ਹਾਲੇ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਿੰਡ ਆਇਆ ਸੀ ਮੁਕਾਬਲੇ ‘ਚ ਮਾਰਿਆ ਗਿਆ ਅਗਵਾਕਾਰ.
ਪੁਲਿਸ ਮੁਕਾਬਲਾ -ਜਾਨ ਤੇ ਖੇਡ ਕੇ ਇੰਸ: ਹਰਜਿੰਦਰ ਸਿੰਘ @ ਬਿੰਨੀ ਢਿੱਲੋਂ, ਇੰਸ: ਸ਼ਮਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਨੇ ਬਚਾਇਆ ਬੱਚਾ ਤੇ ਪਾਰ ਬੁਲਾਇਆ ਅਗਵਾਕਾਰ…
ਹਰਿੰਦਰ ਨਿੱਕਾ, ਪਟਿਆਲਾ 14 ਮਾਰਚ 2025
ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸੀਂਹਾ ਦੌਦ ਚੋਂ ਬਦਮਾਸ਼ਾਂ ਵੱਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਲੈਣ ਲਈ ਅਗਵਾ ਕੀਤੇ ਇੱਕ ਸੱਤ ਕੁ ਸਾਲ ਦੇ ਬੱਚੇ ਨੂੰ ਬਚਾਉਣ ਲਈ ਪੁਲਿਸ ਨੂੰ ਮਿਲਿਆ ਟਾਸਕ, ਪੁਲਿਸ ਪਾਰਟੀ ਨੇ ਆਲ੍ਹਾ ਅਧਿਕਾਰੀਆਂ ਦੀ ਜ਼ੇਰ ਨਿਗਰਾਨੀ ਬੱਚੇ ਨੂੰ ਸੁਰੱਖਿਅਤ ਬਚਾਕੇ ਅਤੇ ਇੱਕ ਅਗਵਾਕਾਰ ਨੂੰ ਮੌਕੇ ਤੇ ਹੀ ਢੇਰ ਕਰਕੇ, ਸਰ ਕਰ ਲਿਆ। ਪੁਲਿਸ ਟੀਮ ਦੀ ਬਹਾਦਰੀ ਦੀ ਦਾਦ ਖੁਦ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡੀਜੀਪੀ ਗੌਰਵ ਯਾਦਵ ,ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਵੀ ਦਿੱਤੀ ਹੈ। ਬੱਚੇ ਨੂੰ ਅਗਵਾ ਕਰਨ ਦਾ ਮੁੱਖ ਸਾਜਿਸ਼ਘਾੜਾ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੀਹਾਂ ਦੌਦ ਹਾਲੇ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਿੰਡ ਪਹੁੰਚਿਆ ਸੀ ,ਉਸ ਦਾ ਪਲਾਨ ਫਿਰੌਤੀ ਦੀ ਰਕਮ ਲੈ ਕੇ ਜਾਂ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ, ਫਿਰ ਕੈਨੇਡਾ ਭੱਜ ਜਾਣਾ ਸੀ। ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਵੀ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਦੋਸ਼ੀ ਕੈਨੇਡਾ ਤੋਂ ਆਇਆ ਸੀ, ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦਾ ਪਲਾਨ ਫਿਰ ਕੈਨੇਡਾ ਹੀ ਪਰਤ ਜਾਣਾ ਸੀ। ਡੀਆਈਜੀ ਸਿੱਧੂ ਨੇ ਕਿਹਾ ਕਿ ਅਗਵਾ ਬੱਚੇ ਭਵਕੀਰਤ ਸਿੰਘ ਨੇ ਦੋਸ਼ੀ ਜਸਪ੍ਰੀਤ ਸਿੰਘ ਨੂੰ ਪਛਾਣ ਲਿਆ ਸੀ,ਉਸ ਨੇ ਜਦੋਂ, ਦੋਸ਼ੀ ਨੂੰ ਅੰਕਲ ਕਹਿ ਕੇ ਬੁਲਾਇਆ ਤਾਂ ਉਸ ਨੇ ਬੱਚੇ ਨੂੰ ਮਾਰ ਦੇਣ ਦਾ ਪਲਾਨ ਵੀ ਤਿਆਰ ਕੀਤਾ ਸੀ, ਜਿਸ ਨੂੰ ਵੀ ਪੁਲਿਸ ਨੇ ਸਫਲ ਨਹੀਂ ਹੋਣ ਦਿੱਤਾ।
–ਲੰਘੀ ਕੱਲ੍ਹ ਪੁਲਿਸ ਮੁਕਾਬਲੇ ਦੀ ਘਟਨਾ ਸਬੰਧੀ ਪੁਲਿਸ ਨੇ ਦੋਸ਼ੀਆਂ ਖਿਲਾਫ ਇੱਕ ਹੋਰ ਮੁਕੱਦਮਾਂ ਥਾਣਾ ਸਦਰ ਨਾਭਾ ਵਿਖੇ ਵੀ ਦਰਜ਼ ਕਰ ਦਿੱਤਾ ਹੈ। ਇਹ ਪਰਚਾ ਇੰਸ: ਹੈਰੀ ਬੋਪਾਰਾਏ ਦੇ ਬਿਆਨ ਪਰ ਦਰਜ ਕੀਤਾ ਗਿਆ ਹੈ।
ਮੁਕਾਬਲੇ ਦੀ ਕਹਾਣੀ ਮੁਦਈ ਮੁਕੱਦਮਾਂ ਦੀ ਜੁਬਾਨੀ…
ਇੰਸ. ਹੈਰੀ ਬੋਪਾਰਾਏ,ਇੰਚਾਰਜ ਸਪੈਸ਼ਲ ਸੈਲ ਰਾਜਪੁਰਾ ਨੇ ਦੱਸਿਆ ਕਿ ਮੈਂ ਅਤੇ ਇੰਸ. ਸਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸਬੰਧ ਵਿੱਚ ਮੁੱ ਨੰ. 20 ਮਿਤੀ 13/3/25 ਅ/ਧ 137(2),140(3) BNS ਥਾਣਾ ਮਲੋਦ ਤਹਿਤ ਅਗਵਾ ਹੋਵੇ ਨਾਬਾਲਗ ਲੜਕੇ ਭਵਕੀਰਤ ਸਿੰਘ ਪੁੱਤਰ ਰਣਵੀਰ ਸਿੰਘ ਵਾਸੀ ਸੀਹਾਂਦੋਦ ਪੁਲਿਸ ਜਿਲਾ ਖੰਨਾ ਦੇ ਸਬੰਧ ਵਿੱਚ ਜੋੜੇਪੁੱਲ, ਅਮਰਗੜ੍ਹ, ਨਾਭਾ ਆਦਿ ਏਰੀਆ ਵਿੱਚ ਅਗਵਾ ਹੋਏ ਬੱਚੇ ਅਤੇ ਦੋਸ਼ੀਆਂ ਦੀ ਤਲਾਸ਼ ਵਿੱਚ ਗਸ਼ਤ ਕਰ ਰਹੇ ਸਨ, ਜੋ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਬੱਚੇ ਨੂੰ ਅਗਵਾ ਕੀਤਾ ਸੀ, ਜਿਸ ਬਾਰੇ ਖੰਨਾ ਅਤੇ ਮਲੇਰਕੋਟਲਾ ਪੁਲਿਸ ਵੀ ਤਲਾਸ਼ ਕਰ ਰਹੀ ਹੈ, ਜੋ ਅਗਵਾ ਕੀਤਾ ਹੋਇਆ ਬੱਚਾ ਦੋਸ਼ੀ ਵੱਲੋ ਫਾਰਚੂਨਰ ਗੱਡੀ ਨੰ.26 CY-8619 ਵਿੱਚ ਡਰਾ ਧਮਕਾ ਕੇ ਰੱਖਿਆ ਹੋਇਆ ਹੈ, ਜੋ ਕਿਸੇ ਵੀ ਸਮੇ ਬੱਚੇ ਨੂੰ ਮਾਰ ਕੇ ਨਹਿਰ ਵਗੈਰਾ ਵਿੱਚ ਸੁੱਟ ਸਕਦਾ ਹੈ।
