ਏਡੀਸੀ ਆਦਿਤਯ ਡੇਚਲਵਾਲ ਨੇ ਕੀਤੀ ਸਿਵਲ ਡੀਫੈਂਸ ਟੀਮ ਦੇ ਉਪਰਾਲੇ ਦੀ ਸ਼ਲਾਘਾ
ਸੋਨੀ ਪਨੇਸਰ ਬਰਨਾਲਾ, 10 ਜੁਲਾਈ 2020
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਤਹਿਤ ਅਤੇ ਕੋਵਿਡ 19 ਮਹਾਮਾਰੀ ਦੌਰਾਨ ਬਲੱਡ ਬੈਂਕ ਵਿਚ ਖੂਨ ਦੀ ਕਮੀ ਦੇ ਮੱਦੇਨਜ਼ਰ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ਼ ਵੱਲੋਂ ਬਰਨਾਲਾ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਾਇਆ ਗਿਆ।
ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ ਅਤੇ ਕੋਵਿਡ 19 ਜਿਹੀ ਮਹਾਮਾਰੀ ਦੌਰਾਨ ਅਜਿਹੇ ਉਪਰਾਲਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਕੈਂਪ ਦੌਰਾਨ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਕਮਾਡੈਂਟ ਰਛਪਾਲ ਸਿੰਘ ਧੂਰੀ ਸਮੇਤ ਸੀਡੀਆਈ, ਵਾਰਡਨਾਂ, ਵਲੰਟੀਅਰਾਂ ਤੇ ਜਵਾਨਾਂ ਵੱਲੋਂ ਕਰੀਬ 50 ਯੂਨਿਟ ਖ਼ੂਨਦਾਨ ਕੀਤਾ ਗਿਆ।
ਇਸ ਦੌਰਾਨ ਏਡੀਸੀ (ਜ) ਸ੍ਰੀ ਡੇਚਲਵਾਲ ਨੇ ਬਰਨਾਲਾ ਸਿਵਲ ਹਸਪਤਾਲ ’ਚ ਸਥਾਪਿਤ ਬਲੱਡ ਬੈਂਕ ਦਾ ਨਿਰੀਖਣ ਵੀ ਕੀਤਾ ਅਤੇ ਜਮ੍ਹਾਂ ਕੀਤੇ ਜਾਣ ਵਾਲੇ ਅਤੇ ਰੋਜ਼ਾਨਾ ਖਪਤ ਹੋ ਰਹੇ ਖ਼ੂਨ ਦੀਆਂ ਯੂਨਿਟਾਂ ਬਾਰੇ ਵੀ ਡੇਟਾ ਹਾਸਲ ਕੀਤਾ। ਉਨ੍ਹਾਂ ਸਿਵਲ ਡੀਫੈਂਸ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਕਮਾਂਡੈਂਟ ਸ. ਰਛਪਾਲ ਸਿੰਘ ਧੂਰੀ ਨੇ ਬਰਨਾਲਾ ਦੀ ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਸੂਬੇ ਅੰਦਰ ਲੱੱਗੇ ਲੌਕਡਾਉਨ ਦੌਰਾਨ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ। ਇਸ ਮੌਕੇ ਖ਼ੂਨਦਾਨੀਆਂ ਨੂੰ ਮਿਸ਼ਨ ਫਤਹਿ ਦੇ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ।