ਪੰਜਾਬ ਬੰਦ ਦੇ ਸੱਦੇ ਨੂੰ ਬਠਿੰਡਾ ਜਿਲ੍ਹੇ ‘ਚ ਰਲਵਾਂ ਮਿਲਵਾਂ ਹੁੰਗਾਰਾ

Advertisement
Spread information
ਅਸ਼ੋਕ ਵਰਮਾ, ਬਠਿੰਡਾ 30 ਦਸੰਬਰ 2024
        ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਦਿੱਤੇ ਅੱਜ ਪੰਜਾਬ ਬੰਦ ਰੱਖਣ ਦੇ ਸੱਦੇ ਦਾ ਬਠਿੰਡਾ ਜਿਲ੍ਹੇ ’ਚ ਮਿਲਿਆ ਜੁਲਿਆ ਅਸਰ ਦਿਖਾਈ ਦਿੱਤਾ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰੱਖੀ ਗਈ। ਬੰਦ ਦੌਰਾਨ ਦੁੱਧ ਤੇ ਸਬਜ਼ੀਆਂ ਸਪਲਾਈ ਕਰਨ ਤੋਂ ਲੈ ਕੇ ਨਿੱਜੀ ਦਫ਼ਤਰ, ਬਾਜ਼ਾਰ ਤੇ ਮੰਡੀਆਂ ਵੀ ਬੰਦ ਰੱਖੀਆਂ ਗਈਆਂ। ਬੰਦ ਦੌਰਾਨ ਪੂਰਾ ਦਿਨ ਅਮਨ ਸ਼ਾਂਤੀ ਬਣੀ ਰਹੀ ਅਤੇ ਪੁਲਿਸ ਨੇ ਵੀ ਮੁਸਤੈਦੀ ਬਣਾਈ ਰੱਖੀ। ਬਠਿੰਡਾ ਪ੍ਰਸ਼ਾਸ਼ਨ ਨੇ ਧਰਨੇ ਵਾਲੀ ਥਾਂ ਦੇ ਨਜ਼ਦੀਕ ਅੱਜ ਐਂਬੂਲੈਂਸਾਂ ਤਾਇਨਾਤ ਰੱਖੀਆਂ ਤਾਂ ਜੋ ਕਿਸੇ ਹੰਗਾਮੀ ਹਾਲਤ ਦੀ ਸੂਰਤ ’ਚ ਕੋਈ ਦਿੱਕਤ ਨਾਂ ਆਵੇ।
         ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਧਰਨੇ ਵਾਲੀ ਥਾਂ ਤੇ ਹਾਜ਼ਰ ਰਹੀ। ਬਠਿੰਡਾ ਦੇ ਭਾਈ ਘਨਈਆ ਚੌਂਕ ਵਿੱਚ ਅੱਜ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਦੌਰਾਨ ਸਵੇਰ ਵਕਤ ਹੀ ਦਰੀਆਂ ਵਿਛਾ ਲਈਆਂ ਜਿਸ ਦੇ ਚੱਲਦਿਆਂ ਆਵਾਜਾਈ ’ਚ ਭਾਰੀ ਵਿਘਨ ਪਿਆ। ਪੰਜਾਬ ਬੰਦ ਦੇ ਸੱਦੇ ਨੂੰ ਜਿਲ੍ਹੇ ਦੀਆਂ ਕਿਸਾਨ, ਮੁਲਾਜ਼ਮ, ਵਿਦਿਆਰਥੀ, ਵਪਾਰੀ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਹਮਾਇਤ ਦਿੱਤੀ । ਇਸ ਦੌਰਾਨ ਪੀਆਰਟੀਸੀ ਕਾਮਿਆਂ ਵੱਲੋਂ ਵੀ ਬੱਸਾਂ ਨਾ ਚਲਾਉਣ ਦੇ ਫ਼ੈਸਲੇ ਤਹਿਤ ਬੱਸਾਂ ਬੰਦ ਰੱਖੀਆਂ ਗਈਆਂ। ਇਸੇ ਤਰਾਂ ਹੀ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਵੀ ਅੱਜ ਆਵਾਜਾਈ ਤੋਂ ਪੂਰੀ ਤਰਾਂ ਪ੍ਰਹੇਜ਼ ਹੀ ਕੀਤਾ ਗਿਆ ਹੈ। ਆਵਾਜਾਈ ਬੰਦ ਹੋਣ ਕਾਰਨ ਬਠਿੰਡਾ ਜਿਲ੍ਹੇ ਵਿਚਦੀ ਲੰਘਣ ਵਾਲੇ ਨੈਸ਼ਨਲ ਹਾਈਵੇਅ ਵੀ ਇੱਕ ਤਰਾਂ ਨਾਲ ਕਰਫਿਊ ਵਾਲਾ ਨਜਾਰਾ ਪੇਸ਼ ਕਰ ਰਹੇ ਸਨ।
         ਓਧਰ ਸ਼ਹਿਰ ਵਿਚਦੀ ਲੰਘਦੇ ਕੌਮੀ ਸੜਕ ਮਾਰਗ ਉੱਪਰ ਪੈਂਦੇ ਜਿਆਦਾਤਰ ਕਾਰੋਬਾਰੀ ਅਦਾਰਿਆਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਆਪੋ ਆਪਣੇ ਕੰਮ ਧੰਦੇ ਬੰਦ ਰੱਖੇ ਜਦੋਂਕਿ ਇਸੇ ਤਰਾਂ ਦਾ ਹੀ ਹੁੰਗਾਰਾ ਕਈ ਮੁੱਖ ਬਜ਼ਾਰਾਂ ਦੇ ਸੀ ਜਿੰਨ੍ਹਾਂ ’ਚ ਦੁਕਾਨਦਾਰ ਤਾਂ ਬਾਹਰ ਖੜ੍ਹੇ ਸਨ ਪਰ ਦੁਕਾਨਾਂ ਦੇ ਸ਼ਟਰ ਬੰਦ ਸਨ। ਸਿਰਕੀ ਬਜ਼ਾਰ ’ਚ ਕਾਫੀ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਅੱਜ ਤਾਂ ਸਰਕਾਰੀ ਦਫਤਰਾਂ ਵਾਲੀ ਮਿੰਨੀ ਸਕੱਤਰੇਤ ਵਿੱਚ ਵੀ ਬੰਦ ਕਾਰਨ ਸੁੰਨ ਵਰਤੀ ਹੋਈ ਸੀ।  