ਸ਼ਹਿਰ ਦੇ ਵੱਖ ਵੱਖ ਮੁਹਲਿਆਂ ਦਾ ਵੀ ਕੀਤਾ ਦੌਰਾ
ਅਸ਼ੋਕ ਵਰਮਾ ਬਠਿੰਡਾ, 4 ਜੁਲਾਈ 2020
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਮਿਸ਼ਨ ਫਤਿਹ ਤਹਿਤ ਆਰੰਭੇ ਜਨ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕਰਵਾਈ। ਇੱਥੇ ਇਕੇ ਸਾਦੇ ਅਤੇ ਇੱਕਠ ਰਹਿਤ ਆਯੋਜਨ ਦੌਰਾਨ ਵਿੱਤ ਮੰਤਰੀ ਨੇ ਮਾਸਕ ਅਤੇ ਜਾਗਰੂਕਤਾ ਪਰਚੇ ਵੰਡ ਕੇ ਇਸ ਅਭਿਆਨ ਨੂੰ ਸ਼ੁਰੂ ਕਰਵਾਇਆ।
ਇਸ ਮੌਕੇ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਜਾਗਰੂਕਤਾ ਅਤੇ ਜਾਣਕਾਰੀ ਹੀ ਕੋਵਿਡ 19 ਬਿਮਾਰੀ ਦੇ ਪਸਾਰ ਨੂੰ ਰੋਕਣ ਵਿਚ ਸਹਾਈ ਹੋ ਸਕਦੀ ਹੈ। ਇਸ ਤਹਿਤ ਮਿਸ਼ਨ ਫ਼ਤਿਹ ਤਹਿਤ ