ਕਰਤੀ ਢਿੰਬਰੀ Tight- ਨਸ਼ਿਆਂ ਦੇ ਵੱਡੇ ਸੌਦਾਗਰ ਦੇ ਕਰੋੜਾਂ ਰੁਪਏ ,Attach

Advertisement
Spread information

ਹਰਿੰਦਰ ਨਿੱਕਾ, ਚੰਡੀਗੜ੍ਹ 24 ਜੁਲਾਈ 2025

    ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੇ ਯੁੱਧ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ ਅੰਦਰ 22 ਨਸ਼ਾ ਛੁਡਾਊ ਕੇਂਦਰਾਂ ਦੀ ਆੜ ਹੇਠ ਨਸ਼ਿਆਂ ਦੀ ਵੱਡੇ ਪੱਧਰ ਤੇ ਗੈਰਕਾਨੂੰਨੀ ਵਿਕਰੀ ਕਰਕੇ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾਉਣ ਵਾਲੇ ਡਾਕਟਰ ਅਮਿਤ ਬਾਂਸਲ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ 21 ਕਰੋੜ ਰੁਪਏ ਤੋਂ ਵੱਧ ਦੀ ਚੱਲ ਜਾਇਦਾਦ ਈਡੀ ਨੇ ਆਰਜ਼ੀ ਤੌਰ ਤੇ ਅਟੈਚ ਕਰ ਦਿੱਤੀ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਆਪ ਸਰਕਾਰ ਦੇ ਇਕ ਸਾਬਕਾ ਕੈਬਨਿਟ ਮੰਤਰੀ ਨਾਲ ਡਾਕਟਰ ਅਮਿਤ ਬਾਂਸਲ ਦੀ ਕਾਫੀ ਨੇੜਲੀ ਰਿਸ਼ਤੇਦਾਰੀ ਵੀ ਹੈ। ਇਸੇ ਸਾਬਕਾ ਮੰਤਰੀ ਨੇ ਹੀ ਆਪਣੇ ਇੱਕ ਕਰੀਬੀ ਜੁਡੀਸਿਅਲ ਅਧਿਕਾਰੀ ਨਾਲ ਗੰਢਤੁਪ ਕਰਵਾਈ ਸੀ। ਜੁਡੀਸ਼ਲ ਅਧਿਕਾਰੀ ਦੀ ਛੱਤਰ ਛਾਇਆ ਹੇਠ ਹੀ, ਡਾਕਟਰ ਅਮਿਤ ਬਾਂਸਲ ਨੂੰ ਆਪਣੇ ਨਸ਼ਿਆਂ ਦੇ ਕਾਰੋਬਾਰ ਨੂੰ ਸਿਫ਼ਰ ਤੋਂ ਸਿਖ਼ਰ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਸੀ।

    ਹੁਣ ਤੱਕ ਸੂਬੇ ਅੰਦਰ ਨਸ਼ਿਆ ਦੇ ਵੱਡੇ ਮਗਰਮੱਛ ਦੇ ਖ਼ਿਲਾਫ਼ ਇਹ ਵੱਡੀ ਕਾਰਵਾਈ ਪਹਿਲੀ ਵਾਰ  ਹੀ ਹੋਈ ਹੈ। ਜਲੰਧਰ ਜ਼ੋਨਲ ਦਫ਼ਤਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 23.07.2025 ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ, 2002 ਦੇ ਤਹਿਤ ਇੱਕ ਆਰਜ਼ੀ ਅਟੈਚਮੈਂਟ ਆਰਡਰ ਜਾਰੀ ਕੀਤਾ ਹੈ। ਜਿਸ ਦੇ ਤਹਿਤ ਡਾ. ਅਮਿਤ ਬਾਂਸਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਬੰਧਤ ਸੰਸਥਾਵਾਂ ਦੀਆਂ 21 ਕਰੋੜ ਰੁਪਏ ਦੀਆਂ ਬੈਂਕ ਬੈਲੇਂਸ ਦੇ ਰੂਪ ਵਿੱਚ ਚੱਲ ਜਾਇਦਾਦਾਂ ਨੂੰ ਪੰਜਾਬ ਦੇ 22 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੁਆਰਾ ਬੀਐਨਐਕਸ (ਬਿਊਪ੍ਰੇਨੋਰਫਾਈਨ/ਨਾਲੈਕਸੋਨ) ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਵਿੱਚ ਜ਼ਬਤ ਕੀਤਾ ਗਿਆ ਹੈ।

    ਈਡੀ ਨੇ ਐਨਡੀਪੀਐਸ ਐਕਟ 1985 ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀਆਂ ਧਾਰਾਵਾਂ ਦੇ ਤਹਿਤ ਪੰਜਾਬ ਪੁਲਿਸ ਦੁਆਰਾ ਦਰਜ ਵੱਖ-ਵੱਖ ਐਫਆਈਆਰ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ।

    ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਅਮਿਤ ਬਾਂਸਲ ਪੰਜਾਬ ਵਿੱਚ 22 ਨਿੱਜੀ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਸੀ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਆੜ ਵਿੱਚ ਬੀਐਨਐਕਸ ਦਵਾਈਆਂ ਪ੍ਰਾਪਤ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਵੇਚ ਰਿਹਾ ਸੀ, ਜਿਸ ਨਾਲ ਅਪਰਾਧ ਦੀ ਵੱਡੀ ਕਮਾਈ (ਪੀਓਸੀ) ਪੈਦਾ ਹੋ ਰਹੀ ਸੀ। ਇਹ ਦਵਾਈਆਂ ਨਸ਼ੇੜੀਆਂ ਦੇ ਮੁੜ ਵਸੇਬੇ ਲਈ ਵਰਤੀਆਂ ਜਾਂਦੀਆਂ ਹਨ ,ਪਰ ਇਨ੍ਹਾਂ ਨੂੰ ਡਾਕਟਰ ਅਮਿਤ ਬਾਂਸਲ ਦੇ ਗਿਰੋਹ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਵੇਚਿਆ ਜਾਂਦਾ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ।

   ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਪੈਦਾ ਹੋਏ ਪੀਓਸੀ ਨੂੰ ਹਸਪਤਾਲਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਅਮਿਤ ਬਾਂਸਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤਾ ਜਾਂਦਾ ਸੀ।

   ਇਸ ਮਾਮਲੇ ਵਿੱਚ ਪਹਿਲਾਂ 18.07.2025 ਨੂੰ ਚੰਡੀਗੜ੍ਹ, ਲੁਧਿਆਣਾ, ਬਰਨਾਲਾ ਅਤੇ ਮੁੰਬਈ ਵਿਖੇ 4 ਥਾਵਾਂ ‘ਤੇ ਤਲਾਸ਼ੀ ਲਈ ਗਈ ਸੀ। ਅਗਲੀ ਜਾਂਚ ਜਾਰੀ ਹੈ। ਵਰਨਣਯੋਗ ਹੈ ਕਿ 31 ਦਿਸੰਬਰ 2024 ਨੂੰ ਵਿਜੀਲੈਂਸ ਬਿਊਰੋ ਮੁਹਾਲੀ ਦੇ ਫਲਾਇੰਗ ਸੁਕਐਡ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਡਾਕਟਰ ਅਮਿਤ ਬਾਂਸਲ ਕੁੱਝ ਮਹੀਨੇ ਪਹਿਲਾਂ ਜਮਾਨਤ ਤੇ ਆਇਆ ਸੀ ਤਾਂ ਫਿਰ ਪਟਿਆਲਾ ਪੁਲਿਸ ਨੇ 16 ਅਪ੍ਰੈਲ 2025 ਨੂੰ ਡਾਕਟਰ ਅਮਿਤ ਬਾਂਸਲ ਖਿਲਾਫ ਉੱਚ ਪੱਧਰੀ ਕਮੇਟੀ ਦੀ ਸਿਫਾਰਸ਼ ਤੇ ਐਨਡੀਪੀ ਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ। ਪਰੰਤੂ ਇਸ ਕੇਸ ਵਿਚ ਹਾਲੇ ਤੱਕ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਸੀ। ਡਾਕਟਰ ਅਮਿਤ ਬਾਂਸਲ ਅਤੇ ਉਸ ਦੇ ਸਹਿ ਦੋਸ਼ੀਆਂ ਖਿਲਾਫ ਲੁਧਿਆਣਾ, ਜਲੰਧਰ, ਮੋਹਾਲੀ ਅਤੇ ਪਟਿਆਲਾ ਵਿਖੇ ਵੱਖ ਵੱਖ ਜੁਰਮਾਂ ਅਧੀਨ ਪੰਜ ਮੁਕੱਦਮੇ ਦਰਜ ਹਨ।

Advertisement
Advertisement
Advertisement
Advertisement
error: Content is protected !!