ਹਾਈਕੋਰਟ ‘ਚੋਂ ਠੇਕੇਦਾਰਾਂ ਨੂੰ ਝਟਕਾ, ਰੱਦ ਟੈਂਡਰ ਬਹਾਲ ਕਰਵਾਉਣ ਪਹੁੰਚੇ ਸੀ ਹਾਈਕੋਰਟ

Advertisement
Spread information

ਵੀਡੀਓ ਕਾਨਫਰੰਸਿੰਗ ਤੇ ਹਾਈਕੋਰਟ ‘ਚ ਪ੍ਰਧਾਨ ਨੇ ਰੱਖਿਆ ਆਪਣਾ ਪੱਖ 

ਹਰਿੰਦਰ ਨਿੱਕਾ, ਚੰਡੀਗੜ੍ਹ 31 ਜੁਲਾਈ 2025

      ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਕੁੱਝ ਦਿਨ ਪਹਿਲਾਂ ਰੱਦ ਕੀਤੇ ਕਰੋੜਾਂ ਰੁਪਏ ਦੇ ਟੈਂਡਰ ਬਹਾਲ ਕਰਵਾਉਣ ਪਹੁੰਚੇ ਠੇਕੇਦਾਰਾਂ ਨੂੰ ਅੱਜ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਟੈਂਡਰਾਂ ਦੀ ਬਹਾਲੀ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਨਗਰ ਕੌਂਸਲ ਦੇ ਠੇਕੇਦਾਰਾਂ ਵੱਲੋਂ ਦਾਇਰ ਰਿੱਟ ਪਟੀਸ਼ਨ ਤੇ ਅੱਜ ਹੋਈ ਸੁਣਵਾਈ ਦੌਰਾਨ ਪ੍ਰਧਾਨ ਰਾਮਣਵਾਸੀਆ ਦੀ ਤਰਫੋਂ ਸੀਨੀਅਰ ਐਡਵੋਕੇਟ ਪਵਨ ਕੁਮਾਰ ਵੱਲੋਂ ਵੀ ਪੇਸ਼ ਹੋ ਕੇ ਪ੍ਰਧਾਨ ਦਾ ਪੱਖ ਬਾ ਦਲੀਲ ਰੱਖਿਆ ਗਿਆ। ਸੁਣਵਾਈ ਦੌਰਾਨ ਵਕੀਲ ਨੇ ਪ੍ਰਧਾਨ ਨੂੰ ਵੀਡੀਓ ਕਾਨਫਰੰਸ ਰਾਹੀਂ ਸ਼ਾਮਿਲ ਕੀਤਾ। ਮਾਨਯੋਗ ਹਾਈਕੋਰਟ ਦੇ ਜਸਟਿਸ ਨੂੰ ਪ੍ਰਧਾਨ ਨੇ ਦੱਸਿਆ ਕਿ ਹਾਲੇ ਤੱਕ ਟੈਂਡਰ ਰੱਦ ਕਰਨ ਦਾ ਪ੍ਰੋਸੈਸ ਪੈਂਡਿੰਗ ਹੈ, ਠੇਕੇਦਾਰਾਂ ਵੱਲੋਂ ਨੈਗੋਸੀਏਸ਼ਨ ਜਾਰੀ ਹੈ। ਜਦੋਂਕਿ ਇਸ ਤੋਂ ਪਹਿਲਾਂ ਟੈਂਡਰ 30 ਤੋਂ 35 ਪ੍ਰਤੀਸ਼ਤ ਲੈਸ ਤੇ ਦਿੱਤੇ ਜਾਂਦੇ ਰਹੇ ਹਨ। ਪਰੰਤੂ ਇਸ ਵਾਰ ਠੇਕੇਦਾਰਾਂ ਨੇ ਸਿਰਫ ਚਾਰ ਤੋਂ ਦਸ ਪ੍ਰਤਿਸ਼ਤ ਲੈਸ ਤੇ ਹੀ ਟੈਂਡਰ ਪਾਏ ਗਏ ਹਨ, ਠੇਕੇਦਾਰਾਂ ਵੱਲੋਂ ਟੈਂਡਰ 20 ਪ੍ਰਤੀਸ਼ਤ ਲੈਸ ਤੇ ਲੈਣ ਲਈ ਨੈਗੋਸੀਏਸ਼ਨ ਜਾਰੀ ਹੈ। ਮਾਨਯੋਗ ਜਸਟਿਸ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ। ਇਸ ਦੀ ਪੁਸ਼ਟੀ ਨਗਰ ਕੌਂਸਲ ਦੇ ਪ੍ਰਧਾਨ ਰਾਮਣਵਾਸੀਆ ਨੇ ਖੁਦ ਵੀ ਕੀਤੀ।

