DC ਨੇ ਸਮਾਂ ਬੰਨ੍ਹਿਆ, Barnala ਦੇ ਬਜ਼ਾਰਾਂ ‘ਚ ਹਰ ਸਮੇਂ ਦਾਖਿਲ ਨਹੀਂ ਹੋ ਸਕਦੇ ਹੈਵੀ ਵਹੀਕਲ…!

Advertisement
Spread information

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਹੁਣ ਤੋਂ ਪਹਿਲਾਂ ਜ਼ਾਰੀ ਅਜਿਹੇ ਹੁਕਮ ਦਫਤਰੀ ਫਾਇਲਾਂ ਦਾ ਸ਼ਿੰਗਾਰ ਹੀ ਬਣੇ ਰਹੇ ਹਨ…! 

ਹਰਿੰਦਰ ਨਿੱਕਾ, ਬਰਨਾਲਾ 29 ਜੁਲਾਈ 2025 
         ਸ਼ਹਿਰ ਅੰਦਰ ਹੈਵੀ ਵਹੀਕਲਾਂ ਦੀ ਬਦੌਲਤ ਸ਼ਰੇਆਮ ਲੱਗਦੇ ਜਾਮ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਮੰਸ਼ਾ ਨਾਲ ਡਿਪਟੀ ਕਮਿਸ਼ਨਰ ਨੇ ਸ਼ਹਿਰ ਅੰਦਰ ਭਾਰ ਢੋਣ ਵਾਲੇ ਵਹੀਕਲਾਂ ਦੇ ਮਨਮਰਜੀ ਨਾਲ ਦਾਖਿਲ ਹੋਣ ਤੇ ਰੋਕ ਲਾ ਦਿੱਤੀ ਹੈ ਅਤੇ ਸ਼ਹਿਰ ਦੇ ਭੀੜ-ਭਾੜ ਬਜਾਰਾਂ ਵਿੱਚ ਦੁਕਾਨਦਾਰਾਂ ਨੂੰ ਵੀ ਆਪਣੀ ਮਾਲਕੀ ਦੀ ਜਗ੍ਹਾ ਤੋਂ ਬਾਹਰ ਸਮਾਨ ਬਾਹਰ ਰੱਖਣ ਤੋਂ ਵਰਜਿਆ ਹੈ। ਹਾਲੀਆ  ਜ਼ਾਰੀ ਹੁਕਮ 15 ਸਤੰਬਰ ਤੱਕ ਲਾਗੂ ਰਹਿਣਗੇ। ਜ਼ਾਰੀ ਹੁਕਮਾਂ ਅਨੁਸਾਰ ਸ਼ਹਿਰ ਦੇ ਤਿੰਨੋਂ ਮੁੱਖ ਬਜਾਰਾਂ ਵਿੱਚ ਹੈਵੀ ਵਹੀਕਲਾਂ ਦੇ ਦਾਖਿਲ ਹੋਣ ਲਈ ਸਮਾਂ ਵੀ ਤੈਅ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਹੀ ਲਾਗੂ ਹੋ ਗਏ ਹਨ।  ਜ਼ਿਲ੍ਹਾ ਮੈਜਿਸਟ੍ਰੇਟ ਟੀ ਬੈਨਿਥ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸ਼ਹਿਰ ਦੇ ਸਦਰ ਬਾਜ਼ਾਰ/ਫਰਵਾਹੀ ਬਾਜ਼ਾਰ/ਹੰਡਿਆਇਆ ਬਾਜ਼ਾਰ ਅਤੇ ਕੱਚਾ ਕਾਲਜ ਰੋਡ/ਪੱਕਾ ਕਾਲਜ ਰੋਡ ਉੱਪਰ ਕਿਸੇ ਕਿਸਮ ਦਾ ਸਾਮਾਨ ਆਪਣੀ ਮਾਲਕੀ ਦੀ ਹੱਦ ਤੋਂ ਬਾਹਰ ਨਾ ਰੱਖਿਆ ਜਾਵੇ। ਵਰਨਣਯੋਗ ਹੈ ਕਿ ਅਜਿਹੇ ਹੁਕਮ ਕਰੀਬ ਹਰ ਦੋ-ਦੋ ਮਹੀਨਿਆਂ ਬਾਅਦ ਜ਼ਾਰੀ ਹੁੰਦੇ ਹੀ ਰਹਿੰਦੇ ਹਨ, ਪਰੰਤੂ ਇਹ ਹੁਕਮ ਹੁਣ ਤੱਕ ਦਫਤਰੀ ਫਾਇਲਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਜਾਂਦੇ ਰਹੇ ਹਨ। ਯਾਨੀ ਇੰਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਹਮੇਸ਼ਾ ਉਦਾਸੀਨ ਰਵੱਈਆ ਹੀ ਅਪਣਾਈ ਰੱਖਦਾ ਹੈ,ਜਿਸ ਕਾਰਣ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਜਿਲ੍ਹਾ ਪ੍ਰਸ਼ਾਸ਼ਨ ਆਪਣੇ ਵੱਲੋਂ ਜ਼ਾਰੀ ਹੁਕਮਾਂ ਨੂੰ ਕਿਵੇਂ ਲਾਗੂ ਕਰਵਾਉਂਦਾ ਹੈ। 

