ਗੁੰਡਾਗਰਦੀ ਤੇ ਉੱਤਰੇ ਨਸ਼ਾ ਛੁਡਾਊ ਕੇਂਦਰ ਦੇ ਮੁਲਾਜਮ..! ਸਰਕਾਰੀ ਹਸਪਾਤਲ ‘ਚ ਪਾਇਆ ਖਰੂਦ

Advertisement
Spread information

ਡਿਊਟੀ ਤੇ ਤਾਇਨਾਤ ਨਰਸਿੰਗ ਸਿਸਟਰ ਨਾਲ ਬਦਸਲੂਕੀ ਕਰਕੇ ਕਮਰੇ ਦਾ ਸ਼ੀਸ਼ਾ ਵੀ ਭੰਨ੍ਹਿਆ, 

ਕਾਰਵਾਈ ਤੋਂ ਬਚਾਅ ਲਈ ਪ੍ਰਸ਼ਾਸ਼ਨ ਤੇ ਪੈ ਰਿਹੈ ਦਬਾਅ, ਸ਼ਕਾਇਤ ਦੇ ਬਾਵਜੂਦ ਨਹੀਂ ਹੋਈ FIR  

ਏਕਤਾ ਨਸ਼ਾ ਛੁਡਾਊ ਕੇਂਦਰ ਦੇ ਬੋਰਡ ਤੇ ਲਿਖੇ ਦੋਵੇਂ ਨੰਬਰ ਆ ਰਹੇ ਸਵਿਚ ਆੱਫ…

ਹਰਿੰਦਰ ਨਿੱਕਾ, ਬਰਨਾਲਾ 21 ਜਨਵਰੀ 2025

       ਸ਼ਹਿਰ ਦੇ ਅਗਰਸੈਨ ਚੌਂਕ ‘ਚ ਚੱਲ ਰਹੇ ਏਕਤਾ ਨਸ਼ਾ ਛੁਡਾਊ ਕੇਂਦਰ ਦੇ ਜਾਹਿਰ ਕਰਦਾ ਦੋ ਮੁਲਾਜਮਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ, ਗੁੰਡਾਗਰਦੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਗੁੰਡਾਗਰਦੀ ਦੇ ਖਿਲਾਫ ਜਿੱਥੇ ਹਸਪਾਤਲ ਦੇ ਸਮੂਹ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹੈ, ਉੱਥੇ ਸਿਹਤ ਵਿਭਾਗ ਦੇ ਮੁਲਾਜਮ ਪੁਲਿਸ ਵੱਲੋਂ ਕੇਸ ਦਰਜ ਕਰਨ ਵਿੱਚ ਕੀਤੀ ਜਾ ਰਹੀ ਟਾਲਮਟੋਲ ਤੋਂ ਵੀ ਡਾਹਢੇ ਖਫਾ ਨਜ਼ਰ ਆ ਰਹੇ ਹਨ। ਜਦੋਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਵੱਲੋਂ ਦੋਵਾਂ ਧਿਰਾਂ ਦਰਮਿਆਨ ਸੁਲ੍ਹਾ ਸਫਾਈ ਦੇ ਯਤਨ ਜ਼ਾਰੀ ਹਨ। ਪਤਾ ਲੱਗਿਆ ਹੈ ਕਿ ਅੱਜ ਦੋਵੇਂ ਮੁਲਜਮ ਖਿਮਾ ਜਾਚਨਾ ਲਈ ਸਿਹਤ ਵਿਭਾਗ ਦੇ ਇੱਕ ਆਲ੍ਹਾ ਅਧਿਕਾਰੀ ਦੇ ਦਫਤਰ ਵੀ ਪਹੁੰਚੇ ਸਨ, ਪਰ ਖਬਰ ਲਿਖੇ ਜਾਣ ਤੱਕ ਫਿਲਹਾਲ ਸਮਝੌਤੇ ਦੀ ਗੱਲ ਸਿਰੇ ਨਹੀਂ ਚੜ੍ਹੀ। 

     ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਕੱਲ੍ਹ ਸਵੇਰੇ ਕਰੀਬ ਸਾਢੇ 11 ਵਜੇ, ਏਕਤਾ ਨਸ਼ਾ ਛੁਡਾਊ ਕੇਂਦਰ ਦੇ ਜਾਹਿਰ ਕਰਦਾ ਦੋ ਮੁਲਾਜਮ ਜੱਚਾ-ਬੱਚਾ ਹਸਪਤਾਲ ਪਹੁੰਚੇ, ਜਿੰਨ੍ਹਾਂ ਨੇ ਹਸਪਾਤਲ ਦੀ ਪਹਿਲੀ ਮੰਜਿਲ ਤੇ ਸਥਿਤ ਨਰਸਿੰਗ ਸਿਸਟਰ ਦੇ ਦਫਤਰ ਵਿੱਚ ਪਹੁੰਚ ਕੇ ਨਰਸਿੰਗ ਸਿਸਟਰ ਨਾਲ ਪਹਿਲਾਂ ਤਕਰਾਰ ਤੇ ਫਿਰ ਕਾਫੀ ਗਾਲੀ ਗਲੋਚ ਵੀ ਕੀਤਾ, ਕਿਸੇ ਝਗੜੇ ਤੋਂ ਬਚਾਅ ਲਈ, ਜਦੋਂ ਨਰਸਿੰਗ ਸਿਸਟਰ ਨੇ ਕਮਰੇ ਦਾ ਦਰਵਾਜਾ ਬੰਦ ਕਰਨਾ ਚਾਹਿਆ ਤਾਂ ਦੋਵਾਂ ਦੋਸ਼ੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕਮਰੇ ਦਾ ਸ਼ੀਸ਼ਾ ਹੀ ਭੰਨ ਦਿੱਤਾ। ਇਸ ਤਰਾਂ ਖਰੂਦ ਪਾਏ ਜਾਣ ਦੀ ਭਿਣਕ ਪੈਂਦਿਆਂ ਹਸਪਤਾਲ ਦੇ ਹੋਰ ਮੁਲਾਜਮ ਵੀ ਉੱਥੇ ਪਹੁੰਚ ਗਏ। ਜਿੰਨ੍ਹਾਂ ਇਕੱਠੇ ਹੋ ਕੇ,ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ,ਮੌਕੇ ਤੇ ਪੁਲਿਸ ਪਾਰਟੀ ਨੂੰ ਵੀ ਬੁਲਾ ਲਿਆ। ਆਖਿਰ ਪੁਲਿਸ ਪਾਰਟੀ ਦੋਵਾਂ ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ,ਥਾਣਾ ਸਿਟੀ 1 ਬਰਨਾਲਾ ਪਹੁੰਚ ਗਈ।

ਦੋਸ਼ੀਆਂ ਨੇ ਕਿਉਂ ਕੀਤੀ ਗੁੰਡਾਗਰਦੀ..  

     ਮੌਕਾ ਵਾਲੀ ਥਾਂ ਤੋਂ ਪਤਾ ਲੱਗਿਆ ਹੈ ਕਿ ਹਸਪਤਾਲ ਵਿੱਚ ਗੁੰਡਾਰਦੀ ਕਰਨ ਵਾਲੇ ਵਿਅਕਤੀ ਏਕਤਾ ਨਸ਼ਾ ਛੁਡਾਊ ਕੇਂਦਰ ਦੇ ਮੁਲਾਜਮ ਹਨ, ਜਿਹੜੇ ਆਪਣੀਆਂ ਗੱਡੀਆਂ ਹਸਪਤਾਲ ਦੀ ਪਾਰਕਿੰਗ ਵਿੱਚ ,ਅਫਸਰਾਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਬਣਾਏ ਸ਼ੈਡ ਹੇਠ ਖੜ੍ਹੀਆਂ ਕਰਦੇ ਸਨ, ਜਿੰਨ੍ਹਾਂ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਵੀ ਗਿਆ ਸੀ। ਲੰਘੀ ਕੱਲ੍ਹ, ਹਸਪਤਾਲ ਦੇ ਕਿਸੇ ਮੁਲਾਜਮ ਨੇ ਗੱਡੀ ਦੇ ਟਾਇਰਾਂ ਵਿੱਚੋਂ ਹਵਾ ਕੱਢ ਦਿੱਤੀ। ਜਦੋਂ ਨਸ਼ਾ ਛੁਡਾਊ ਕੇਂਦਰ ਦੇ ਮੁਲਾਜਮਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋਏ, ਹਸਪਤਾਲ ਦੀ ਪਾਰਕਿੰਗ ਦੀ ਦੇਖ-ਰੇਖ ਦਾ ਜਿੰਮਾ ਸੰਭਾਲ ਰਹੀ ਨਰਸਿੰਗ ਸਿਸਟਰ ਦੇ ਕਮਰੇ ਵਿੱਚ ਚਲੇ ਗਏ ਤੇ ਗਾਲੀ ਗਲੋਚ ਤੋਂ ਇਲਾਵਾ ਭੰਨਤੋੜ ਤੇ ਉੱਤਰ ਆਏ। ਉੱਧਰ ਏਕਤਾ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਲੱਗੇ ਮੇਨ ਬੋਰਡ ਤੇ ਲਿਖੇ ਦੋਵਾਂ ਨੰਬਰਾਂ ਤੇ ਸੰਪਰਕ ਕਰਕੇ,ਉਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ,ਪਰੰਤੂ ਦੋਵੇਂ ਮੋਬਾਇਲ ਨੰਬਰ ਸਵਿਚ ਆੱਫ ਹੀ ਦੱਸ ਰਹੇ ਸਨ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਕਾਫੀ ਅਸਰ-ਰਸੂਖ ਤੇ ਦਬਦਬਾ ਰੱਖਣ ਵਾਲੇ ਹਨ ਅਤੇ ਪ੍ਰਸ਼ਾਸ਼ਨ ਤੇ ਉਨਾਂ ਦੇ ਮੁਲਾਜਮਾਂ ਖਿਲਾਫ ਕਾਨੂੰਨੀ ਕਾਰਵਾਈ ਹੋਣ ਤੋਂ ਰੋਕਣ ਲਈ, ਵੱਡੇ ਲੀਡਰਾਂ ਤੇ ਅਫਸਰਾਂ ਦੀਆਂ ਘੰਟੀਆਂ ਖੜਕਾਈਆਂ ਜਾ ਰਹੀਆਂ ਹਨ। ਨਤੀਜੇ ਵਜੋਂ ਹਾਲੇ ਤੱਕ ਕੋਈ ਕਾਰਵਾਈ ਕਰਨ ਦੀ ਬਜਾਏ, ਮੁਲਾਜਮਾਂ ਤੇ ਹੀ ਕਾਰਵਾਈ ਕਰਵਾਉਣ ਤੋਂ ਪਿੱਛੇ ਹਟ ਜਾਣ ਅਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। 

ਐਸ.ਐਮ.ਓ ਨੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਭੇਜੀ ਸ਼ਕਾਇਤ…

   ਇਸ ਗੁੰਡਾਗਰਦੀ ਦੀ ਘਟਨਾ ਸਬੰਧੀ ਪੈਰਾ ਮੈਡੀਕਲ ਐਸੋਸੀਏਸ਼ਨ ਬਰਨਾਲਾ ਅਤੇ ਐਮ.ਸੀ.ਐਚ ਦੇ ਕਰਮਚਾਰੀਆਂ ਨੇ ਲਿਖਤੀ ਸ਼ਕਾਇਤ ਐਸ.ਐਮ.ਓ ਡਾਕਟਰ ਤਪਿੰਦਰਜੋਤ @ ਜੋਤੀ ਕੌਸ਼ਲ ਨੂੰ ਦਿੱਤੀ। ਐਸਐਮਓ ਜੋਤੀ ਕੌਸ਼ਲ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨਾਂ ਮੁਲਾਜਮਾਂ ਦੀ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਅਤੇ ਗਾਲੀ ਗਲੋਚ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਆਪਣੇ ਦਫਤਰ ਵੱਲੋਂ ਪੱਤਰ ਸਮੇਤ ਸ਼ਕਾਇਤ, ਥਾਣਾ ਸਿਟੀ 1 ਬਰਨਾਲਾ ਵਿਖੇ ਭੇਜਿਆ ਹੈ। ਪਰੰਤੂ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਸੂਚਨਾ, ਉਨਾਂ ਕੋਲ ਨਹੀਂ ਪਹੁੰਚੀ

ਜੇ ਕਾਰਵਾਈ ਨਾ ਹੋਈ ਤਾਂ ਕਰਾਂਗੇ ਸੰਘਰਸ਼-ਗੁਰਪ੍ਰੀਤ ਸ਼ਹਿਣਾ

   ਪੈਰਾ ਮੈਡੀਕਲ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸ਼ਹਿਣਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਿਸੇ ਦਬਾਅ ਕਾਰਣ, ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਿੱਚ ਢਿੱਲ ਵਰਤੀ ਤਾਂ ਫਿਰ ਉਹ ਸਿਹਤ ਵਿਭਾਗ ਦੇ ਸਮੂਹ ਮੁਲਾਜਮਾਂ ਨੂੰ ਨਲਾ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਉਨਾਂ ਕਿਹਾ ਕਿ ਇਹ ਕਾਰਵਾਈ ਕਰਵਾਉਣਾ ਇਸ ਲਈ ਵੀ ਜਰੂਰੀ ਹੈ ਕਿ ਦੋਸ਼ੀਆਂ ਨੇ ਹਸਪਤਾਲ ਵਿੱਚ ਪਹੁੰਚ ਕੇ, ਮਹਿਲਾ ਮੁਲਾਜਮ ਨਾਲ ਬਦਸਲੂਕੀ ਕੀਤੀ ਹੈ,ਜੇਕਰ  ਅਜਿਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਨੱਥ ਨਾ ਪਾਈ ਗਈ ਤਾਂ ਫਿਰ ਹਰ ਕੋਈ ਹਸਪਤਾਲ ਵਿੱਚ ਗੁੰਡਾਗਰਦੀ ਕਰਿਆ ਕਰੇਗਾ ਤੇ ਮੁਲਾਜਮਾਂ ਨੂੰ ਡਿਊਟੀ ਕਰਨਾ ਮੁਸ਼ਕਿਲ ਹੋ ਜਾਵੇਗਾ। ਉਨਾਂ ਦੱਸਿਆ ਕਿ ਦੋਵਾਂ ਜਣਿਆਂ ਵਿੱਚੋਂ ਇੱਕ ਏਕਤਾ ਨਸ਼ਾ ਛੁਡਾਊ ਕੇਂਦਰ ਦਾ ਮੁਲਾਜਮ ਹੋਣ ਤੋਂ ਇਲਾਵਾ ਖੁਦ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਪੰਜਾਬ) ਦਾ ਸ਼ਹਿਰੀ ਬਰਨਾਲਾ ਦਾ ਪ੍ਰਧਾਨ ਵੀ ਦੱਸ ਰਿਹਾ ਸੀ, ਜਿਸ ਦਾ ਆਈ ਕਾਰਡ ਝਗੜੇ ਦੌਰਾਨ ਉੱਥੇ ਹੀ ਡਿੱਗ ਗਿਆ ਸੀ। ਜੋਂ ਪੁਲਿਸ ਨੂੰ ਦੇ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਕਿਸਾਨ ਯੂਨੀਅਨ ਦੇ ਆਈ ਕਾਰਡ ਤੇ ਜ਼ਾਰੀ ਕਰਨ ਵਾਲੇ ਦਾ ਨਾਂ ਓਮਕਾਰ ਸਿੰਘ ਪ੍ਰਧਾਨ ਪੰਜਾਬ ਤਾਂ ਲਿਖਿਆ ਹੋਇਆ ਹੈ, ਪਰ ਜਿਸ ਨੂੰ ਕਾਰਡ ਜ਼ਾਰੀ ਕਰਕੇ ਬਰਨਾਲਾ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ, ਉਸ ਦੇ ਐਡਰੈਸ ਵਾਲੀ ਥਾਂ ਤੇ ਸਿਰਫ ਬਰਨਾਲਾ ਲਿਖਿਆ ਗਿਆ ਹੈ,ਕੋਈ ਥਹੁ ਪਤਾ ਜਾਂ ਠਿਕਾਣਾ ਅੰਕਿਤ ਨਹੀਂ ਹੈ। 

ਪੁਲਿਸ ਜਾਂਚ ਕਰ ਰਹੀ ਹੈ, ਜਰੂਰ ਕਰਾਂਗੇ ਕਾਰਵਾਈ-ਐਸਐਚਓ 

    ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐਸਐਮਓ ਵੱਲੋਂ ਦਿੱਤੀ ਸ਼ਕਾਇਤ ਮਿਲ ਗਈ ਹੈ, ਦੋਵਾਂ ਧਿਰਾਂ ਦੇ ਕੁੱਝ ਵਿਅਕਤੀਆਂ ਨੇ ਦੋਵਾਂ ਧਿਰਾਂ ਦਰਮਿਆਨ ਸਮਝੌਤੇ ਦੀ ਗੱਲ ਚੱਲਦੇ ਹੋਣ ਬਾਰੇ ਦੱਸਿਆ ਹੈ। ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਫਿਰ ਪੁਲਿਸ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। 

Advertisement
Advertisement
Advertisement
Advertisement
error: Content is protected !!