‘ਤੇ ਬਾਠ ਨੇ ਘੇਰਿਆ ਮੀਤ, ਮਿਹਣੋ-ਮਿਹਣੀ ਹੋਏ ਟਰੱਕ ਯੂਨੀਅਨ ਪ੍ਰਧਾਨ ਤੇ ਓਪਰੇਟਰ..!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 30 ਜੁਲਾਈ 2025

      ਟਰੱਕ ਯੂਨੀਅਨ ਬਰਨਾਲਾ ਦੀ ਕਰੋੜਾਂ ਰੁਪਏ ਕੀਮਤ ਦੀ ਵਪਾਰਿਕ ਜਗ੍ਹਾ ਕਰੀਬ ਡੇਢ ਮਹੀਨਾ ਪਹਿਲਾਂ, ਗੰਡਤੁੱਪ ਕਰਕੇ, ਚੁੱਪ-ਚਪੀਤੇ ਆਪਣੇ ਕਰੀਬੀਆਂ ਨੂੰ ਕੌੜੀਆਂ ਦੇ ਭਾਅ ਲੀਜ਼ ਤੇ ਦੇਣ ਦਾ ਮਾਮਲਾ ਬਾਹਰ ਆਉਣ ਤੋਂ ਬਾਅਦ ਕਾਫੀ ਸਮੇਂ ਤੋਂ ਸ਼ਾਂਤ ਪਈ ਹਲਕੇ ਦੀ ਰਾਜਸੀ ਹਵਾ ‘ਚ ਤੂਫਾਨ ਆ ਗਿਆ ਹੈ। ਇਸ ਬਹੁਕਰੋੜੀ ਜਮੀਨੀ ਘੁਟਾਲੇ ਦੇ ਮੁੱਦੇ ਨੇ ਆਪਣੀ ਚਿੱਟੀ ਚਾਦਰ ਕਾਇਮ ਰੱਖਣ ਦਾ ਹਮੇਸ਼ਾ ਦਮ ਭਰਦੇ ਆ ਰਹੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਤੇ ਵੀ ਭ੍ਰਿਸ਼ਟਾਚਾਰ ਦਾ ਦਾਗ ਲਗਾ ਦਿੱਤਾ। ਇਸ ਮਾਮਲੇ ਨੂੰ ਲੈ ਕੇ, ਅੱਜ ਆਮ ਆਦਮੀ ਪਾਰਟੀ ਦੇ  ਲੀਡਰ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਕੁੱਝ ਓਪਰੇਟਰ ਮਿਹਣੋ-ਮਿਹਣੀ ਹੋ ਗਏ। ਇਲਾਕੇ ਦੇ ਭਖਦੇ ਮੁੱਦੇ ਨੂੰ ਮੀਤ ਹੇਅਰ ਦੇ ਰਾਜਸੀ ਸ਼ਰੀਕ ਬਣ ਕੇ ਉਭਰੇ ਗੁਰਦੀਪ ਸਿੰਘ ਬਾਠ ਨੇ ਵੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ,ਉਭਾਰਿਆ, ਉਨਾਂ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਬਹਾਨੇ ਮੀਤ ਹੇਅਰ ਨੂੰ ਵੀ ਲਪੇਟੇ ਵਿੱਚ ਲੈ ਲਿਆ।

ਭ੍ਰਿਸ਼ਟਾਚਾਰ ਨਹੀਂ, ਇਹ ਕੁਰਸੀ ਹਥਿਆਉਣ ਦਾ ਮੁੱਦਾ- ਸਿੱਧੂ

      ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਦੀ ਇੰਚ ਜਮੀਨ ਵੀ ਵੇਚੀ ਨਹੀਂ ਗਈ, ਉਲਟਾ ਉਨਾਂ ਸਵਾਲ ਕੀਤਾ ਕਿ ਕੋਈ ਕਿਸੇ ਸੰਸਥਾ ਦੀ ਟੁੱਟੀ ਹੋਈ ਕੁਰਸੀ ਵੀ ਵੇਚ ਨਹੀਂ ਸਕਦਾ। ਉਨਾਂ ਕਿਹਾ ਕਿ ਕੁੱਝ ਆਪਰੇਟਰ ਇਸ ਮੁੱਦੇ ਨੂੰ ਬੇਵਜ਼੍ਹਾ ਤੂਲ ਦੇ ਕੇ, ਪ੍ਰਧਾਨਗੀ ਦੀ ਕੁਰਸੀ ਤੇ ਕਾਬਿਜ ਹੋਣ ਨੂੰ ਫਿਰਦੇ ਹਨ। ਜਦੋਂਕਿ ਉਹ ਖੁਦ ਹੀ ਡਿਫਾਲਟਰ ਕਿਸਮ ਦੇ ਹਨ। ਬੇਸ਼ੱਕ ਪ੍ਰਧਾਨ ਸਿੱਧੂ ਨੇ ਯੂਨੀਅਨ ਦੀ ਕੋਈ ਵੀ ਜਮੀਨ ਨਾ ਵੇਚੇ ਜਾਣ ਦਾ ਦਾਅਵਾ ਕੀਤਾ, ਪਰੰਤੂ ਨਾਲ ਹੀ ਉਹ ਇਹ ਵੀ ਕਹਿ ਗਏ ਕਿ ਬਿਨਾਂ ਯੂਨੀਅਨ ਦੇ ਮਤੇ ਤੋਂ ਕੌਣ ਸੰਸਥਾ ਦੀ ਜਗ੍ਹਾ ਕਿਸੇ ਨੂੰ ਦੇ ਸਕਦਾ ਹੈ।  ਉਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਇਹ ਪੂਰਾ ਮਾਮਲਾ ਐਮਪੀ ਮੀਤ ਹੇਅਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨਾਂ ਤੈਸ਼ ਵਿੱਚ ਆ ਕੇ ਕਿਹਾ ਕਿ ਜੇਕਰ ਜਮੀਨ ਮਾਮਲੇ ਵਿੱਚ ਮੇਰੀ ਕੋਈ ਭੂਮਿਕਾ ਸਾਬਿਤ ਹੋ ਜਾਵੇ ਤਾਂ ਮੈਂ ਪ੍ਰਧਾਨਗੀ ਛੱਡ ਦਿਆਂਗਾ। ਉੱਧਰ ਜਦੋਂ ਉਹ ਆਪਣੇ ਦਫਤਰ ਵਿੱਚ ਮੀਡੀਆ ਨੂੰ ਮੁਖਾਤਿਬ ਹੋ ਰਹੇ ਸਨ, ਉਸ ਸਮੇਂ ਦਫਤਰ ਦੇ ਬਾਹਰ ਸੈਂਕੜਿਆਂ ਦੀ ਗਿਣਤੀ ਵਿੱਚ ਆਪਰੇਟਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਰੋਹ ਵਿੱਚ ਆਏ ਓਪਰੇਟਰਾਂ ਨੇ ਐਲਾਨ ਕੀਤਾ ਕਿ ਓਪਰੇਟਰ ਦੇ ਖੂਨ ਪਸੀਨੇ ਨਾਲ ਲਈ ਜਗ੍ਹਾ ਨੂੰ ਉਹ ਕਿਸੇ ਵੀ ਹਾਲਤ ਵਿੱਚ ਅਜਾਈਂ ਨਹੀਂ ਜਾਣ ਦੇਣਗੇ।

ਜਮੀਨ ਘੁਟਾਲੇ ਤੇ ਚੁੱਪ ਕਿਉਂ ਬੈਠਾ ਐ ਮੀਤ ਹੇਅਰ-ਗੁਰਦੀਪ ਬਾਠ

      ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਰਾਜਸੀ ਵਿਰੋਧੀ ਗੁਰਦੀਪ ਬਾਠ ਨੇ ਆਪਣੇ ਘਰ ਸੱਦੀ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਟਰੱਕ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਗ੍ਹਾ ਕੌੜੀਆਂ ਦੇ ਭਾਅ ਲੀਜ ਤੇ ਆਪਣੇ ਚਹੇਤਿਆਂ ਨੂੰ ਦੇਣ ਦਾ ਮਾਮਲਾ ਬਹੁਤ ਗੰਭੀਰ ਹੈ। ਇਸ ਕਮਰਸ਼ੀਅਲ ਜਗ੍ਹਾ ਦੀ ਬਾਜਾਰੀ ਕੀਮਤ ਕਰੀਬ 10 ਕਰੋੜ ਹੈ, ਜਿਸ ਨੂੰ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਬਕਾਇਦਾ 16 ਜੂਨ 2025 ਨੂੰ ਰਜਿਸਟਰਡ  ਪਟਾ ਨਾਮਾ ਲਿਖ ਕੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸਰਦਾਰ ਬਸਤੀ, ਸੰਗਰੂਰ ਦੇ ਨਾਮ 6500 ਰੁਪਏ ਸਲਾਨਾ ਦੇ ਹਿਸਾਬ ਨਾਲ 20 ਸਾਲ ਲਈ ਕਰ ਦਿੱਤਾ ਹੈ। ਪਟੇ ਨਾਮੇ ਵਿੱਚ ਇਹ ਵੀ ਛੋਟ ਦਿੱਤੀ ਗਈ ਹੈ ਕਿ ਇਹ ਜਗ੍ਹਾ ਦੀ ਲੀਜ ਦੀ ਮਿਆਦ ਪੂਰੀ ਹੋਣ ਉਪਰੰਤ ਜੇਕਰ ਮਨਜੀਤ ਕੌਰ ਚਾਹੇ ਤਾਂ ਪਟਾਨਾਮਾ 15 ਸਾਲ ਲਈ ਹੋਰ ਵਧਾਇਆ ਜਾ ਸਕਦਾ ਹੈ। ਬਾਠ ਨੇ ਕਿਹਾ ਕਿ 16 ਜੂਨ ਨੂੰ ਪਟਾ ਨਾਮਾ ਰਜਿਸਟਰ ਕਰਵਾਇਆ, ਬਹੁਤ ਫੁਰਤੀ ਨਾਲ ਇਸ ਦਾ ਇੰਤਕਾਲ 20 ਜੂਨ ਨੂੰ ਸਿਰਫ ਤਿੰਨ ਦਿਨ ਬਾਅਦ ਹੀ ਮਨਜੀਤ ਕੌਰ ਦੇ ਨਾਮ ਇੰਤਕਾਲ ਵੀ ਦਰਜ ਕਰਵਾ ਦਿੱਤਾ ਗਿਆ।

ਪਟਾ ਨਾਮਾ ਸਾਹਮਣੇ ਐ, ਹੋਰ ਕੀ ਸਬੂਤ ਭਾਲਦੈ ਪ੍ਰਧਾਨ

    ਬਾਠ ਨੇ ਮੀਤ ਹੇਅਰ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਦੋਸ਼ ਲਾਇਆ ਕਿ ਹਰਦੀਪ ਸਿੱਧੂ ਤਾਂ ਫੋਟੋ ਖਿਚਵਾਉਣ ਹੀ ਗਿਆ ਸੀ, ਇਸ ਦੇ ਪਿੱਛੇ ਤਾਂ ਮੀਤ ਹੇਅਰ ਹੀ ਹੈ,ਜਿਸ ਦੀ ਮਰਜੀ ਤੋਂ ਬਿਨਾਂ ਜਿਲ੍ਹੇ ਅੰਦਰ ਪੱਤਾ ਵੀ ਨਹੀਂ ਹਿਲਦਾ। ਉਨਾਂ ਕਿਹਾ ਕਿ ਪ੍ਰਧਾਨ ਸਿੱਧੂ ਨੂੰ ਪਟੇ ਨਾਮੇ ਸਬੰਧੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਕੀ ਇਹ ਫਰਜੀ ਹੈ, ਜੇਕਰ ਫਰਜੀ ਹੈ ਤਾਂ ਉਨਾਂ ਨੂੰ ਫਰਜੀ ਪਟਾ ਨਾਮਾ ਕਰਵਾਉਣ ਵਾਲਿਆਂ ਖਿਲਾਫ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਟਾ ਨਾਮਾ ਸਬੂਤ ਪਿਆ ਹੈ, ਪ੍ਰਧਾਨ ਹੋਰ ਕਿਹੜਾ ਸਬੂਤ ਭਾਲਦਾ ਹੈ। ਜਿਸ ਤੋਂ ਸਾਬਿਤ ਹੋ ਸਕੇ? ਗੁਰਦੀਪ ਬਾਠ ਨੇ ਕਿਹਾ ਕਿ ਜੇਕਰ ਮੀਤ ਹੇਅਰ ਖੁਦ ਨੂੰ ਪਾਕਿ ਸਾਫ ਸਮਝਦਾ ਹੈ ਤਾਂ ਬਿਨਾਂ ਦੇਰੀ ਜਮੀਨੀ ਘੁਟਾਲੇ ਸਬੰਧੀ ਕੇਸ ਦਰਜ ਕਰਵਾਉਣਾ ਚਾਹੀਦਾ ਹੈ ਅਤੇ ਪਟਾਨਾਮਾ ਰੱਦ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ 15 ਦਿਨਾਂ ਵਿੱਚ ਪਟਾਨਾਮਾ ਕੈਂਸਲ ਨਾ ਕੀਤਾ ਗਿਆ ਤਾਂ ਉਹ ਟਰੱਕ ਆਪਰੇਟਰਾਂ ਨੂੰ ਨਾਲ ਲੈ ਕੇ, ਉਸੇ ਧਰਮ ਕੰਡੇ ਵਾਲੀ ਜਗ੍ਹਾ ਪਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ। ਕਿਸੇ ਵੀ ਹਾਲਤ ਵਿੱਚ ਇਸ ਜਗ੍ਹਾ ਤੇ ਪਟੇ ਤੇ ਜਗ੍ਹਾ ਲੈਣ ਵਾਲਿਆਂ ਨੂੰ ਕਾਬਿਜ ਨਹੀਂ ਹੋਣ ਦੇਣਗੇ। ਇਸ ਮੌਕੇ ਟਰੱਕ ਓਪਰੇਟਰ ਸੁਖਪਾਲ ਸਿੰਘ ਪਾਲ, ਸੁਖਵਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਬਿੱਲੂ ਆਦਿ ਵੀ ਹਾਜ਼ਿਰ ਸਨ। 

 

Advertisement
Advertisement
Advertisement
Advertisement
error: Content is protected !!