ਇੱਕ ਹੋਰ ਘਪਲਾ, ਇਮਾਨਦਾਰਾਂ ਦੇ ਨਾਂ…ਕੌੜੀਆਂ ਦੇ ਭਾਅ ਲੀਜ ਤੇ ਦਿੱਤੀ ਕਰੋੜਾਂ ਰੁਪਏ ਦੀ ਜਾਇਦਾਦ…!

Advertisement
Spread information

20 ਵਰ੍ਹਿਆਂ ਲਈ ਸੰਗਰੂਰ ਦੀ ਔਰਤ ਦੇ ਨਾਮ ਲਿਖਿਆ ਟਰੱਕ ਯੂਨੀਅਨ ਦੀ ਜਗ੍ਹਾ ਦਾ ਪਟਾ ਨਾਮਾ 

ਹਰਿੰਦਰ ਨਿੱਕਾ, ਬਰਨਾਲਾ 29 ਜੁਲਾਈ 2025
    ਕਰੋੜਾਂ ਰੁਪਏ ਮੁੱਲ ਦੀ ਸ਼ਹਿਰੀ ਜਮੀਨ ਕੌੜੀਆਂ ਦੇ ਭਾਅ ਆਪਣੇ ਕਰੀਬੀ ਨੂੰ 20 ਵਰ੍ਹਿਆਂ ਲਈ ਲੀਜ ਤੇ ਦੇਣ ਦਾ ਵੱਡਾ ਜਮੀਨੀ ਘਪਲਾ, ਇਮਾਨਦਾਰ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਲੋਕਾਂ ਨਾਲ ਕਰਕੇ, ਸੂਬੇ ਦੀ ਸੱਤਾ ਦੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੇ ਨਾਂ ਲਿਖਿਆ ਗਿਆ ਹੈ। ਇਹ ਕਥਿਤ ਘਪਲੇ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਕੱਦਾਵਰ ਆਗੂ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਕ੍ਰਿਪਾ ਸਦਕਾ ਟਰੱਕ ਯੂਨੀਅਨ ਬਰਨਾਲਾ ਦੇ ਬਣੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੇ ਸਿਰ ਬੱਝਿਆ ਹੈ। ਇਸ ਘਪਲੇ ਸਬੰਧੀ ਮਾਲ ਵਿਭਾਗ ਦੇ ਰਿਕਾਰਡ ‘ਚ ਦਰਜ ਹੋਏ ਇੰਦਰਾਜ ਦਾ ਦਸਤਾਵੇਜ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਬੇਸ਼ੱਕ ਇਸ ਘਪਲੇ ਦੇ ਦਸਤਾਵੇਜ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੌਜੂਦ ਹਨ, ਪਰੰਤੂ ਫਿਰ ਟਰੱਕ ਯੂਨੀਅਨ ਦਾ ਪ੍ਰਧਾਨ ਹਰਦੀਪ ਸਿੱਧੂ, ਇਸ ਤਰਾਂ ਦੇ ਘਪਲੇ ਤੋਂ ਪੂਰੀ ਤਰਾਂ ਮੁਨਕਰ ਹੈ। ਉੱਧਰ ਆਮ ਆਦਮੀ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਤੇ ਲੰਘੀਆਂ ਜਿਮਨੀ ਚੋਣਾਂ ਵਿੱਚ ਤਾਕਤਵਰ ਆਗੂ ਵਜੋਂ ਉਭਰੇ ਗੁਰਦੀਪ ਸਿੰਘ ਬਾਠ ਦੇ ਤੇਵਰ ਵੀ ਇਸ ਮੁੱਦੇ ਤੇ ਕਾਫੀ ਤਿੱਖੇ ਹੋ ਗਏ ਹਨ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਬਰਨਾਲਾ ਹਲਕੇ ਦੇ ਲੋਕਾਂ ਨੂੰ ਰਾਜਸੀ ਲੁਟੇਰਾ ਗਿਰੋਹ ਤੋਂ ਮੁਕਤ ਕਰਵਾਉਣ। ਵਰਨਣਯੋਗ ਹੈ ਕਿ ਬਰਨਾਲਾ ਸ਼ਹਿਰ ਅੰਦਰ ਰਾਏਕੋਟ ਰੋਡ ਤੇ ਕੋਈ ਛੋਟੀ ਤੋਂ ਛੋਟੀ ਦੁਕਾਨ ਦਾ ਪ੍ਰਤੀ ਮਹੀਨਾ ਕਿਰਾਇਆ 10 ਹਜ਼ਾਰ ਰੁਪਏ ਤੋਂ ਘੱਟ ਨਹੀਂ ਅਤੇ ਵਾਹੀਯੋਗ ਜਮੀਨ ਦਾ ਪ੍ਰਤੀ ਕਿੱਲਾ ਠੇਕਾ 75/80 ਹਜ਼ਾਰ ਰੁਪਏ ਤੋਂ ਘੱਟ ਨਹੀਂ ਹੈ। ਜੇਕਰ ਉਕਤ ਜਗ੍ਹਾ ਅੱਧਾ ਕਿੱਲਾ ਦਾ ਠੇਕਾ ਵੀ ਦੇਖਿਆ ਜਾਵੇ ਤਾਂ 40 ਹਜ਼ਾਰ ਰੁਪਏ ਪ੍ਰਤੀ ਸਾਲ ਬਣਦਾ ਹੈ। ਜਦੋਂਕਿ ਕਾਰੋਬਾਰੀ ਮੰਤਵ ਲਈ ਵਰਤੀ ਜਾਣ ਵਾਲੀ ਖਾਲ੍ਹੀ ਜਗ੍ਹਾ ਦਾ ਪ੍ਰਤੀ ਮਹੀਨਾ ਕਿਰਾਇਆ ਹੀ 35/40 ਹਜ਼ਾਰ ਰੁਪਏ ਹੋ ਚੁੱਕਾ ਹੈ। 
ਸਿਰ ਚੜ੍ਹ ਕੇ ਬੋਲ ਰਿਹੈ ਘਪਲਾ ‘ਤੇ ਕੀ ਹੈ ਪੂਰਾ ਮਾਮਲਾ
     ਰਾਏਕੋਟ ਰੋਡ ਬਰਨਾਲਾ ਤੇ ਸਥਿਤ ਟਰੱਕ ਯੂਨੀਅਨ ਦੀ ਮਾਲਿਕੀ ਵਾਲੇ ਧਰਮ ਕੰਡੇ ਨੇੜੇ 4 ਕਨਾਲ 4 ਮਰਲੇ ਜੀਮਨ, ਟਰੱਕ ਯੂਨੀਅਨ ਬਰਨਾਲਾ ਦੀ ਮਾਲਿਕੀ ਅਤੇ ਕਾਬਿਜੀ ਦੀ ਹੈ। ਇਸ ਸਬੰਧੀ ਇੱਕ ਵਸੀਕਾ ਪਟਾ ਨਾਮਾ 16 ਜੂਨ 2025 ਨੂੰ ਮੁਕਾਮ ਬਰਨਾਲਾ ਵਿਖੇ ” ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਰਾਂਹੀ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵਾਸੀ ਗੁਰੂ ਤੇਗ ਬਹਾਦਰ ਨਗਰ ਵਾਰਡ ਨੰਬਰ: 18. ਹੱਡਿਆਇਆ ਰੋਡ, ਬਰਨਾਲਾ ਅਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸਰਦਾਰ ਬਸਤੀ -6,ਸੰਗਰੂਰ, ਤਹਿਸੀਲ ਵਾ ਜਿਲਾ ਸੰਗਰੂਰ ਦੇ ਦਰਮਿਆਨ ਲਿਖਿਆ ਗਿਆ ਹੈ। ਪਟੇ ਨਾਮੇ ਵਿੱਚ ਬਕਾਇਦਾ ਤੌਰ ਤੇ ਇਹ ਵੀ ਲਿਖਿਆ ਗਿਆ ਹੈ ਕਿ ਪਟਾ ਨਾਮਾ ਲਿਖਣ ਦਾ ਅਧਿਕਾਰ ਬਕਾਇਦਾ ਮਤੇ ਰਾਹੀਂ ਦਿੱਤਾ ਗਿਆ ਹੈ, ਜਿਸ ਦੀ ਕਾਪੀ ਵੀ ਨਾਲ ਨੱਥੀ ਹੈ। ਅਗਰ ਕੋਈ ਨੁਕਸ ਹੋਵੇਗਾ ਤਾਂ ਉਸ ਦੀ ਪੂਰੀ ਪੂਰੀ ਜਿੰਮੇਵਾਰੀ ਹਰਦੀਪ ਸਿੰਘ ਸਿੱਧੂ ਦੀ ਹੋਵੇਗੀ ਅਤੇ ਜਿਸ ਦਾ ਹਰਜਾਨਾ ਹਰਦੀਪ ਸਿੰਘ ਸਿੱਧੂ ਦੀ ਜਾਇਦਾਦ ਤੇ ਪੂਰਾ ਕੀਤਾ ਜਾਵੇਗਾ ।
ਪਟੇ ਨਾਮੇ ਦੀਆਂ ਸ਼ਰਤਾਂ ਅਨੁਸਾਰ 15 ਸਾਲ ਹੋਰ ਵੀ ਹੋ ਸਕਦੈ ਲੀਜ਼ ‘ਚ ਵਾਧਾ..