      ਵਰਨਣਯੋਗ ਹੈ ਕਿ ਸ਼ਹਿਰ ਦੇ ਵਿਕਾਸ ਕੰਮਾਂ ਲਈ ਨਗਰ ਕੌਂਸਲ ਬਰਨਾਲਾ ਵੱਲੋਂ ਕਰੀਬ 23 ਕਰੋੜ ਰੁਪਏ ਦੇ ਲਾਏ ਟੈਂਡਰ ਰੱਦ ਕਰਨ ਲਈ ਜ਼ਾਰੀ ਦਫਤਰੀ ਹੁਕਮ, ਕੌਂਸਲ ਪ੍ਰਧਾਨ ਰਾਮਣਵਾਸੀਆ ਦੇ ਦਸਤਖਤਾਂ ਹੇਠ 17 ਜੁਲਾਈ ਨੂੰ ਜ਼ਾਰੀ ਹੋਇਆ ਸੀ। ਇਸ ਸਬੰਧੀ ਪ੍ਰਧਾਨ ਰਾਮਣਵਾਸੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਉਹ ਕਿਸੇ ਵੀ ਹਾਲਤ ਵਿੱਚ ਨਗਰ ਕੌਂਸਲ ਦੇ ਫੰਡਾਂ ਨੂੰ ਲੁੱਟਣ ਦੀ ਇਜ਼ਾਜਤ ਨਹੀਂ ਦੇਣਗੇ, ਭਾਂਵੇ ਉਨਾਂ ਨੂੰ ਅਜਿਹਾ ਕਰਨ ਬਦਲੇ ਕੋਈ ਵੀ ਖਾਮਿਆਜਾ ਕਿਉਂ ਨਾ ਭੁਗਤਣਾ ਪਵੇ।

ਦਫਤਰੀ ਹੁਕਮਾਂ ‘ਚ ਲਿਖਿਆ ਸੀ ਕਿ…

   ਦਫਤਰ ਨਗਰ ਕੌਂਸਲ ਬਰਨਾਲਾ ਵੱਲੋਂ ਪਿਛਲੇ ਦਿਨੀ ਲਗਾਏ ਗਏ ਵਿਕਾਸ ਦੇ ਕੰਮਾਂ ਦੇ ਟੈਂਡਰ ਜੋ ਮਿਤੀ 12.06.2025 ਨੂੰ ਖੋਲ੍ਹੇ ਜਾਣੇ ਸਨ। ਇਹਨਾਂ ਵਿਚੋਂ ਕੁਝ ਟੈਂਡਰ ਤਕਨੀਕੀ ਬਿੱਡ ਚੈਕ ਕਰਨ ਉਪਰੰਤ ਮਿਤੀ 07.07.2025 ਨੂੰ ਖੋਲ੍ਹੇ ਗਏ ਅਤੇ ਕੁੱਝ ਟੈਂਡਰਾਂ ਨੂੰ ਦਸਤਾਵੇਜਾਂ ਦੀ ਘਾਟ ਕਾਰਨ 7 ਦਿਨਾਂ ਦਾ ਸਮਾਂ ਦੇਣ ਉਪਰੰਤ ਇਹ ਟੈਂਡਰ ਮਿਤੀ 16.07.2025 ਨੂੰ ਖੋਲ੍ਹੇ ਜਾਣੇ ਸਨ।

     ਇਹਨਾਂ ਟੈਂਡਰਾਂ ਸਬੰਧੀ ਸ਼ਹਿਰ ਵਿਚੋਂ ਸਿਕਾਇਤਾਂ ਪ੍ਰਾਪਤ ਹੋ ਰਹੀਆ ਹਨ ਕਿ ਸ਼ਹਿਰ ਬਰਨਾਲਾ ਦੇ ਠੇਕੇਦਾਰਾਂ ਵੱਲੋਂ ਇਹ ਟੈਂਡਰ ਆਪਸੀ ਤਾਲਮੇਲ ਕਰਕੇ ਪੂਲ ਕੀਤੇ ਗਏ ਹਨ। ਇਹ ਟੈਂਡਰਾਂ ਦੀ ਵਿੱਤੀ ਬਿੱਡ ਖੁੱਲ੍ਹਣ ਉਪਰੰਤ, ਕੰਪੈਰੇਟਿਵ ਸਟੇਟਮੈਂਟ ਦੇਖਣ ਉਪਰੰਤ ਇਹ ਜਾਪਦਾ ਹੈ ਕਿ ਇਹ ਟੈਂਡਰ ਸ਼ਹਿਰ ਬਰਨਾਲਾ ਦੇ ਠੇਕੇਦਾਰਾਂ ਵੱਲੋਂ ਅਪਣੇ ਪੱਧਰ ਤੇ ਤਾਲਮੇਲ ਕਰਕੇ ਪੂਲ ਕੀਤੇ ਹੋਏ ਹਨ । ਕਿਉਂਕਿ ਪਿਛਲੇ 1 ਸਾਲ ਦੌਰਾਨ ਬਰਨਾਲਾ ਸ਼ਹਿਰ ਦੇ ਠੇਕੇਦਾਰਾਂ ਵੱਲੋਂ ਇੰਟਰਲਾਕ ਟਾਇਲਾਂ ਦੇ ਟੈਂਡਰਾਂ ਵਿਚ 25% ਤੋਂ 35% ਲੈੱਸ ਪਾਇਆ ਗਿਆ ਹੈ ਜਦੋਂਕਿ ਇਹਨਾਂ ਟੈਂਡਰਾਂ ਵਿੱਚ 4% ਤੋਂ 10% ਤੱਕ ਪਾਇਆ ਗਿਆ ਹੈ। ਇਸ ਕਰਕੇ ਪ੍ਰਧਾਨ ਨਗਰ ਕੌਂਸਲ ਵੱਲੋਂ ਇਹ ਹੁਕਮ ਪਾਸ ਕੀਤਾ ਜਾਂਦਾ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਵਿਕਾਸ ਕੰਮਾਂ ਦੇ ਟੈਂਡਰ ਜੋ ਮਿਤੀ 7.07.2025 ਨੂੰ ਖੋਲ੍ਹੇ ਗਏ ਅਤੇ ਬਕਾਇਆ ਰਹਿੰਦੇ ਕੰਮ 16.07.2025 ਨੂੰ ਖੋਲ੍ਹੇ ਜਾਣੇ ਸਨ, ਨੂੰ ਰੱਦ /ਕੈਂਸਲ ਕਰ ਦਿੱਤੇ ਜਾਣ ਅਤੇ ਇਹਨਾਂ ਟੈਂਡਰਾਂ ਨੂੰ ਨਵੇਂ ਸਿਰੇ ਤੋਂ ਈ-ਟੈਂਡਰ ਪ੍ਰਣਾਲੀ ਰਾਹੀਂ ਲਗਾਏ ਜਾਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। 

   ਭਰੋਸੇਯੋਗ ਸੂਤਰਾਂ ਅਨੁਸਾਰ ਟੈਂਡਰਾਂ ਦਾ ਪੂਲ ਕਰਨ ਲਈ 2 ਕਰੋੜ 60 ਲੱਖ ਰੁਪਏ ਦਾ ਕਥਿਤ ਸੌਦਾ ਹੋਇਆ ਸੀ। ਜਿਸ ਕਾਰਣ, ਠੇਕੇਦਾਰਾਂ ਨੇ ਨਿਗੂਣੇ ਰੇਟਾਂ ਤੇ ਟੈਂਡਰ ਪਾਏ ਸਨ। ਹੁਣ ਸਭ ਦੀਆਂ ਨਜ਼ਰਾਂ ਪ੍ਰਧਾਨ ਦੇ ਅਗਲੇ ਰੁਖ ਤੇ ਟਿਕੀਆਂ ਹੋਈਆਂ ਹਨ।

Advertisement
Advertisement
Advertisement
Advertisement
error: Content is protected !!