ਤਗ਼ਮੇ ਹੀ ਤਗ਼ਮੇ-ਨੈਸ਼ਨਲ ਚੈਂਪੀਅਨਸ਼ਿਪ ‘ਚ ਚਮਕੇ ਬਰਨਾਲਾ ਦੇ ਖਿਡਾਰੀ….

Advertisement
Spread information

ਡੀਸੀ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ, 2 ਖਿਡਾਰੀਆਂ ਦੀ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ

ਚੇਤਨ ਗਰਗ, ਬਰਨਾਲਾ 29 ਜੁਲਾਈ 2025
          ਛੱਤੀਸਗੜ੍ਹ ਦੇ ਰਾਇਪੁਰ ਵਿੱਚ ਪਿਛਲੇ ਦਿਨੀਂ ਹੋਈ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਬਾਜ਼ੀ ਮਾਰੀ ਹੈ। ਜ਼ਿਲ੍ਹਾ ਬਰਨਾਲਾ ਦੀ ਝੋਲੀ 3 ਸੋਨ ਤਗ਼ਮੇ ਅਤੇ 2 ਚਾਂਦੀ ਦੇ ਤਗ਼ਮੇ ਪਏ ਹਨ। ਇਨ੍ਹਾਂ ਵਿਚੋਂ ਕਿੱਕ ਬਾਕਸਿੰਗ ਕੋਚ ਸਮੇਤ 2 ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ।
   ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇਨ੍ਹਾਂ ਖਿਡਾਰੀਆਂ ਦਾ ਆਪਣੇ ਦਫ਼ਤਰ ਵਿਖੇ ਸਨਮਾਨ ਕੀਤਾ ਅਤੇ ਆਉਂਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ
ਕਿੱਕ ਬਾਕਸਿੰਗ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਮੱਲਾਂ ਮਾਰੀਆਂ ਹਨ।  
         ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਖੇਡ ਵਿਭਾਗ ਬਰਨਾਲਾ ਦੇ ਕੋਚ ਜਸਪ੍ਰੀਤ ਸਿੰਘ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ 91+ ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਅਕਾਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਡਬਰ ਨੇ 91 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਬਰਨਾਲਾ ਨੇ 90 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪੂਜਾ ਰਾਣੀ ਪੁੱਤਰੀ ਭਿੰਦੂ ਰਾਮ ਵਾਸੀ ਬਰਨਾਲਾ ਨੇ 70 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਰਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਧਨੌਲਾ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।                                                       
ਓਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਕੋਚ ਜਸਪ੍ਰੀਤ ਸਿੰਘ ਢੀਂਡਸਾ ਅਤੇ ਆਕਾਸ਼ਦੀਪ ਸਿੰਘ ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ ਜੋ ਕਿ ਨਵੰਬਰ 2025 ਵਿਚ ਅਬੂ ਧਾਬੀ (ਯੂ ਏ ਈ) ਵਿਚ ਹੋ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਿੱਕ ਬਾਕਸਿੰਗ ਦਾ ਕੋਚਿੰਗ ਸੈਂਟਰ ਮਾਤਾ ਗੁਜਰੀ ਸਕੂਲ ਧਨੌਲਾ ਵਿਚ ਚੱਲ ਰਿਹਾ ਹੈ। ਜਿੱਥੇ 30 ਦੇ ਕਰੀਬ ਖਿਡਾਰੀ ਕੋਚਿੰਗ ਲੈ ਰਹੇ ਹਨ। ਓਨ੍ਹਾਂ ਕਿਹਾ ਕਿ ਇਹ ਸਾਰੇ ਖਿਡਾਰੀ ਪਹਿਲਾਂ ਵੀ ਸੂਬਾ ਅਤੇ ਕੌਮੀ ਪੱਧਰ ‘ਤੇ ਮੱਲਾਂ ਮਾਰ ਚੁੱਕੇ ਹਨ।

ਸੰਸਦ ਮੈਂਬਰ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
       ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿੱਕ ਬਾਕਸਿੰਗ ਦੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਓਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕੌਮੀ ਮੁਕਾਬਲੇ ਵਿਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ 3 ਸੋਨ ਤਗ਼ਮੇ ਅਤੇ 2 ਚਾਂਦੀ ਦੇ ਤਗ਼ਮੇ ਜਿੱਤੇ ਹਨ ਅਤੇ 2 ਖਿਡਾਰੀਆਂ ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ। ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਹੈ ਕਿ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਣ ਲਈ ਉਤਸ਼ਾਹਿਤ ਕੀਤਾ ਜਾਵੇ ਜਿਸ ਵਾਸਤੇ ਜਿੱਥੇ ਖੇਡ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਓਥੇ ਪਿੰਡ ਪਿੰਡ ਖੇਡ ਮੈਦਾਨ ਬਣਾਏ ਜਾ ਰਹੇ ਹਨ, ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।

Advertisement
Advertisement
Advertisement
Advertisement
error: Content is protected !!