ਢਿੱਲੋਂ ਨੇ ਝੋਲੀ ਅੱਡ ਕੇ ਕਿਹਾ – ਸਰਕਾਰ ਮੇਰੇ ਨੀਂਹ ਪੱਥਰ ’ਤੇ ਭਾਵੇਂ ਬੁਲਡੋਜ਼ਰ ਚਲਾ ਦੇਵੇ, ਪਰ ਲੋਕਾਂ ਦੀ ਭਲਾਈ ਲਈ ਹਸਪਤਾਲ ਬਣਾਵੇ
ਮੇਰੇ ਵਲੋਂ ਲਿਆਂਦਾ ਮਲਟੀਸ਼ਪੈਸਲਿਟੀ ਹਸਪਤਾਲ ਦਾ ਪ੍ਰੋਜੈਕਟ ਕੈਂਸਲ ਕਰਕੇ ‘ਆਪ’ ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ : ਕੇਵਲ ਸਿੰਘ ਢਿੱਲੋਂ
ਭਾਜਪਾ ਉਮੀਦਵਾਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਤਤਕਾਲੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਰੇ ਵਲੋਂ ਲਿਆਂਦਾ ਗਿਆ ਮਲਟੀਸ਼ਪੈਸਲਿਟੀ ਹਸਪਤਾਲ ਦਾ ਪ੍ਰੋਜੈਕਟ ਸਿਰੇ ਚਾੜਿਆ ਹੁੰਦਾ ਤਾਂ, ਖੁਦ ਡੇਗੂੰ ਤੋਂ ਪੀੜਤ ਮੀਤ ਹੇਅਰ ਨੂੰ ਫੋਰਟਿਸ ਵਿਖੇ ਦਾਖਿਲ ਹੋਣ ਦੀ ਬਜਾਏ ਇੱਥੇ ਹੀ ਉਸ ਦਾ ਇਲਾਜ ਹੋ ਜਾਂਦਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਸਬਜਬਾਗ ਦਿਖੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਨਾਲਾ ਇਲਾਕੇ ‘ਚ ਬਣਾਇਆ ਜਾਣ ਵਾਲਾ ਮਲਟੀਸ਼ਪੈਸਲਿਟੀ ਹਸਪਤਾਲ ਦਾ ਪ੍ਰੋਜੈਕਟ ਸੱਤਾ ਸੰਭਾਲਦਿਆਂ ਹੀ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਅਜਿਹਾ ਕਰਕੇ, ਆਪ ਸਰਕਾਰ ਅਤੇ ਮੀਤ ਹੇਅਰ ਨੇ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜਿਸ ਦਾ ਜੁਆਬ ਬਰਨਾਲਾ ਹਲਕੇ ਦੇ ਲੋਕ ਹੁਣ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਵੋਟ ਦੀ ਚੋਟ ਨਾਲ ਦੇਣਗੇ। ਢਿੱਲੋਂ ਨੇ ਕਿਹਾ ਮੀਤ ਹੇਅਰ ਜੀ ਤੁਸੀਂ ਤਾਂ ਮਹਿੰਗੇ ਹਸਪਾਤਲ ਵਿੱਚ ਆਪਣਾ ਇਲਾਜ ਕਰਵਾ ਲਉਂਗੇ, ਪਰ ਬਰਨਾਲਾ ਇਲਾਕੇ ਦੇ ਲੋਕ ਇਲਾਜ ਕਿੱਥੋਂ ਕਰਵਾਉਣਗੇ।
ਢਿੱਲੋਂ ਨੇ ਕਿਹਾ ਕਿ ਮੇਰਾ ਮਨੋਰਥ ਹਮੇਸ਼ਾ ਬਰਨਾਲਾ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਰਿਹਾ ਹੈ। ਇਸੇ ਮੰਤਵ ਨਾਲ ਮੈਂ ਬਰਨਾਲਾ ਵਾਸੀਆਂ ਲਈ ਇੱਕ ਵੱਡਾ ਮਲਟੀਸ਼ਪੈਸਲਿਟੀ ਹਸਪਤਾਲ ਪਾਸ ਕਰਵਾਇਆ ਗਿਆ ਸੀ। ਜਿਸ ਦਾ ਬਾਕਾਇਦਾ ਹੰਡਿਆਇਆ ਵਿੱਚ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਅਤੇ ਉਸ ਲਈ 40 ਕਰੋੜ ਰੁਪਏ ਗ੍ਰਾਂਟ ਵੀ ਪਾਸ ਹੋਈ ਸੀ। ਪਰ ਉਸ ਤੋਂ ਤੁਰੰਤ ਬਾਅਦ ਸੂਬੇ ਵਿੱਚ ਸਰਕਾਰ ਬਦਲ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਹੀ ਹਸਪਤਾਲ ਨੂੰ ਰੋਕਣ ਦਾ ਕੀਤਾ। ਉਹਨਾਂ ਕਿਹਾ ਕਿ ‘ਆਪ’ ਸਰਕਾਰ ਨੇ ਇਸ ਮਲਟੀਸਪੈਸਲਿਟੀ ਹਸਪਤਾਲ ਨੂੰ ਇਸ ਕਰਕੇ ਨਹੀਂ ਬਨਣ ਦਿੱਤਾ ਕਿ ਇਸ ਦਾ ਕ੍ਰੈਡਿਟ ਮੈਨੂੰ ਮਿਲ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਸਿਹਤ ਅਤੇ ਸਿੱਖਿਆ ਦੇ ਮੁੱਦੇ ਤੇ ਸੱਤਾ ਵਿੱਚ ਆਈ। ਪਰ ਸਰਕਾਰ ਬਨਣ ਸਾਰ ਬਰਨਾਲਾ ਦੇ ਲੋਕਾਂ ਨੂੰ ਮਿਲ ਜਾ ਰਹੀ ਸਿਹਤ ਦੀ ਵੱਡੀ ਸਹੂਲਤ ਖੋਹ ਲਈ ਗਈ। ਇਸ ਹਸਪਤਾਲ ਲਈ ਬਾਕਾਇਦਾ ਨਕਸ਼ੇ ਪਾਸ ਸਨ, ਬਿਲਡਿੰਗ ਬਨਣ ਦਾ ਕੰਮ ਸ਼ੁਰੂ ਹੋਣਾ ਸੀ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸ ਦਾ ਕੰਮ ਰੁਕਵਾ ਦਿੱਤਾ। ਅੱਜ ਇਸ ਹਸਪਤਾਲ ਦੀ ਜਗ੍ਹਾ ਉਪਰ ਕੂੜੇ ਦੇ ਡੰਪ ਹਨ ਤੇ ਮਲ੍ਹੇ- ਝਾੜੀਆਂ ਹਨ।
ਕੇਵਲ ਸਿੰਘ ਢਿੱਲੋਂ ਨੇ ਝੋਲੀ ਅੱਡ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਚਾਹੇ ਮੇਰੇ ਨਾਮ ਵਾਲੇ ਨੀਂਹ ਪੱਥਰ ’ਤੇ ਬੁਲਡੋਜ਼ਰ ਚਲਾ ਦੇਵੇ ਅਤੇ ਸਰਕਾਰ ਕ੍ਰੈਡਿਟ ਵੀ ਆਪ ਲੈ ਲਵੇ, ਪਰ ਬਰਨਾਲਾ ਦੇ ਲੋਕਾਂ ਨੂੰ ਮਿਲ ਰਿਹਾ ਸਿਹਤ ਸਹੂਲਤ ਦਾ ਵੱਡਾ ਪ੍ਰੋਜੈਕਟ ਕੈਂਸਲ ਨਾ ਕਰੇ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਸਿਹਤ ਸਹੂਲਤਾਂ ਦਾ ਕੋਈ ਧਿਆਨ ਨਾ ਰੱਖਦਿਆਂ ਉਸ ਪ੍ਰੋਜੈਕਟ ਨੂੰ ਖ਼ਤਮ ਹੀ ਕਰ ਦਿੱਤਾ, ਜੋ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਲੋਕ ਵਿਰੋਧੀ ਫ਼ੈਸਲਾ ਸਾਬਤ ਹੋਇਆ ਅਤੇ ਇਹ ਬਰਨਾਲਾ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਦਾ ਵੱਡਾ ਧੋਖਾ ਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਢਾਈ ਸਾਲਾਂ ਦੌਰਾਨ ਬਰਨਾਲਾ ਵਾਸੀਆਂ ਨੂੰ ਸਿਹਤ ਪ੍ਰਤੀ ਕੋਈ ਸੁਵਿਧਾ ਨਹੀਂ ਮੁਹੱਈਆ ਕਰਵਾ ਸਕੀ। ਜਦਕਿ ਮੇਰਾ ਹਲਕੇ ਦੇ ਲੋਕਾਂ ਨਾਲ ਵਾਅਦਾ ਹੈ ਕਿ ਜੇਕਰ ਹਲਕੇ ਦੇ ਲੋਕਾਂ ਦਾ ਫ਼ਤਵਾ ਮੇਰੇ ਹੱਕ ਵਿੱਚ ਰਿਹਾ ਤਾਂ ਮੈਂ ਹਲਕੇ ਵਿੱਚ ਮੁੜ ਮਲਟੀਸ਼ਪੈਸਲਿਟੀ ਹਸਪਤਾਲ ਬਨਾਉਣ ਦਾ ਉਪਰਾਲਾ ਕਰਾਂਗਾ ਤਾਂ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ
ਇਲਾਜ਼ ਲਈ ਬਾਹਰ ਦੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਇਸ ਮੌਕੇ ਭਾਜਪਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਕਰਨ ਢਿੱਲੋਂ, ਨਰਿੰਦਰ ਗਰਗ ਨੀਟਾ, ਕੁਲਦੀਪ ਸਿੰਘ ਧਾਲੀਵਾਲ, ਅਸ਼ਵਨੀ ਆਸ਼ੂ, ਗੋਰਾ ਲਾਲ ਦਿਲਵਾਲਾ, ਰਾਜਿੰਦਰ ਉਪਲ, ਹਰਪਾਲ ਸਿੰਘ ਧਨੌਲਾ ਤੋਂ ਇਲਾਵਾ ਹੋਰ ਭਾਜਪਾ ਆਗੂ ਤੇ ਹੰਡਿਆਇਆ ਵਾਸੀ ਹਾਜ਼ਰ ਸਨ। 






