵੇ ਜਾਂ ਕੋਈ ਪੰਜੀ ਦੀ ਵੀ ਵਗਾਰ ਪਾਈ ਹੋਵੇ। 

       ਮੀਤ ਹੇਅਰ ਨੇ ਇੱਥੋਂ ਤੱਕ ਕਿਹਾ ਕਿ ਕੈਬਨਿਟ ਮੰਤਰੀ ਹੁੰਦਿਆਂ ਉਨ੍ਹਾਂ ਨਾਲ 20 ਦੇ ਲਗਭਗ ਆਈ.ਏ.ਐਸ. ਅਧਿਕਾਰੀਆਂ ਨੇ ਕੰਮ ਕੀਤਾ ਹੈ ਜੋ ਪ੍ਰਿੰਸੀਪਲ ਸਕੱਤਰ ਬਣਕੇ ਸੇਵਾ ਮੁਕਤ ਹੋਣਗੇ, ਜੇਕਰ ਉਨ੍ਹਾਂ ਵਿਚੋਂ ਕੋਈ ਵੀ ਇਹ ਕਹਿ ਦੇਵੇ ਕਿ ਮੀਤ ਹੇਅਰ ਨੇ ਕੋਈ ਕੁਰੱਪਸ਼ਨ ਕੀਤੀ ਹੈ ਜਾਂ ਉਨ੍ਹਾਂ ਤੋਂ ਕੋਈ ਪੈਸਾ ਲਿਆ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਗੁਰਦੀਪ ਬਾਠ ਨੂੰ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਤੇ ਇੱਕ ਵਾਰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ। ਜੇਕਰ ਮੇਰੇ ਮਨ ਵਿਚ ਗੁਰਦੀਪ ਬਾਠ ਪ੍ਰਤੀ ਕੋਈ ਮੈਲ ਹੁੰਦੀ ਤਾਂ ਮੈਂ ਇਸ ਨੂੰ ਕਦੇ ਵੀ ਜ਼ਿਲ੍ਹਾ ਪ੍ਰਧਾਨ ਜਾਂ ਚੇਅਰਮੈਨ ਨਾ ਬਣਨ ਦਿੰਦਾ। ਲੇਕਿਨ ਟਰੱਕ ਯੂਨੀਅਨ ਦੇ ਮਾਮਲੇ ਵਿਚ ਗੁਰਦੀਪ ਸਿੰਘ ਬਾਠ ਵਲੋਂ ਨਿਚਲੇ ਪੱਧਰ ਦੀ ਰਾਜਨੀਤੀ ਕਰਨ ਲਈ ਜਿਸ ਢੰਗ ਨਾਲ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਟਰੱਕ ਆਪਰੇਟਰਾਂ ਨੂੰ ਪੌੜੀ ਬਣਾਇਆ ਗਿਆ ਹੈ ਤੇ ਉਨ੍ਹਾਂ ਉਪਰ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਉਹ ਸ਼ੋਭਾ ਨਹੀਂ ਦਿੰਦੇ। 

     ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਗੁਰਦੀਪ ਸਿੰਘ ਰਾਮਣਵਾਸੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਜੌਂਟੀ ਮਾਨ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਬਲਾਕ ਪ੍ਰਧਾਨ ਅਮਨ ਕਾਲਾ, ਮਲਕੀਤ ਸਿੰਘ ਸੰਘੇੜਾ, ਹਰਦੇਵ ਸਿੰਘ ਕਾਲਾ, ਰੋਹਿਤ ਓਸ਼ੋ, ਲਵਪ੍ਰੀਤ ਦੀਵਾਨਾ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!