ਹਰਿੰਦਰ ਨਿੱਕਾ, ਬਠਿੰਡਾ 16 ਮਾਰਚ 2025
ਮੌਜੂਦਾ ਦੌਰ ‘ਚ ਭ੍ਰਿਸ਼ਟ ਸਿਸਟਮ ਦੇ ਅੰਦਰ ਰਹਿ ਕੇ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨਾ ਬੜਾ ਔਖਾ ਕੰਮ ਹੈ। ਅਜਿਹੀ ਲੜਾਈ ਲੜਨ ਵਾਲੇ ਵਿਅਕਤੀ ਦਾ ਨਾਂ ਹੈ, ਗੁਰਜੀਵਨ ਸਿੰਘ ਪਿੰਡ ਰਾਮਨਗਰ, ਤਹਿਸੀਲ ਮੌੜ ਤੇ ਜਿਲ੍ਹਾ ਬਠਿੰਡਾ। ਗੁਰਜੀਵਨ ਨੇ , ਮੰਡੀਆਂ ‘ਚੋਂ ਫਸਲਾਂ ਦੀ ਖਰੀਦ ਸਮੇਂ ਹੁੰਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਕੇ,ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਲਈ, ਇੱਕ ਦੋ ਦਿਨ ਨਹੀਂ, ਪੂਰੇ 2 ਸਾਲ 10 ਮਹੀਨੇ ਤੇ 15 ਦਿਨ ਜੱਦੋਜਹਿਦ ਕੀਤੀ ਹੈ। ਪ੍ਰਸ਼ਾਸ਼ਨਿਕ ਪੱਧਰ ਤੇ ਲੰਬੀ ਲੜਾਈ ਲੜਾਈ ਲੜਨ ਤੋਂ ਬਾਅਦ ਵੀ, ਜਦੋਂ ਪ੍ਰਸ਼ਾਸ਼ਨ ਕੇਸ ਦਰਜ ਕਰਨ ਤੇ ਕਰਵਾਉਣ ਦੇ ਰਾਹ ਪੈਣ ਦੀ ਬਜਾਏ, ਡੰਗ ਟਪਾਊ ਨੀਤੀ ਅਪਣਾਉਂਦਾ ਰਿਹਾ ਤਾਂ ਗੁਰਜੀਵਨ ਨੇ ਹਾਰ ਮੰਨਣ ਦੀ ਥਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਅਖਿਤਆਰ ਕਰ ਲਿਆ। ਆਖਿਰ ਪੁਲਿਸ ਨੇ ਹਾਈਕੋਰਟ ਵਿਖੇ 29 ਅਪ੍ਰੈਲ 2025 ਲਈ ਪੈਡਿੰਗ ਸੁਣਵਾਈ ਤੋਂ ਪਹਿਲਾਂ ਹੀ, ਥਾਣਾ ਤਲਵੰਡੀ ਸਾਬੋ ਵਿਖੇ ਇੱਕ ਨਾਮਜ਼ਦ ਦੋਸ਼ੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਐਫਆਈਆਰ ਦਰਜ ਕਰ ਹੀ ਦਿੱਤੀ। ਇਹ ਲੜਾਈ ਦੀ ਸ਼ੁਰੂਆਤ ਗੁਰਜੀਵਨ ਸਿੰਘ ਨੇ ਮੂੰਗੀ ਦੀ ਫਸਲ ਦੀ ਖਰੀਦ ਸਮੇਂ ਹੁੰਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ 30 ਅਪ੍ਰੈਲ 2022 ਨੂੰ ਤਤਕਾਲੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਦੁਰਖਾਸਤ ਦਿੱਤੀ ਸੀ। ਉਦੋਂ ਤੋਂ ਲੈ ਕੇ ਪ੍ਰਸ਼ਾਸ਼ਨਿਕ ਅਧਿਕਾਰੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਥਾਂ ਮਾਮਲੇ ਨੂੰ ਲੰਬਾ ਖਿੱਚਦੇ ਰਹੇ।
3 ਦਿਨ ‘ਚ ਮੰਗੀ ਰਿਪੋਰਟ ਤੇ ਪੜਤਾਲੀਆਂ ਅਫਸਰ ਨੇ ਲਾਏ 4 ਮਹੀਨਿਆਂ ਤੋਂ ਉੱਪਰ…!
ਗੁਰਜੀਵਨ ਸਿੰਘ ਨੇ ਮੰਡੀਆਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਮਾਮਲਾ, ਉਦੋਂ ਦੇ ਡੀਸੀ ਨੂੰ 30 ਅਪ੍ਰੈਲ 2022 ਲਿਖਤੀ ਦੁਰਖਾਸਤ ਦੇ ਕੇ ਧਿਆਨ ਵਿੱਚ ਲਿਆਂਦਾ ਸੀ। ਉਨਾਂ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਆਪਣੀ ਮੂੰਗੀ ਦੀ ਫਸਲ ਵੇਚਣ ਲਈ ਮਾਰਕਿਟ ਕਮੇਟੀ ਤਲਵੰਡੀ ਸਾਬੋ ਵਿਖੇ ਗਿਆ ਤਾਂ ਉਸ ਨੇ ਉੱਥੇ ਜਾ ਕੇ ਦੇਖਿਆ ਕਿ ਉਸ ਦੀ ਮੂੰਗੀ ਸਹੀ ਹੋਣ ਦੇ ਬਾਵਜੂਦ , ਉਸ ਨੂੰ ਖਰੀਦ ਲਈ ਇੱਕ ਹਫਤਾ ਉਡੀਕ ਕਰਨੀ ਪਈ। ਪਰ ਜਿਹੜੇ ਕਿਸਾਨ , ਸਿਫਾਰਾਸ ਅਤੇ ਪੈਸੇ ਦਿੰਦੇ ਸਨ, ਉਨ੍ਹਾਂ ਦੀ ਫਸਲ ਬਿਨਾਂ ਕੁਝ ਦੇਖੇ ਹੀ ਖਰੀਦ ਕੀਤੀ ਜਾ ਰਹੀ ਸੀ। ਜਿਸ ਦੇ ਸਬੂਤ ਵਜੋਂ ਉਸ ਕੋਲ ਇੱਕ ਆਡੀਓ ਕਾਲ ਰਿਕਾਰਡ ਹਰਪ੍ਰੀਤ ਸਿੰਘ ਮਾਰਕਫੈਡ ਮੁਲਾਜਮ ਜੋ ਕਿ ਮੂੰਗੀ ਦੀ ਖਰੀਦ ਕਰਨ ਲਈ ਮਾਰਕਿਟ ਕਮੇਟੀ ਤਲਵੰਡੀ ਸਾਬੋ ਇਨਸਪੈਕਟਰ ਲਗਾਏ ਗਏ ਸਨ । ਸੁਖਵਿੰਦਰ ਸਿੰਘ ਉਰਫ ਸੁੱਖਾ ਸਿੰਘ ਪਿੰਡ ਜੱਜਲ ਕੋਅਪਰੇਟਿਵ ਸੁਸਾਇਟੀ ਸੱਕਤਰ ਜੋ ਕਿ ਮੂੰਗੀ ਦੀ ਖਰੀਦ ਕਰਨ ਲਈ ਮਾਰਕਿਟ ਕਮੇਟੀ ਤਲਵੰਡੀ ਸਾਬੋ ਲਗਾਏ ਗਏ ਸਨ ਅਤੇ ਤੀਜਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਬਾਘਾ, ਜੋ ਕਿ ਸਹਾਇਕ ਪ੍ਰਾਈਵੇਟ ਮੁਲਾਜਮ ਵਜੋਂ ਆਪਣੇ ਨਾਲ ਰੱਖਿਆ ਹੋਇਆ ਸੀ। ਜਿਸ ਦਾ ਕੰਮ ਮੂੰਗੀ ਦਾ ਮੁਆਇਸਚਰ ਨੋਟ ਕਰਨਾ ਅਤੇ ਫਸਲ ਦੀ ਕਿਸਮ ਦੇਖ ਕੇ ਸਬੰਧਤ ਅਧਿਕਾਰੀਆ ਨੂੰ ਦੱਸਣਾ ਸੀ। ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਮੂੰਗੀ ਦੀ ਫਸਲ ਆਪ ਪਾਸ/ਫੇਲ ਕਰਦੇ ਸਨ । ਇਸ ਤੋਂ ਇਲਾਵਾ ਅਧਿਕਾਰੀ ਆਪ ਖੁਦ ਚੈਕ ਕਰਦੇ ਸਨ, ਜਿੰਨ੍ਹਾਂ ਦੀ ਸਿਫਾਰਸ ਜਾਂ ਕਥਿਤ ਤੌਰ ਤੇ ਪੈਸੇ ਲਏ ਹੁੰਦੇ ਸਨ, ਉਹਨਾਂ ਦੀ ਫਸਲ ਦੀ ਕੋਈ ਚੈਕਿੰਗ ਨਹੀ ਹੁੰਦੀ ਸੀ।
ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਇਨਕੁਆਰੀ DFSC ਨੂੰ ਮਾਰਕ ਕੀਤੀ ਗਈ। ਜਿਸ ਤੇ ਉਨਾਂ DFSC Inquire and Submit Report in 3 Days ਲਿਖਿਆ । ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਬਠਿੰਡਾ ਨੇ ਮਿਤੀ 12-9-2022 ਨੂੰ ਦਰਖਾਸਤ ਦੀ ਪੜਤਾਲੀਆ ਰਿਪੋਰਟ ਭੇਜ ਕੇ ਲਿਖਿਆ ਹੈ ਕਿ:-
ਕਿਹੜੇ ਰਾਹਾਂ ਚੋਂ ਕਿਵੇਂ ਲੰਘੀ ਪੜਤਾਲ,,,
DFSC ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਸਿਕਾਇਤ ਕਰਤਾ ਗੁਰਜੀਵਨ ਸਿੰਘ ਵੱਲੋਂ ਦਰਜ ਕਰਵਾਏ ਬਿਆਨ ਅਤੇ ਪੇਸ਼ ਕੀਤੀ ਗਈ ਰਿਕਾਰਡ ਆਡਿਉ ਕਾਲ ਤੋਂ ਸਾਬਤ ਹੁੰਦਾ ਹੈ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਬਾਘਾ ਵਲੋਂ ਮੂੰਗੀ ਦੀ ਫਸਲ ਖਰੀਦ ਕਰਨ ਦੇ ਇਵਜ਼ ਵਿਚ ਪੰਜ ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ਤੇ ਲਏ ਗਏ ਹਨ। ਉਨਾਂ ਕਿਹਾ ਕਿ ਭਾਵੇਂ ਹਰਪ੍ਰੀਤ ਸਿੰਘ S/o ਮੇਜਰ ਸਿੰਘ, ਬਰਾਚ ਇੰਚਾਰਜ ਮਾਰਕਫੈਡ ਰਾਮਾਂ ਦੀ ਉਕਤ ਰਿਸ਼ਵਤ ਲੈਣ ਦੇ ਸਬੰਧ ਵਿਚ ਸਿੱਧੇ ਤੌਰ ਤੇ ਸਮੂਲੀਅਤ ਹੋਣ ਸਬੰਧੀ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ, ਪ੍ਰੰਤੂ ਹਰਪ੍ਰੀਤ ਸਿੰਘ S/o ਮੇਜਰ ਸਿੰਘ, ਬਰਾਚ ਇੰਚਾਰਜ਼ ਮਾਰਕਫੈਡ ਰਾਮਾ ਦੀ ਸਮੂਲੀਅਤ ਹੋਣ ਬਾਰੇ ਜਾਂ ਨਾ ਹੋਣ ਬਾਰੇ ਮੁਕੰਮਲ ਜਾਂਚ ਕਰਨ ਤੋਂ ਬਾਅਦ ਹੀ ਸਪੱਸ਼ਟ ਹੋ ਸਕਦਾ ਹੈ, ਪ੍ਰਤੂ ਇੱਕ ਆਉਟ ਸੋਰਸ ਸਕਿਉਰਿਟੀ ਗਾਰਡ ਤੋਂ ਖਰੀਦ ਸਬੰਧੀ ਅਤੇ ਦਫਤਰ ਦਾ ਰਿਕਾਰਡ ਤਿਆਰ ਕਰਵਾਉਣ ਲਈ ਕੰਮ ਲੈਣਾ ਸਰਕਾਰੀ ਨਿਯਮਾਂ ਦੇ ਵਿਰੁੱਧ ਹੈ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਰਾਂਚ ਇੰਚਾਰਜ (ਹਰਪ੍ਰੀਤ ਸਿੰਘ S/o ਮੇਜਰ ਸਿੰਘ) ਵਿਰੁੱਧ ਕਾਰਵਾਈ ਕਰਨੀ ਬਣਦੀ ਹੈ। ਉਨਾਂ ਕਿਹਾ ਕਿ ਇਸੇ ਤਰਾਂ ਭਾਵੇਂ ਸੁਖਵਿੰਦਰ ਸਿੰਘ S/o ਮਾਹਲਾ ਸਿੰਘ ਪਿੰਡ ਜੱਜਲ ਤਹਿ: ਤਲਵੰਡੀ ਸਾਬੋ (ਬਠਿੰਡਾ) ਦੀ ਉਕਤ ਰਿਸ਼ਵਤ ਲੈਣ ਦੇ ਸਬੰਧ ਵਿਚ ਸਿੱਧੇ ਤੌਰ ਤੇ ਸਮੂਲੀਅਤ ਹੋਣ ਸਬੰਧੀ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ, ਪ੍ਰੰਤੂ ਸੁਖਵਿੰਦਰ ਸਿੰਘ S/o ਮਾਹਲਾ ਸਿੰਘ ਪਿੰਡ ਜੱਜਲ ਤਹਿ: ਤਲਵੰਡੀ ਸਾਬੋ ਦੀ ਸ਼ਮੂਲੀਅਤ ਹੋਣ ਜਾਂ ਨਾ ਹੋਣ ਬਾਰੇ ਮੁਕੰਮਲ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਦਾ ਹੈ। ਇਸ ਸਬੰਧੀ ਉਨਾਂ ਪੂਰਾ ਰਿਕਾਰਡ ਅਗਲੀ ਕਾਰਵਾਈ ਲਈ ਡੀਸੀ ਦਫਤਰ ਵੱਲ ਘੱਲ ਦਿੱਤਾ। ਫਿਰ ਮਾਨਯੋਗ ਡੀਸੀ ਨੇ ਇਹ ਰਿਪੋਰਟ ਅਗਲੀ ਕਾਰਵਾਈ ਲਈ, ਐਸਐਸਪੀ ਵੱਲ ਭੇਜਣ ਲਈ ਕਿਹਾ, 30/9/2024 ਨੂੰ ਇਹ ਪੜਤਾਲ ਰਿਪੋਰਟ ਯੋਗ ਕਾਰਵਾਈ ਲਈ ਦਫਤਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਪਾਸ ਭੇਜੀ ਗਈ। ਐਸਐਸਪੀ ਦਫਤਰ ਵੱਲੋਂ ਇਸ ਦੀ ਪੜਤਾਲ 5-10-2024 ਨੂੰ ਡੀਐਸਪੀ ਤਲਵੰਡੀ ਸਾਬੋ ਨੂੰ ਸੌਂਪੀ। ਡੀਐਸਪੀ ਤਲਵੰਡੀ ਸਾਬੋ ਸ੍ਰੀ ਰਾਜੇਸ਼ ਸਨੇਹੀ ਨੇ ਵੀ ਆਪਣੀ ਰਿਪੋਰਟ ਵਿੱਚ DFSC ਦੀ ਪੜਤਾਲੀਆਂ ਰਿਪੋਰਟ ਤੇ ਹੀ ਮੋਹਰ ਲਗਾਈ ਅਤੇ ਡੀ.ਡੀ.ਏ ਤੋਂ ਕਾਨੂੰਨੀ ਰਾਇ ਹਾਸਿਲ ਕਰਕੇ,ਅਗਲੀ ਕਾਰਵਾਈ ਕਰਨ ਬਾਰੇ ਸਿਫਾਰਸ਼ ਕੀਤੀ।