ਇਸੇ ਤਰਾਂ ਹੀ ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਤੋਂ ਛੋਟ ਕਾਰਨ ਇਹ ਅਦਾਰੇ ਆਮ ਵਾਂਗ ਖੁੱਲ੍ਹੇ ਰਹੇ। ਸਰਕਾਰੀ ਬੈਂਕਾਂ ਵਿੱਚ ਵੀ ਆਮ ਦਿਨਾਂ ਦੀ ਤਰਾਂ ਕੰਮ ਕਾਰ ਹੋਇਆ ਪਰ ਗਾਹਕੀ ਪ੍ਰਭਾਵਿਤ ਹੋਈ। ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ ਅਤੇ ਧਰਨੇ ਲਾਗੇ ਤਾਇਨਾਤ ਕਿਸਾਨ ਵਲੰਟੀਅਰਾਂ ਅਜਿਹੀਆਂ ਗੱਡੀਆਂ ਨੂੰ ਲੰਘਾਉਂਦੇ ਦਿਖਾਈ ਦਿੱਤੇ।
           ਵਿਆਹ-ਸ਼ਾਦੀਆਂ, ਹਸਪਤਾਲ ਤੇ ਐਂਬੂਲੈਂਸਾਂ  ਤੋਂ ਇਲਾਵਾ ਪ੍ਰੀਖਿਆ ਜਾਂ ਇੰਟਰਵਿਊ ਦੇਣ ਜਾਣ ਵਾਲਿਆਂ ਨੂੰ ਵੀ ਨਹੀਂ ਰੋਕਿਆ ਗਿਆ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ, ਰਣਜੀਤ ਸਿੰਘ ਜੀਦਾ ਅਤੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨਾਂ ਲਾਗੂ ਕਰਕੇ ਮੋਦੀ ਸਰਕਾਰ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ 35 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਜਾਨ ਦਾ ਫਿਕਰ ਸੁਪਰੀਮ ਕੋਰਟ ਨੂੰ ਤਾਂ ਹੈ ਪਰ ਮੋਦੀ ਸਰਕਾਰ ਨੇ ਕਿਸਾਨ ਆਗੂ ਨੂੰ ਰੱਬ ਆਸਰੇ ਛੱਡ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹੋ ਹਾਲ ਪੰਜਾਬ ਸਰਕਾਰ ਦਾ ਹੈ ਜੋ ਕਿਸਾਨਾਂ ਦੇ ਹੱਕ ’ਚ ਖੜ੍ਹਨ ਦੀ ਥਾਂ ਕੇਂਦਰ ਦੀ ਪੈੜ ’ਚ ਪੈੜ ਰੱਖਣ ਲੱਗੀ ਹੈ।
        ਉਨ੍ਹਾਂ ਕਿਹਾ ਕਿ ਕਿਸਾਨਾਂ  ਨੂੰ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਹੀ ਰੋਕ ਦਿੱਤਾ ਗਿਆ ਹੈ ਅਤੇ ਕੋਈ ਗੱਲਬਾਤ ਵੀ ਸ਼ੁਰੂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਹਿਣ ਅਨੁਸਾਰ ਕਿਸਾਨਾਂ ਨੇ ਪੈਦਲ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਜਿਥੇ ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਪੁਲੀਸ ਕਾਰਵਾਈ ’ਚ ਕਈ ਕਿਸਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਤਾਂ ਬਥੇਰੇ ਯਤਨ ਕੀਤੇ ਗਏ ਪਰ ਕਦੇ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰੇੇ ਤਾਂ ਜੋ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾਇਆ ਜਾ ਸਕੇ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਐਮਐਸਪੀ ਗਾਰੰਟੀ ਕਾਨੂੰਨ ਬਨਾਉਣ ਸਮੇਤ  ਖੇਤੀ ਕਾਨੂੰਨਾਂ ਖਿਲਾਫ ਚੱਲੇ ਅੰਦੋਲਨ ਦੀਆਂ ਸਮੂਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨੀ ਦੇਰ ਸੰਘਰਸ਼ ਜਾਰੀ ਰਹੇਗਾ।

Advertisement
Advertisement
Advertisement
Advertisement
Advertisement
error: Content is protected !!