ਹਰਿੰਦਰ ਨਿੱਕਾ, ਚੰਡੀਗੜ੍ਹ 8 ਜਨਵਰੀ 2025
ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਕਥਿਤ ਤੌਰ ਤੇ ਨਸ਼ੀਲੀਆਂ ਗੋਲੀਆਂ ਦਾ ਕਾਲਾ ਕਾਰੋਬਾਰ ਕਰ ਰਿਹਾ ਬਰਨਾਲਾ ਦਾ ਰਹਿਣ ਵਾਲਾ ਡਾ: ਅਮਿਤ ਬਾਂਸਲ, ਲਗਾਤਾਰ 8 ਦਿਨ ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕੈਅਡ ਦੀ ਕਸਟੱਡੀ ਵਿੱਚ ਰਹਿਣ ਤੋਂ ਬਾਅਦ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫਤੀਸ਼ ਅਧਿਕਾਰੀ ਤੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕੈਅਡ ਦੇ ਡੀਐਸਪੀ ਟੀਪੀ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਦੇ ਥਾਣਾ ਮੁਹਾਲੀ ਵਿਖੇ ਦਰਜ ਮੁਕੱਦਮਾਂ ਨੰਬਰ 12 ਦੇ ਮੁੱਖ ਦੋਸ਼ੀ ਡਾਕਟਰ ਅਮਿਤ ਬਾਂਸਲ ਨੂੰ ਅੱਜ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਮੋਹਾਲੀ ਦੀ ਸਪੈਸ਼ਲ ਕੋਰਟ ਦੇ ਮਾਨਯੋਗ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਡਾਕਟਰ ਅਮਿਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ। ਉਨਾਂ ਕਿਹਾ ਕਿ ਕੇਸ ‘ਚ ਨਾਮਜਦ ਹੋਰਨਾਂ ਦੋਸ਼ੀਆਂ ਦੀ ਗਿਰਫਤਾਰੀ ਲਈ ਵੀ, ਵਿਜੀਲੈਂਸ ਬਿਊਰੋ ਕਾਫੀ ਸੁਹਿਰਦਤਾ ਨਾਲ ਯਤਨਸ਼ੀਲ ਹੈ। ਜਲਦ ਹੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਯਾਦ ਰਹੇ ਕਿ ਡਾਕਟਰ ਅਮਿਤ ਬਾਂਸਲ ਨੇ ਆਪਣੀ ਰਿਹਾਇਸ਼ ਬਰਨਾਲਾ ਤੋਂ ਕੋਠੀ ਨੰਬਰ 141, ਸੈਕਟਰ 28-ਏ ਚੰਡੀਗੜ੍ਹ ਵਿਖੇ ਕਰ ਲਈ ਸੀ।
ਉੱਧਰ ਵਿਜੀਲੈਂਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਡਾਕਟਰ ਅਮਿਤ ਦੇ ਪੁਲਿਸ ਰਿਮਾਂਡ ਦੌਰਾਨ, ਕਾਫੀ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ ਤੇ ਡਰੱਗ ਰੈਕਟ ‘ਚ ਸਿੱਧੇ ਤੇ ਅਸਿੱਧੇ ਢੰਗ ਨਾਲ ਸ਼ਾਮਿਲ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ, ਸਫਾ ਮਿਸਲ ਤੇ ਆਈ ਸ਼ਹਾਦਤ ਦੇ ਅਧਾਰ ਤੇ ਕੇਸ ਦੀਆਂ ਤੰਦਾਂ ਨੂੰ ਹੋਰ ਜਿਆਦਾ ਡੂੰਘਾਈ ਨਾਲ ਉਧੇੜਿਆ ਜਾਵੇਗਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਵਿਜੀਲੈਂਸ ਜਿਆਦਾ ਜਾਣਕਾਰੀ, ਇਸ ਲਈ, ਮੀਡੀਆ ਨਾਲ ਸਾਂਝੀ ਨਹੀਂ ਕਰਦਾ,ਕਿਉਂਕਿ ਮਿਲੇ ਹੋਏ ਅਹਿਮ ਸੁਰਾਗ, ਅਮਲ ਵਿੱਚ ਲਿਆਂਦੇ ਜਾਣ ਤੋਂ ਪਹਿਲਾਂ ਬਾਹਰ ਆ ਜਾਣ ਨਾਲ, ਕੇਸ ‘ਚ ਲੋੜੀਦੇ ਹੋਰ ਦੋਸ਼ੀ ਪਹਿਲਾਂ ਹੀ ਚੌਕੰਨੇ ਹੋ ਜਾਂਦੇ ਹਨ, ਜਿਸ ਦਾ ਅਸਰ ਕੇਸ ਦੀ ਤਫਤੀਸ਼ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੱਲ ਹਾਲੇ ਸਮੇਂ ਦੀ ਕੁੱਖ ‘ਚ ਛੁਪੀ ਹੋਈ ਹੈ ਕਿ ਇਸ ਕੇਸ ਵਿੱਚ ਅਗਲੀ ਵਾਰੀ,ਡਾਕਟਰ ਦੇ ਕਾਲੇ ਧੰਦੇ ਵਿੱਚ ਸ਼ਾਮਿਲ ਕਿਹੜੇ ਵਿਅਕਤੀ ਦੀ ਹੋਵੇਗੀ।
ਕਦੋਂ ਕੀ ਹੋਇਆ..
31 ਦਸੰਬਰ 2024 ਨੂੰ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਬਰਨਾਲਾ ਅਤੇ ਹੋਰ ਸ਼ਹਿਰਾਂ ‘ਚ ਵੱਖ ਵੱਖ ਨਾਵਾਂ ਹੇਠ 21 ਦੇ ਕਰੀਬ ਨਸ਼ਾ ਛੁਡਾਊ ਕੇਂਦਰਾਂ ਦਾ ਸੰਚਾਲਨ ਕਰ ਰਹੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ-12, ਅਧੀਨ ਜੁਰਮ 7/7-ਏ ਪੀਸੀ ਐਕਟ ਅਤੇ 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ। ਵਿਜੀਲੈਂਸ ਨੇ ਇਸ ਕੇਸ ਵਿੱਚ ਲੁਧਿਆਣਾ ਦੀ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੂੰ ਨਾਮਜ਼ਦ ਕੀਤਾ ਹੋਇਆ ਹੈ।
1 ਜ਼ਨਵਰੀ 2025 ਨੂੰ ਵਿਜੀਲੈਂਸ ਬਿਊਰੋ ਨੇ ਡਾਕਟਰ ਅਮਿਤ ਬਾਂਸਲ ਨੂੰ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਡਾਕਟਰ ਅਮਿਤ ਤੋਂ ਪੁੱਛਗਿੱਛ ਲਈ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ।
7 ਜਨਵਰੀ ਨੂੰ ਪੁਲਿਸ ਰਿਮਾਂਡ ਦੀ ਮਿਆਦ ਸਮਾਪਤ ਹੋਣ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਡਾਕਟਰ ਅਮਿਤ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਵਿਜੀਲੈਂਸ ਦੀ ਡਿਮਾਂਡ ਤੇ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਜਿਸ ਦੀ ਮਿਆਦ ਖਤਮ ਹੋਣ ਤੇ ਤੀਸਰੀ ਵਾਰ ਡਾਕਟਰ ਅਮਿਤ ਨੂੰ 8 ਜਨਵਰੀ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਆਪ ਸਰਕਾਰ ‘ਚ ਇੱਕ ਸਮੇਂ ਰਹਿ ਚੁੱਕੇ ਕੈਬਨਿਟ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੈ। ਇੱਥੇ ਹੀ ਬੱਸ ਨਹੀਂ ਬਰਨਾਲਾ ਕੋਰਟ ‘ਚ ਰਹਿ ਚੁੱਕਾ ਇੱਕ ਜੱਜ ਵੀ ਡਾਕਟਰ ਅਮਿਤ ਬਾਂਸਲ ਦਾ ਬਤੌਰ ਇਨਵੈਸਟਰ ਹਿੱਸੇਦਾਰ ਦੱਸਿਆ ਜਾ ਰਿਹਾ ਹੈ !
ਇਹ ਡਾਕਟਰ ਕੁੱਝ ਸਾਲ ਪਹਿਲਾਂ ਬਰਨਾਲਾ ਦੇ 22 ਏਕੜ ਖੇਤਰ ਵਿੱਚ RADIOLOGY ਦਾ ਸੈਂਟਰ ਚਲਾਉਂਦਾ ਸੀ ਤੇ ਇਸ ਦੀ ਪਤਨੀ MD PSYCHIATRY ਹੈ।
ਬਜਾਰ ‘ਚ ਵੇਚਦਾ ਸੀ ਨਸ਼ਾ ਛੁਡਾਊ ਕੇਂਦਰਾਂ ਦੀਆਂ ਦਵਾਈਆਂ
ਪ੍ਰਾਪਤ ਵੇਰਵਿਆਂ ਅਨੁਸਾਰ ਡਾ: ਅਮਿਤ ਬਾਂਸਲ ਨਸ਼ੇ ਦੇ ਆਦੀ ਮਰੀਜਾਂ ਦਾ ਨਸ਼ਾ ਛੁਡਾਉਣ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪਰੇਨੋਰਫਿਨ ਅਤੇ ਨਲੋਕਸੋਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਡਾਕਟਰ ਤੇ ਉਸ ਦੇ ਸਹਿਯੋਗੀ ਆਪਣੇ ਨਸ਼ਾ ਛੁਡਾਊ ਕੇਂਦਰਾਂ ‘ਚ ਉਕਤ ਗੋਲੀਆਂ ਦੀ ਦੁਰਵਰਤੋਂ ਕਰਦੇ ਸਨ ਅਤੇ ਇਹ ਗੋਲੀਆਂ ਬਾਜ਼ਾਰ ‘ਚ ਉਕਤ ਦੋਸ਼ੀਆਂ ਵੱਲੋਂ ਨਸ਼ੇੜੀਆਂ ਨੂੰ ਵੇਚੀਆਂ ਜਾਂਦੀਆਂ ਸਨ। ਜਿਨ੍ਹਾਂ ਦਾ ਨਾਮ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਹੀ ਨਹੀਂ ਸੀ ਹੁੰਦਾ।
ਪਹਿਲਾਂ ਵੀ ਬਰਾਮਦ ਹੋਈਆਂ ਸੀ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ
ਤੱਥ ਬੋਲਦੇ ਹਨ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿਖੇ ਡਾਕਟਰ ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਸਿਮਰਨ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਵਿਦੰਤ ਅਤੇ ਕਮਲਜੀਤ ਸਿੰਘ ਦੇ ਖਿਲਾਫ 05 ਅਕਤੂਬਰ 2022 ਨੂੰ ਐਸਟੀਐਫ, ਫੇਜ਼-4, ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਕੀਤੇ ਬਿਆਨ ਇਕਬਾਲੀਆ ਦੇ ਆਧਾਰ ‘ਤੇ ਉਨਾਂ ਕੋਲੋਂ 23 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਉਸ ਸਮੇਂ ਐਸਟੀਐਫ ਦੀ ਟੀਮ ਨੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਹਾਜ਼ਰੀ ‘ਚ ਸਿਮਰਨ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ, ਜਿੱਥੇ ਰਿਕਾਰਡ ਅਨੁਸਾਰ 4610 ਗੋਲੀਆਂ ਘੱਟ ਪਾਈਆਂ ਗਈਆਂ।
ਨਕੋਦਰ ਵਿੱਚ ਵੀ ਦਰਜ਼ ਹੋ ਚੁੱਕਾ ਹੈ ਕੇਸ
ਡਾ: ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਹੋਰ ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਸੀ। ਜਲੰਧਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਨੋਟਿਸ ਲੈਂਦਿਆਂ ਇਸ ਸਬੰਧੀ ਥਾਣਾ ਨਕੋਦਰ ਵਿਖੇ 8 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਸਹਿਜ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਦੌਰਾਨ ਨਿਰੀਖਣ ਕਮੇਟੀ ਵੱਲੋਂ ਐਡਨੋਕ-ਐਨ ਦੀਆਂ 1 ਲੱਖ 44 ਹਜ਼ਾਰ ਗੋਲੀਆਂ ਘੱਟ ਪਾਈਆਂ ਗਈਆਂ ਸਨ। ਜਲੰਧਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਉਕਤ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੇ ਆਨਲਾਈਨ ਪੋਰਟਲ ਨੂੰ ਫ੍ਰੀਜ਼ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਇਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਡਾ.ਅਮਿਤ ਬਾਂਸਲ ਨੇ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਪੰਜਾਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮਾਮਲਾ ਠੰਡੇ ਬਸਤੇ ਵਿੱਚ ਪੁਆ ਦਿੱਤਾ ਸੀ। ਇਹ ਵੀ ਜਾਣਕਾਰੀ ਨਿੱਕਲ ਕੇ ਆ ਰਹੀ ਹੈ ਕਿ ਡਾ: ਅਮਿਤ ਬਾਂਸਲ ਦੀ ਮਾਲਕੀ ਵਾਲੇ ਇੱਕ ਹੋਰ ਆਦਰਸ਼ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ, ਪਟਿਆਲਾ ਦੇ ਮੁਲਾਜ਼ਮਾਂ ਵਿਰੁੱਧ 11 ਨਵੰਬਰ 2024 ਨੂੰ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਇੱਕ ਵੱਖਰਾ ਕੇਸ ਦਰਜ ਹੋ ਚੁੱਕਾ ਹੈ।