ਹਰਿੰਦਰ ਨਿੱਕਾ, ਪਟਿਆਲਾ 21 ਜੁਲਾਈ 2025
ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਜਿੰਦਲਪੁਰ ਵਿਖੇ ਲਾਲਾਂ ਵਾਲੇ ਪੀਰ ਦੀ ਜਗ੍ਹਾ ਦੇ ਨਾਲ ਪਹਿਲਾਂ ਕਥਿਤ ਤੌਰ ਤੇ ਪੀਰ ਬਾਬੇ ਲਈ ਪੰਚਾਇਤ ਵੱਲੋਂ ਦਿੱਤੀ ਜਮੀਨ ਤੇ ਹੁਣ ਪੰਚਾਇਤ ਵੱਲੋਂ ਜਮਾਂਦਾਰ ਦਾ ਕਮਰਾ ਬਣਾਉਣ ਤੋਂ ਖਫਾ ਪੀਰ ਬਾਬੇ ਦੇ ਸੇਵਾਦਾਰ ਨੌਜਵਾਨ ਨੇ ਰੋਸ ਪ੍ਰਗਟਾਉਣ ਲਈ ਕੋਈ ਜਹਿਰੀਲੀ ਚੀਜ਼ ਖਾ ਲਈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਆਖਿਰ ਉਸ ਨੇ ਦੌਰਾਨ ਏ ਇਲਾਜ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ, ਨਾਮਜਦ ਦੋਸ਼ੀਆਂ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਲਿਖਵਾਏ ਬਿਆਨ ‘ਚ ਗੁਰਪਾਲ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਜਿੰਦਲਪੁਰ ਤਹਿਸੀਲ ਨਾਭਾ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਵਿੰਦਰ ਸਿੰਘ ਜੋ ਹੈਡੀਕੈਪਟ ਸੀ। ਉਹ ਪਿਛਲੇ ਕਰੀਬ 4/5 ਸਾਲਾਂ ਤੋਂ ਪਿੰਡ ਵਿੱਚ ਹੀ ਪੀਰ ਬਾਬੇ ਦੀ ਜਗ੍ਹਾ ਪਰ ਸੇਵਾ ਕਰਦਾ ਸੀ, ਪਿੰਡ ਦੀ ਪੰਚਾਇਤ ਅਤੇ ਹੋਰ ਵਿਅਕਤੀ ਜਮਾਂਦਾਰ ਦੇ ਰਹਿਣ ਲਈ ਪੀਰ ਬਾਬੇ ਦੇ ਨਾਲ ਲੱਗਦੀ ਜਗ੍ਹਾ ਵਿੱਚ ਕਮਰਾ ਬਣਾਉਣਾ ਚਾਹੁੰਦੇ ਸਨ ਅਤੇ ਮੁਦਈ ਦਾ ਲੜਕਾ ਇਸ ਦਾ ਵਿਰੋਧ ਕਰਦਾ ਸੀ। ਕਿਉਂਕਿ ਪਹਿਲੀ ਪੰਚਾਇਤ ਨੇ ਇਹ ਜਗ੍ਹਾ ਲਾਲਾਂ ਵਾਲੇ ਪੀਰ ਦੇ ਲਈ ਛੱਡੀ ਹੋਈ ਸੀ। 13 ਜੁਲਾਈ ਦੀ ਸਵੇਰੇ ਸਮਾਂ ਕਰੀਬ 9 ਵਜੇ, ਉਕਤ ਜਗ੍ਹਾ ਪਰ ਕਮਰਾ ਬਨਾਉਣ ਲਈ ਦੋਸ਼ੀਆਂ ਵੱਲੋਂ ਮਿਸਤਰੀ ਲਗਾਏ ਹੋਏ ਸੀ।
ਮੁਦਈ ਦੇ ਲੜਕੇ ਨੇ ਇਸ ਦਾ ਵਿਰੋਧ ਕੀਤਾ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਾਮਜ਼ਦ ਦੋਸ਼ੀਆਂ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ, ਗੁਰਬਚਨ ਸਿੰਘ ਪੁੱਤਰ ਸੁਰਜੀਤ ਸਿੰਘ, ਨਰਿੰਦਰ ਕੁਮਾਰ ਪੁੱਤਰ ਰਾਮ ਗੋਪਾਲ, ਧਰਮ ਸਿੰਘ ਪੁੱਤਰ ਰਾਮ ਪ੍ਰਕਾਸ਼ ਨੇ ਮੁਦਈ ਦੇ ਲੜਕੇ ਗੁਰਵਿੰਦਰ ਸਿੰਘ ਦੀ ਕੁੱਟਮਾਰ ਵੀ ਕੀਤੀ। ਜਿਸ ਕਰਕੇ ਦੋਸ਼ੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਮੁਦਈ ਦੇ ਲੜਕੇ ਨੇ ਕੋਈ ਜਹਿਰੀਲੀ ਚੀਜ਼ ਖਾ ਲਈ। ਜਿਸ ਨੂੰ ਜੀਵਨ ਹਸਪਤਾਲ ਨੇੜੇ 21 ਨੰਬਰ ਫਾਟਕ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ। ਆਖਿਰ ਇਲਾਜ ਦੇ ਦੌਰਾਨ 18 ਜੁਲਾਈ ਨੂੰ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ, ਸਾਰੇ ਦੋਸ਼ੀਆਂ ਦੇ ਖਿਲਾਫ U/S 108,3(5) B.N.S. ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।







