ਹਰਿੰਦਰ ਨਿੱਕਾ, ਪਟਿਆਲਾ 10 ਜਨਵਰੀ 2025
ਹਸਪਤਾਲ ਦਾ ਨਕਸ਼ਾ ਪਾਸ ਕਰਵਾਉਣ ਦੇ ਨਾਂ ਤੇ ਡੇਢ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਗਰ ਨਿਗਮ ਪਟਿਆਲਾ ਦੇ ਸਹਾਇਕ ਟਾਊਨ ਪਲੈਨਰ ਅਤੇ ਇੱਕ ਆਰਕੀਟੈਕਟ ਨੂੰ ਰੰਗੇ ਹੱਥੀਂ ਦਬੋਚ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਦੀ ਅਗਵਾਈ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਕੀਤੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਨਯੋਗ ਮੁੱਖ ਡਾਇਰੈਕਟਰ ਪੰਜਾਬ, ਐਸ.ਏ.ਐਸ.ਨਗਰ(ਮੋਹਾਲੀ) ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਜਗਤਪ੍ਰੀਤ ਸਿੰਘ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ/ਖਤਮ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਦੋਸ਼ੀਆਂ ਜਸਪਾਲ ਸਿੰਘ ਏ.ਟੀ.ਪੀ. ਨਗਰ ਨਿਗਮ ਪਟਿਆਲਾ ਅਤੇ ਅਨੀਸ ਖੰਨਾ ਆਰਕੀਟੈਕਟ ਨੂੰ 50,000/- ਰੁਪਏ ਬਤੌਰ ਰਿਸਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ।
ਮੁਕੱਦਮਾ ਦੇ ਮੁਦਈ ਬੀ.ਏ.ਐਮ.ਐੱਸ. ਡਾਕਟਰ ਅਸ਼ੋਕ ਕੁਮਾਰ ਵਾਸੀ ਪਾਤੜ੍ਹਾਂ, ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਸਾਲ 1998 ਤੋਂ ਪਾਤੜਾਂ ਵਿਖੇ ਮਹਾਂਵੀਰ ਪਟਿਆਲਾ ਹਸਪਤਾਲ ਦੇ ਨਾਮ ਪਰ ਆਪਣਾ ਕਲੀਨਿਕ ਚਲਾ ਰਿਹਾ ਹੈ। ਜਿਸ ਦਾ ਦੇਵੀਗੜ੍ਹ ਰੋਡ ਪਰ ਪਿੰਡ ਘਲੋੜ੍ਹੀ ਤਹਿਸੀਲ ਵਾ ਜ਼ਿਲ੍ਹਾ ਪਟਿਆਲਾ ਵਿਖੇ 400 ਵਰਗ ਗਜ਼ ਦਾ ਪਲਾਟ ਹੈ। ਇਸ ਪਲਾਟ ਪਰ ਮੁਦਈ, ਆਪਣਾ ਨਰਸਿੰਗ ਹੋਮ ਬਣਾਉਣ ਲਈ ਸਬੰਧਤ ਵਿਭਾਗਾਂ ਪਾਸੋਂ ਮੰਨਜੂਰੀਆਂ ਹਾਸਿਲ ਕਰਨ ਉਪਰੰਤ ਨਕਸ਼ਾ ਪਾਸ ਕਰਵਾਉਣ ਲਈ ਬਿਲਡਿੰਗ ਬ੍ਰਾਂਚ ਨਗਰ ਨਿਗਮ ਪਟਿਆਲਾ ਵਿਖੇ ਜਾ ਕੇ ਜਸਪਾਲ ਸਿੰਘ ਏ.ਟੀ.ਪੀ. ਨੂੰ ਮਿਲਿਆ, ਉਸ ਨੇ ਕਿਹਾ ਕਿ ਜੇਕਰ ਤੁਸੀ ਆਪਣਾ ਨਕਸ਼ਾ ਪਾਸ ਕਰਵਾਉਣਾ ਹੈ, ਤਾਂ ਤੁਸੀ ਅਨੀਸ ਖੰਨਾ ਆਰਕੀਟੈਕਟ ਨਾਲ ਗੱਲ-ਬਾਤ ਕਰਕੇ ਆਪਣੀ ਫਾਈਲ ਤਿਆਰ ਕਰਵਾ ਲਵੋ, ਉਹ ਤੁਹਾਨੂੰ ਸਰਕਾਰੀ ਫੀਸ ਅਤੇ ਮੇਰੇ ਖਰਚੇ ਸਬੰਧੀ ਦੱਸ ਦੇਵੇਗਾ। ਜਿਸ ਸਬੰਧ ਮੁਦਈ ਅਨੀਸ ਖੰਨਾ ਨੂੰ ਮਿਲਿਆ ਜਿਸ ਨੇ ਮੁਦਈ ਪਾਸੋਂ ਦਸਤਾਵੇਜ਼ ਲੈ ਕੇ ਫਾਈਲ ਤਿਆਰ ਕਰ ਦਿੱਤੀ ਅਤੇ ਮੁਦਈ ਵੱਲੋਂ ਉਸ ਦੇ ਕਹਿਣ ਅਨੁਸਾਰ ਆੱਨ-ਲਾਇਨ ਪੋਰਟਲ ਪਰ 34,000/- ਰੁਪਏ ਸਰਕਾਰੀ ਫੀਸ ਵੀ ਭਰ ਦਿੱਤੀ ਗਈ। ਜਿਸ ਤੇ ਅਨੀਸ ਖੰਨਾ ਆਰਕੀਟੈਕਟ ਨੇ ਮੁਦਈ ਨੂੰ 1,00,000/- ਰੁਪਏ ਇਹ ਕਹਿ ਕੇ ਦੇਣ ਲਈ ਕਿਹਾ ਕਿ 50,000/- ਰੁਪਏ ਫਾਈਲ ਤਿਆਰ ਕਰਨ ਦੀ ਫੀਸ ਹੈ ਅਤੇ 50,000/- ਰੁਪਏ ਸ੍ਰੀ ਜਸਪਾਲ ਸਿੰਘ ਏ.