ਰਘਬੀਰ ਹੈਪੀ, ਬਰਨਾਲਾ 25 ਜੁਲਾਈ 2025
ਸ਼ਹਿਰ ਦੇ ਆਈਟੀਆਈ ਚੌਕ ਦੇ ਨੇੜੇ ਧਨੌਲਾ ਰੋਡ ਤੇ ਕਥਿਤ ਤੌਰ ਤੇ ਗੈਰਕਾਨੂੰਨੀ ਧੰਦਿਆਂ ਕਾਰਣ ਸੁਰਖੀਆਂ ਵਿਚ ਆਏ ਕੁਝ ਹੋਟਲਾਂ ਤੇ ਡੀਐਸਪੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਵਿੱਚ ਪੁਲਿਸ ਨੇ ਚੈਕਿੰਗ ਲਈ ਰੇਡ ਕੀਤੀ।
ਪੁਲਿਸ ਨੂੰ ਵੇਖਦਿਆਂ ਹੀ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਹੋਟਲ ਬਣਾਉਣ ਲਈ ਸਰਕਾਰ ਵੱਲੋਂ ਤੈਅ ਨਿਯਮਾਂ ਅਤੇ ਸ਼ਰਤਾਂ ਨੂੰ ਵਿਸ਼ੇਸ਼ ਤੌਰ ਤੇ ਵਾਚਿਆ ਗਿਆ। ਉੱਧਰ ਚੈਕਿੰਗ ਦੋਰਾਨ ਸੀ.ਐਲ.ਯੂ. , ਬਿਲਡਿੰਗ ਪਲੈਨ, ਅਤੇ ਫਾਇਰ ਸੇਫਟੀ ਸਬੰਧੀ ਐਨ.ਓ.ਸੀ. ਆਦਿ ਦਸਤਾਵੇਜ ਚੈੱਕ ਕੀਤੇ ਗਏ। ਹੇਠ ਲਿਖੇ ਹੋਟਲ, ਜਿੰਨਾ ਦੇ ਪ੍ਰਬੰਧਕ ਕੋਈ ਵੀ ਦਸਤਾਵੇਜ ਪੇਸ ਨਹੀ ਕਰ ਸਕੇ, ਜਿੰਨਾ ਹੋਟਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾਇਆ ਗਿਆ ਹੈ। ਜਿੰਨਾ ਹੋਟਲਾਂ ਦੇ ਪ੍ਰਬੰਧਕਾਂ ਨੂੰ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਿਖੇ ਚਾਰਾਜੋਈ ਕਰਨ ਦਾ ਆਦੇਸ ਦਿੱਤਾ ਗਿਆ ਹੈ।
ਆਖਿਰ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਕਾਰਨ, ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਗਿਆਰਾਂ ਹੋਟਲਾਂ, ਹੋਟਲ ਕੈਨੇਡਾ, oya ਮਿਲਨ ਅਤੇ ਸਿਮਰ, ਹੋਟਲ ਵੀਵਾਨ ਨੇੜੇ ਜੀ ਸਿਨੇਮਾ, ਹੋਟਲ ਗ੍ਰੇਸ ਐਂਡ ਰੈਸਟੋਰੈਂਟ ਨੇੜੇ ਜ਼ਿਲ੍ਹਾ ਜੇਲ੍ਹ , ਹੋਟਲ ਵਲਿੰਗਟਨ ਨੇੜੇ ਤਰਕਸ਼ੀਲ ਚੌਂਕ, ਹੋਟਲ ਡਾਇਮੰਡ ਰਾਏਕੋਟ ਰੋਡ, ਸਨਬੀਮਜ ਸਾਹਮਣੇ ਵੀਆਰਸੀ ਮਾੱਲ, ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੁੰਗੀ, ਹੋਟਲ ਏ 23 ਨੇੜੇ ਤਰਕਸ਼ੀਲ ਚੋਂਕ, ਹੋਟਲ ਰੋਇਲ ਸਿਟੀ ਹੰਡਿਆਇਆ ਰੋਡ ਨੂੰ ਨਿਯਮਾਂ ਦੀ ਪੂਰਤੀ ਨਾ ਕੀਤੇ ਜਾਣ ਤੱਕ ਜਿੰਦਰਾ ਜੜ੍ਹ ਦਿੱਤਾ। 
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਰੇਡ ਦੌਰਾਨ ਪੁਲਿਸ ਨੇ ਲੱਗਭੱਗ ਸਾਰੇ ਹੀ ਹੋਟਲਾਂ ਵਿੱਚ ਕਮਰੇ ਲ਼ੈ ਕੇ ਠਹਿਰੇ ਔਸਤਨ 7/8 ਜੋੜਿਆਂ ਦੀ ਪਹਿਚਾਣ ਲਈ, ਉਨ੍ਹਾਂ ਦੇ ਆਧਾਰ ਕਾਰਡ ਅਤੇ ਹੋਟਲਾਂ ਵਿੱਚ ਰੂਮ ਰੈਂਟ ਤੇ ਦੇਣ ਸਮੇਂ ਰਿਕਾਰਡ ਰੱਖਣ ਲਈ ਲਾਏ ਰਜਿਸਟਰਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਨੇ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਨੂੰ ਤਹਿਕੀਕਾਤ ਉਪਰੰਤ ਉੱਥੋਂ ਭੇਜ ਦਿੱਤਾ, ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸ਼ਨਾਖਤੀ ਕਾਰਡ ਦੇ ਕੇ, ਕਮਰਿਆਂ ਵਿੱਚ ਠਹਿਰੇ ਜੋੜਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਬੇਸ਼ੱਕ, ਉਹ ਮੈਰਿਡ ਹੋਣ ਜਾ ਨਹੀਂ।
ਇਸ ਮੌਕੇ ਡੀਐਸਪੀ ਬੈਂਸ ਨੇ ਕਿਹਾ ਕਿ ਹੋਟਲਾਂ ਦੀ ਅਜਿਹੀ ਚੈਕਿੰਗ ਜਾਰੀ ਰਹੇਗੀ ਤਾਂਕਿ ਕਿ ਕਿਸੇ ਵੀ ਹੋਟਲ ਵਿਚ ਕੋਈ ਗੈਰਕਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸਬ ਇੰਸਪੈਕਟਰ ਚਰਨਜੀਤ ਸਿੰਘ,ਐਸ ਐਚ ਓ ਸਿਟੀ 2 ਬਰਨਾਲਾ ਅਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।







