ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ, ਇਸੇ ਕਰਕੇ ਖੁਸ਼ੀ ਭਾਵ ਲੋਹੜੀ ਵੰਡੀ ਜਾਂਦੀ ਹੈ : ਸ਼ਿਵਦਰਸਨ ਕੁਮਾਰ ਸ਼ਰਮਾ
ਸਮਾਜਿਕ ਬੁਰਾਈਆਂ ਨੂੰ ਲੋਹੜੀ ਦੀ ਧੂਣੀ ਵਿੱਚ ਫੂਕ ਕੇ ਚੰਗੇ ਸਮਾਜ ਦੀ ਸਿਰਜਣਾ ਦਾ ਪ੍ਰਣ ਕੀਤਾ ਜਾਵੇ : ਸ਼ਿਵ ਸਿੰਗਲਾ
ਰਘਵੀਰ ਹੈਪੀ, ਬਰਨਾਲਾ 10 ਜਨਵਰੀ 2025
‘‘ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ, ਇਸੇ ਕਰਕੇ ਲੋਹੜੀ ਦੇ ਮੌਕੇ, ਸਿਰਫ ਰਿਊੜੀਆਂ, ਮੂੰਗਫਲੀਆਂ ਹੀ ਨਹੀਂ,ਬਲਕਿ ਖੁਸ਼ੀਆਂ ਵੰਡੀਆਂ ਜਾਂਦੀਆਂ ਹਨ’’ ਇਹ ਵਿਚਾਰ ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸ਼ਰਮਾ ਨੇ ਐੱਸ.ਐੱਸ.ਡੀ ਕਾਲਜ ਵਿੱਚ ਲੋਹੜੀ ਦੇ ਤਿਉਹਾਰ ਮਨਾਉਂਦੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਇਥੇ ਧਰਮ ਅਤੇ ਰੁੱਤਾਂ ਨਾਲ ਸਬੰਧਿਤ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਦੇ ਤਿਉਹਾਰ ਨਾਲ ਵੀ ਕਈ ਮਿੱਥਾਂ ਜੁੜਦੀਆਂ ਹਨ, ਪਰ ਲੋਹੜੀ ਨਵੇਂ ਜੀਵਨ ਤੇ ਨਵੀਂ ਸੁਰੂਆਤ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਸਾਨੂੰ ਪੁੱਤਰਾਂ ਦੇ ਨਾਲ ਧੀਆਂ ਦੇ ਜਨਮ ਦੀ ਖੁਸ਼ੀ ਮਨਾਉਂਦਿਆਂ ਲੜਕੀਆਂ ਦੀ ਲੋਹੜੀ ਵੀ ਵੰਡਣੀ ਚਾਹੀਦੀ ਹੈ।
ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਇਸ ਮੌਕੇ ਕਿਹਾ ਕਿ ‘ਅਜੋਕੇ ਸਮੇਂ ਦੀ ਮੰਗ ਹੈ ਕਿ ਪੁੱਤਾਂ ਧੀਆਂ ਦੀਆਂ ਲੋਹੜੀ ਦੀਆਂ ਖੁਸ਼ੀਆਂ ਮਨਾਉਣ ਦੇ ਨਾਲ ਨਾਲ ਅਸੀਂ ਸਮਾਜਿਕ ਚੇਤਨਾ ਦੀ ਵੀ ਲੋਹੜੀ ਬਾਲ਼ੀਏ। ਜਿਵੇਂ ‘ਅਸੀਂ ਈਸ਼ਰ ਆਏ ਦਲਿੱਦਰ ਜਾਏ’ ਕਹਿੰਦਿਆਂ ਲੋਹੜੀ ਦੀ ਧੂਣੀ ਦੀ ਅੱਗ ਵਿੱਚ ਤਿਲ ਪਾਉਂਦੇ ਹਾਂ, ਉਵੇਂ ਹੀ ਸਮਾਜਿਕ ਕੁਰੀਤਿਆਂ ਨੂੰ ਲੋਹੜੀ ਦੀ ਅੱਗ ਵਿੱਚ ਫੂਕ ਦੇਈਏ ਅਤੇ ਸਮਾਜ ਨੂੰ ਨਸਿਆਂ, ਅਣਪੜ੍ਹਤਾ, ਬੇਰੁਜਗਾਰੀ, ਊਚ ਨੀਚ, ਭੇਦਭਾਵ ਆਦਿ ਅਲਾਮਤਾਂ ਨੂੰ ਖਤਮ ਕਰਦਿਆਂ ਅੱਜ ਚੰਗੇ ਸਮਾਜ ਦੀ ਸਿਰਜਣਾ ਦਾ ਪ੍ਰਣ ਕਰੀਏ।’
ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਜਿੰਦਲ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦੇ ਵੇਹੜੇ ਵਿੱਚ ਲੋਹੜੀ ਦੀ ਧੂਣੀ ਬਾਲ਼ੀ ਗਈ ਅਤੇ ‘ਈਸਰ ਆਏ ਦਲਿੱਦਰ ਜਾਏ’ ਗਾਉਂਦਿਆਂ ਬਲ਼ਦੀ ਧੂਣੀ ਵਿੱਚ ਤਿਲ਼ ਪਾਏ। ਇਸ ਮੌਕੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਰਿਊੜੀਆਂ, ਮੂੰਗਫਲੀ, ਗੱਚਕ, ਤਿਲ਼ ਭੁੱਗਾ, ਡਰਾਈ ਫਰੂਟ ਅਤੇ ਮਿਠਿਆਈਆਂ ਵੰਡੀਆਂ ਗਈਆਂ।
ਇਸ ਮੌਕੇ ਸੰਗੀਤ ਦੇ ਪ੍ਰੋਫੈਸਰ ਡਾ: ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀ ਜੈਸਵੀਰ, ਕੇ.ਪੀ ਜੱਸੀ ਅਤੇ ਉਹਨਾਂ ਦੇ ਸਾਥੀਆਂ ਨੇ ਲੋਹੜੀ ਨਾਲ ਸਬੰਧਿਤ ਅਤੇ ਹੋਰ ਸੱਭਿਆਚਾਰਕ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ। ਕਾਲਜ ਦੇ ਪ੍ਰੋ: ਸੁਨੀਤਾ ਰਾਣੀ, ਪ੍ਰੋ: ਸਰਬਜੀਤ ਕੌਰ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਨਰਿੰਦਰ ਕੌਰ, ਪ੍ਰੋ: ਕਦੰਬਰੀ ਗਾਸੋ ਅਤੇ ਵਿਦਿਆਰਥੀ ਵਿਕਰਮ ਅਤੇ ਸੋਮਨਾਥ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਗਿੱਧਾ ਭੰਗੜਾ ਪਾਉਂਦਿਆਂ ਖੂਬ ਨੱਚ ਟੱਪ ਕੇ ਲੋਹੜੀ ਦੀਆਂ ਖੁਸੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਐੱਸ.ਡੀ ਸਭਾ ਦੇ ਮੈਂਬਰ ਸੁਭਾਸ਼ ਮੱਕੜਾ ਅਤੇ ਲੋਕੇਸ਼ ਮੱਕੜਾ, ਕਾਲਜ ਦੇ ਪ੍ਰੋਫੈਸਰ ਭਾਰਤ ਭੂਸਣ, ਪ੍ਰੋ: ਨੀਰਜ ਸਰਮਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸੀਮਾ ਰਾਣੀ, ਪ੍ਰੋ: ਚਰਨਜੀਤ ਸਿੰਘ, ਪ੍ਰੋ: ਪਰਵਿੰਦਰ ਕੌਰ, ਪ੍ਰੋ: ਗੁਰਪਿਆਰ ਸਿੰਘ, ਪ੍ਰੋ: ਰਾਹੁਲ ਗੁਪਤਾ, ਪ੍ਰੋ: ਬਬਲਜੀਤ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਮਨਪ੍ਰੀਤ ਸਿੰਘ, ਪ੍ਰੋ: ਸੁਖਪ੍ਰੀਤ ਕੌਰ, ਬੇਅੰਤ ਕੌਰ, ਮੀਡੀਆ ਸਲਾਹਕਾਰ ਜਗਸੀਰ ਸਿੰਘ ਸੰਧੂ, ਅਸੀਸ ਸਿੰਗਲਾ, ਸਾਧੂ ਸਿੰਘ ਸੰਘੇੜਾ, ਰਜਿਤ ਕੁਮਾਰ ਬੌਬੀ ਅਤੇ ਜਸਦੀਪ ਸਿੰਘ ਆਦਿ ਹਾਜਰ ਸਨ।