ਟੀ.ਪੀ. ਦਾ ਖਰਚਾ ਪਾਣੀ ਹੈ, ਕਿਓਂਕਿ ਤੁਹਾਡਾ ਨਕਸਾ ਉਨ੍ਹਾਂ ਦੇ ਕਹੇ ਅਨੁਸਾਰ ਹੀ ਪਾਸ ਹੋਣਾ ਹੈ, ਤਾਂ ਮੁਦਈ ਨੇ 1,00,000/- ਰੁਪਏ ਅਨੀਸ ਖੰਨਾ ਆਰਕੀਟੈਕਟ ਨੂੰ ਦੇ ਦਿੱਤੇ। ਇਸ ਉਪਰੰਤ ਮੁਦਈ ਦਫਤਰ ਨਗਰ ਨਿਗਮ ਪਟਿਆਲਾ ਵਿਖੇ ਵਾਰ-ਵਾਰ ਜਾ ਕੇ ਜਸਪਾਲ ਸਿੰਘ ਏ.ਟੀ.ਪੀ. ਅਤੇ ਅਨੀਸ ਖੰਨਾ ਆਰਕੀਟੈਕਟ ਨੂੰ ਮਿਲਦਾ ਰਿਹਾ, ਜੋ ਉਸ ਨੂੰ ਕਰੀਬ ਪਿਛਲੇ 6/7 ਮਹੀਨਿਆਂ ਤੋਂ ਲਾਰੇ ਲਗਾ ਰਹੇ ਹਨ ਅਤੇ ਉਸ ਦਾ ਨਕਸ਼ਾ ਪਾਸ ਨਹੀਂ ਕੀਤਾ। ਇਸ ਉਪਰੰਤ ਮਿਤੀ 08.01.2025 ਨੂੰ ਮੁਦਈ ਦੇ ਨਕਸ਼ੇ ਸਬੰਧੀ ਅਨੀਸ ਖੰਨਾ ਆਰਕੀਟੈਕਟ ਨੇ ਜਸਪਾਲ ਸਿੰਘ ਏ.ਟੀ.ਪੀ. ਨੂੰ 50,000/- ਰੁਪਏ ਹੋਰ ਰਿਸ਼ਵਤ ਵਜੋਂ ਦੇਣੇ ਬਾਰੇ ਕਿਹਾ। ਆਖਿਰ ਉਸ ਨੇ ਮਜਬੂਰ ਹੋ ਕੇ, ਇਸ ਦੀ ਸ਼ਕਾਇਤ ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਕੋਲ ਕਰ ਦਿੱਤੀ। ਆਲ੍ਹਾ ਅਧਿਕਾਰੀਆਂ ਨੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਟ੍ਰੈਪ ਲਾਉਣ ਲਈ, ਸਰਕਾਰੀ ਗਵਾਹਾਂ ਸਮੇਤ ਟੀਮ ਗਠਿਤ ਕੀਤੀ। ਵਿਜੀਲੈਂਸ ਦੀ ਟੀਮ ਨੇ ਟ੍ਰੈਪ ਲਾ ਕੇ ਅਨੀਸ ਖੰਨਾ ਆਰਕੀਟੈਕਟ ਅਤੇ ਜਸਪਾਲ ਸਿੰਘ ਏ.ਟੀ.ਪੀ. ਨੂੰ 50,000/- ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵੱਲੋਂ ਗਠਿਤ ਟੀਮ ਵਿੱਚ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਸਿਮਰਨਜੀਤ ਕੌਰ, ਹੋਰਟੀਕਲਚਰ ਡਿਵੈਲਪਮੈਂਟ ਅਫਸਰ, ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ, ਨਾਜਰ ਸਿੰਘ, ਸਬ-ਇੰਸਪੈਕਟਰ, ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ। ਐਸ.ਆਈ. ਪਵਿੱਤਰ ਸਿੰਘ, ਏ.ਐਸ.ਆਈ. ਸਤਗੁਰ ਸਿੰਘ, ਹੌਲਦਾਰ ਕਮਲਜੀਤ ਸਿੰਘ, ਹੋਲਦਾਰ ਅਜੀਤਪਾਲ ਸਿੰਘ, C-II ਕਾਰਜ ਸਿੰਘ, C-II ਹਰਮੀਤ ਸਿੰਘ, ਸੀਨੀਅਰ ਸਿਪਾਹੀ ਗੁਰਜਿੰਦਰ ਸਿੰਘ, ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ, ਸੀਨੀਅਰ ਸਿਪਾਹੀ ਗੁਰਜਿੰਦਰ ਸਿੰਘ ਅਤੇ ਮਹਿਲਾ ਸੀਨੀਅਰ ਸਿਪਾਹੀ ਕਰਮਜੀਤ ਕੌਰ ਸ਼ਾਮਿਲ ਸਨ।