     ਪਟਾ ਨਾਮਾ ਵਿੱਚ ਦਰਜ ਹੈ ਕਿ ਇਹ ਜਗ੍ਹਾ ਤਦਾਦੀ 4 ਕਨਾਲ 4 ਮਰਲਾ, ਜਿਸ ਦੇ ਪੂਰਬ ਵੱਲ 100 ਫੁੱਟ ਰਾਏਕੋਟ ਰੋਡ, ਵਾ ਪੱਛਮ ਵੱਲ 100 ਫੁੱਟ ਬਣਿਆ ਹੋਇਆ ਮਕਾਨ, ਪਹਾੜ ਵੱਲ 225 ਫੁੱਟ ਖਾਲੀ ਪਲਾਟ ਵਾ ਦੱਖਣ ਵੱਲ 225 ਫੁੱਟ ਖਾਲੀ ਪਲਾਟ ਲੱਗਦੇ ਹਨ।  (ਜੋ ਹੁਣ ਮਿਊਂਸਪਲ ਹਦੂਦ ਬਰਨਾਲਾ ਦੇ ਅੰਦਰ ਹੈ ਅਤੇ ਰਾਏਕੇਟ ਰੋਡ, ਬਰਨਾਲਾ ਵਿਖੇ ਹੈ। ਇਹ ਜਗ੍ਹਾ ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਵਲੋਂ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਦੇਖ-ਰੇਖ ਵਿਚ ਹੈ। ਧਿਰਾਂ ਦਰਮਿਆਨ ਪਟਾ ਦੀ ਰਕਮ ਮੁ: 6500/- ਰੁਪਏ ਪ੍ਰਤੀ ਸਲਾਨਾ ਦੇ ਹਿਸਾਬ ਨਾਲ ਤਹਿ ਹੋਈ ਹੈ । ਇਹ ਪਟਾ ਨਾਮਾ 14-6-2025 ਤੋਂ ਬਾਬਤ ਕਿਰਾਇਆ ਵਾ ਪਟੇ ਦੀ ਰਕਮ ਮੁਤਲਕਾ ਲਾਗੂ ਹੈ। ਇਸ ਦੀ ਮਿਆਦ 20 ਸਾਲ ਤੱਕ ਵੈਲਿਡ ਹੈ। ਪਟੇ ਤੇ ਲੈਣ ਵਾਲਾ ਅਗਰ ਚਾਹੇ ਤਾਂ ਇਸ ਪਟੇ ਦੀ ਮਿਆਦ ਨੂੰ, ਪਟੇ ਦੀ ਮਿਆਦ ਖਤਮ ਹੋਣ ਤੋਂ, ਅੱਗੇ 15 ਸਾਲਾਂ ਵਾਸਤੇ ਵਧਾ ਵੀ ਸਕਦਾ ਹੈ।
ਜੇ ਪਟੇ ਤੇ ਲੈਣ ਵਾਲਾ ਚਾਹੇ ਤਾਂ ਓਹ
       ਪਟੇ ਨਾਮੇ ਵਿੱਚ ਇਹ ਵੀ ਖੁੱਲ ਦਿਲੀ ਦਿਖਾਈ ਗਈ ਹੈ ਕਿ ਜੇਕਰ ਪਟੇ ਤੇ ਲੈਣ ਵਾਲਾ ਇਸ ਜਗ੍ਹਾ ਉਕਤ ਜਾਂ ਇਸ ਜਗ੍ਹਾ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਮਰਜੀ ਅਨੁਸਾਰ ਅੱਗੇ ਪਟੇ ਤੇ ਦੇ ਸਕਦਾ ਹੈ ਅਤੇ ਓਹ ਇਸ ਜਗ੍ਹਾ ਉਕਤ ਜਾਂ ਇਸ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਕਿਸੇ ਤਰਾਂ ਦੀ ਜਰੂਰਤ ਅਨੁਸਾਰ ਵਰਤ ਸਕਦਾ ਹੈ। ਪਟੇ ਤੇ ਦੇਣ ਵਾਲਾ ਜਗ੍ਹਾ ਉਕਤ ਸਬੰਧੀ ਹਰ ਤਰਾਂ ਦੇ ਅਧਿਕਾਰ, ਰਾਸਤਾ, ਪਾਣੀ, ਹਵਾ, ਰੋਸ਼ਨੀ ਅਤੇ ਹੋਰ ਹਰ ਤਰਾਂ ਦੇ ਅਧਿਕਾਰ ਮੁਹੱਈਆ ਕਰਵਾਏਗਾ। ਪਟੇ ਤੇ ਲੈਣ ਵਾਲਾ ਆਪਣੇ ਕਾਰੋਬਾਰ ਲਈ ਇਸ ਜਗ੍ਹਾ ਨੂੰ ਵਰਤ ਸਕਦਾ ਹੈ। ਇਸ ਪਟੇ ਨਾਮੇ ਪਰ ਬਕਾਇਦਾ ਹਰਦੀਪ ਸਿੰਘ ਸਿੱਧੂ, ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਪਟੇ ਤੇ ਜਗ੍ਹਾ ਲੈਣ ਵਾਲੀ ਮਨਜੀਤ ਕੌਰ ਹਰਬੰਸ ਸਿੰਘ ਪੰਚ ਪੁੱਤਰ ਬਲਦੇਵ ਸਿੰਘ,ਵਾਸੀ ਧਨੌਲਾ ਖੁਰਦ, ਗਵਾਹ ਸੁਰਜੀਤ ਸਿੰਘ ਪੁੱਤਰ ਜਗਨ ਸਿੰਘ, ਵਾਸੀ ਧਨੌਲਾ ਦੇ ਦਸਤਖਤ ਵੀ ਹਨ।
ਬਾਠ ਨੇ ਕਿਹਾ! ਮੀਤ ਹੇਅਰ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ ਘੁਟਾਲਾ..
     ਆਪ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਜਮੀਨ ਕੌੜੀਆਂ ਦੇ ਭਾਅ ਦੇਣ ਦਾ ਵੱਡਾ ਘੁਟਾਲਾ ਐਮ.ਪੀ. ਮੀਤ ਹੇਅਰ ਅਤੇ ਉਸ ਦੀ ਮਾਸੀ ਦੇ ਪੁੱਤ ਹਰਿੰਦਰ ਧਾਲੀਵਾਲ ਦੇ ਥਾਪੜੇ ਤੋਂ ਬਿਨਾਂ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇਕੱਲੇ ਦੀ ਇੱਨ੍ਹੀਂ ਹਿੰਮਤ ਕਿਵੇਂ  ਪੈ ਸਕਦੀ ਹੈ।  ਬਾਠ ਨੇ ਕਾਫੀ ਤਲਖ ਲਹਿਜੇ ਵਿੱਚ ਕਿਹਾ ਕਿ ਇਹ ਕੋਈ ਪਹਿਲਾਂ ਘੁਟਾਲਾ ਨਹੀਂ ਹੈ, ਇਸ ਤੋਂ ਪਹਿਲਾਂ ਧਨੌਲਾ ਨਗਰ ਕੌਂਸਲ ਦੀ ਜਮੀਨ ਖਰੀਦ ਮਾਮਲੇ ਵਿੱਚ ਘਪਲਾ ਸਾਹਮਣੇ ਆਇਆ, ਜਿਸ ਨੂੰ ਇੱਕ ਕਮੇਟੀ ਬਿਠਾ ਕੇ, ਠੰਡੇ ਬਸਤੇ ਵਿੱਚ ਪਾ ਦਿੱਤਾ। ਨਗਰ ਕੌਂਸਲ ਬਰਨਾਲਾ ਵਿੱਚ ਕਰੋੜਾਂ ਰੁਪਏ ਦੇ ਟੈਂਡਰ ਦੇਣ ਸਮੇਂ ਸਿਰ ਚੜ੍ਹਕੇ ਬੋਲਿਆ ਕਰੋੜਾਂ ਰੁਪਏ ਦਾ ਘਪਲਾ ਵੀ ਵਿੱਚ ਵਿਚਾਲੇ ਦਾ ਰਾਹ ਕੱਢ ਕੇ ਦਬਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਦਰਅਸਲ ਬਰਨਾਲਾ ਹਲਕੇ ਅੰਦਰ ਸਿਆਸੀ ਪੁਸ਼ਤਪਨਾਹੀ ਹੇਠ, ਇੱਕ ਲੁਟੇਰਾ ਗਿਰੋਹ ਸਰਗਰਮ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਰਾਜਸੀ ਲੁਟੇਰਾ ਗਿਰੋਹ ਨੂੰ ਨੱਥ ਪਾਉਣ, ਨਹੀਂ ਤਾਂ ਫਿਰ ਸਰਕਾਰ ਦੀ ਛਬੀ ਤੇ ਭ੍ਰਿਸ਼ਟਾਚਾਰ ਦੇ ਛਿੱਟੇ ਪੈਣਾ ਤੈਅ ਹੈ।  
Advertisement
Advertisement
Advertisement
Advertisement
error: Content is protected !!