       ਸਦਰ ਬਾਜ਼ਾਰ ਵਿੱਚ ਕਿਸੇ ਵੀ ਕਿਸਮ ਦਾ ਫੋਰ-ਵੀਲਰ ਦਾਖ਼ਲ ਨਾ ਕੀਤਾ ਜਾਵੇ ਅਤੇ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਫੋਰ-ਵੀਲਰ ਦੀ ਪਾਰਕਿੰਗ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਕੀਤੀ ਜਾਵੇ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਫਰਵਾਹੀ ਅਤੇ ਹੰਡਿਆਇਆ ਬਾਜ਼ਾਰ ਵਿੱਚ ਫੋਰ-ਵੀਲਰ ਦੀ ਪਾਰਕਿੰਗ, ਪਾਰਕਿੰਗ ਲਾਈਨਾਂ ਦੇ ਅੰਦਰ ਹੀ ਕੀਤੀ ਜਾਵੇ। ਸਾਰੇ ਬਾਜ਼ਾਰਾਂ ਵਿੱਚ ਲੋਡਿੰਗ ਵਹੀਕਲਜ਼, ਟਰੈਕਟਰ ਟਰਾਲੀਆਂ, ਟੈਂਪੂਆਂ, ਟਾਟਾ 407, ਹੈਵੀ ਟਰੱਕਾਂ ਆਦਿ ਦੇ ਦਾਖ਼ਲ ਹੋਣ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਹੋਵੇਗਾ।

       ਇਸ ਤੋਂ ਇਲਾਵਾ ਦਿਨ ਦੇ ਬਾਕੀ ਸਮੇਂ ਇਨ੍ਹਾਂ ਵਾਹਨਾਂ ਦੇ ਦਾਖ਼ਲ ਹੋਣ ’ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇਕ ਹੋਰ ਹੁਕਮ ਅਨੁਸਾਰ ਉਨ੍ਹਾਂ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ’ਤੇ ਵੀ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਮੈਰਿਜ ਪੈਲੇਸਾਂ/ਧਾਰਮਿਕ ਸਥਾਨਾਂ/ਆਮ ਲੋਕਾਂ ਦੁਆਰਾ ਸੱਭਿਆਚਾਰਕ/ਧਾਰਮਿਕ ਅਤੇ ਹੋਰ ਪ੍ਰੋਗਰਾਮਾਂ ਆਦਿ ਵਿੱਚ ਲਾਊਡ ਸਪੀਕਰਾਂ, ਆਰਕੈਸਟਰਾ ਅਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਅਤੇ ਪੜਾਈ ’ਤੇ ਮਾੜਾ ਅਸਰ ਪੈਂਦਾ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼ਜ) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਪੂਰਵ ਪ੍ਰਵਾਨਗੀ ਲਾਊਡ ਸਪੀਕਰਾਂ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਜਿਸ ਵੀ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਜਾਂ ਆਮ ਲੋਕਾਂ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ ’ਤੇ ਸਬੰਧਤ ਉਪ ਮੰਡਲ ਮੈਜਿਸਟ੍ਰਰੇਟ ਤੋਂ ਪਹਿਲਾਂ ਪ੍ਰਵਾਨਗੀ ਲੈਣਾ ਯਕੀਨੀ ਬਣਾਉਣਗੇ। ਇਹ ਹੁਕਮ ਮਿਤੀ 15 ਸਤੰਬਰ, 2025 ਤੱਕ ਲਾਗੂ ਰਹਿਣਗੇ। 

Advertisement
Advertisement
Advertisement
Advertisement
error: Content is protected !!