ਇੰਸ: ਅਨੁਸਾਰ ਉਨਾਂ ਨੂੰ ਅਗਵਾਕਾਰ ਦੋਸ਼ੀ ਆਪਣੀ ਗੱਡੀ ਪਰ ਸਵਾਰ ਹੁੰਦਾ ਹੋਇਆ ਪਿੰਡ ਕੈਦੂਪੁਰ ਸਾਇਡ ਤੋ ਆਉਦਾ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀ ਨੇ ਆਪਣੀ ਗੱਡੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਪਿੰਡ ਸਮਲਾ ਸਾਇਡ ਪਿੰਡਾਂ ਵੱਲ ਨੂੰ ਭਜਾ ਲਈ। ਜੋ ਪੁਲਿਸ ਪਾਰਟੀਆਂ ਵੀ ਦੋਸ਼ੀ ਦਾ ਪਿੱਛਾ ਕਰਨ ਲੱਗ ਪਈਆ, ਜੋ ਦੋਸ਼ੀ ਬਹੁਤ ਹੀ ਖਤਰਨਾਕ ਤਰੀਕੇ ਨਾਲ ਡਰਾਇਵਰੀ ਕਰਦਾ ਹੋਇਆ ਜਾ ਰਿਹਾ ਸੀ, ਜਿਸ ਨੂੰ ਪਿੰਡ ਮੰਡੋੜ ਦੇ ਖੇਤਾ ਵਿੱਚ ਬਣੀ ਸਮਾਧ ਪਾਸ ਪੁਲਿਸ ਨੇ ਘੇਰਾ ਪਾ ਲਿਆ, ਜੋ ਦੋਸ਼ੀ ਨੂੰ ਸਿਰੰਡਰ ਕਰਨ ਦੀ ਅਪੀਲ ਕੀਤੀ ਗਈ।
ਪੁਲਿਸ ਵੱਲ ਦੋਸ਼ੀ ਨੇ ਗੱਡੀ ਕਰਤੀ ਸਿੱਧੀ…
ਮੁਦਈ ਇੰਸਪੈਕਟਰ ਨੇ ਕਿਹਾ ਕਿ ਦੋਸ਼ੀ ਨੇ ਆਪਣੀ ਗੱਡੀ ਪਿੱਛੇ ਮੋੜ ਕੇ ਮਾਰ ਦੇਣ ਦੀ ਨੀਯਤ ਨਾਲ ਇੰਸ. ਸ਼ਮਿੰਦਰ ਸਿੰਘ ਅਤੇ ਇੰਸ. ਹਰਜਿੰਦਰ ਸਿੰਘ ਪਰ ਚੜ੍ਹਾਉਣ ਦੀ ਕੋਸਿ਼ਸ਼ ਕੀਤੀ, ਜਿਨ੍ਹਾਂ ਨੇ ਮੁਸ਼ਿਕਲ ਨਾਲ ਆਪਣੀ ਅਤੇ ਸਾਥੀ ਮੁਲਾਜਮਾਂ ਦੀ ਜਾਨ ਬਚਾਈ, ਜੋ ਗੱਡੀ ਖੇਤਾਂ ਵਿੱਚ ਉਤਰ ਗਈ, ਜੋ ਦੋਸ਼ੀ ਨੇ ਫਿਰ ਗੱਡੀ ਭਜਾਉਣ ਦੀ ਕੋਸਿ਼ਸ਼ ਕੀਤੀ, ਜੋ ਪੁਲਿਸ ਪਾਰਟੀ ਨੇ ਪੈਦਲ ਹੀ ਖੇਤਾਂ ਵਿੱਚ ਗੱਡੀ ਨੂੰ ਘੇਰਨ ਦੀ ਕੋਸਿ਼ਸ਼ ਕੀਤੀ ਤਾਂ ਦੋਸ਼ੀ ਨੇ ਗੱਡੀ ਵਿੱਚ ਉੱਤਰ ਕੇ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ਪਰ ਫਾਇਰ ਕਰਨੇ ਸੁ਼ਰੂ ਕਰ ਦਿੱਤੇ ਅਤੇ ਖੇਤਾਂ ਵਿੱਚੋ ਭੱਜਦਾ ਹੋਇਆ ਮੋਟਰ ਦੇ ਨੇੜੇ ਬਣੀ ਸਮਾਧ ਪਾਸ ਚਲਾ ਗਿਆ, ਜੋ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਘੇਰਾ ਪਾ ਲਿਆ, ਜੋ ਦੋਸ਼ੀ ਨੂੰ ਫਾਇਰ ਨਾ ਕਰਨ ਅਤੇ ਆਪਣੇ ਆਪ ਨੂੰ ਪੁਲਿਸ ਪਾਰਟੀ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਗਈ, ਪਰੰਤੂ ਦੋਸ਼ੀ ਨੇ ਪੁਲਿਸ ਪਾਰਟੀ ਪਰ ਫਾਇਰ ਕੀਤੇ, ਜੋ ਫਿਰ ਪੁਲਿਸ ਪਾਰਟੀ ਵੱਲੋ ਹਵਾਈ ਫਾਇਰ ਕੀਤੇ ਗਏ, ਪਰ ਦੋਸ਼ੀ ਨੇ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ਪਰ ਫਿਰ ਤੋਂ ਫਾਇਰ ਕੀਤੇ, ਜੋ ਇੰਸ. ਸ਼ਮਿੰਦਰ ਸਿੰਘ ਤੇ ਇੰਸ. ਹਰਜਿੰਦਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਦੋਸ਼ੀ ਦੀਆ ਲੱਤਾਂ ਵੱਲ ਫਾਇਰ ਕੀਤੇ, ਪਰ ਆਪਣੇ ਆਪ ਨੂੰ ਘਿਰਿਆ ਦੇਖ ਕੇ ਦੋਸ਼ੀ ਨੇ ਪੁਲਿਸ ਪਾਰਟੀ ਪਰ ਫਿਰ ਤੋ ਫਾਇਰ ਕੀਤੇ।
‘ਤੇ ਫਿਰ ਦੋਸ਼ੀ ਹੋਇਆ ਜਖਮੀ…
ਮੁਦਈ ਮਕੁੱਦਮਾ ਮੁਤਾਬਿਕ ਇੰਸ. ਸਮਿੰਦਰ ਸਿੰਘ ਤੇ ਇੰਸ. ਹਰਜਿੰਦਰ ਸਿੰਘ @ ਬਿੰਨੀ ਢਿੱਲੋਂ ਨੇ ਵੱਖ-ਵੱਖ ਪੁਜੀਸ਼ਨਾਂ ਤੋ ਪੁਲਿਸ ਪਾਰਟੀ ਦੀ ਹਿਫਾਜਤ ਲਈ ਦੋਸ਼ੀ ਪਰ ਫਾਇਰ ਕੀਤੇ, ਜਿਸ ਕਾਰਨ ਉਹ ਜਖਮੀ ਹੋ ਗਿਆ। ਜੋ ਦੋਸ਼ੀ ਵੱਲੋ ਕੀਤੀ ਫਾਇਰਿੰਗ ਦੌਰਾਨ ਸਿਪਾਹੀ ਰੁਪਿੰਦਰ ਸਿੰਘ, ਪੀ.ਐਚ.ਜੀ ਬਲਜਿੰਦਰ ਸਿੰਘ ਅਤੇ ਪੀ.ਐਚ.ਜੀ ਸਿ਼ਵਜੀ ਗਿਰ ਜਖਮੀ ਹੋ ਗਏ। ਪੁਲਿਸ ਨੇ ਫਾਰਚੂਨਰ ਦੀ ਡਿੱਗੀ ਵਿੱਚੋ ਬੱਚਾ ਬ੍ਰਾਮਦ ਕਰ ਲਿਆ। ਜਖਮੀ ਪੁਲਿਸ ਕਰਮਚਾਰੀ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹਨ। ਜਦੋਂਕਿ ਦੋਸ਼ੀ ਨੂੰ ਇਲਾਜ ਲਈ ਰਾਜਿੰਦਰਾ ਹਸਪਾਤਲ ਪਟਿਆਲਾ ਲੈ ਜਾਇਆ ਗਿਆ ਤਾਂ ਚੈਕ ਕਰਨ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਇਸ ਮੁਕਾਬਲੇ ਦੀ ਘਟਨਾ ਸਬੰਧੀ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੀਹਾਂ ਦੌਦ ,ਪੁਲਿਸ ਜਿਲ੍ਹਾ ਖੰਨਾ ਦੇ ਖਿਲਾਫ U/S 109,132, 221,281,125-B BNS, Sec 25/54/59 Arms Act ਤਹਿਤ ਕੇਸ ਦਰਜ ਕਰ ਕੇ,ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।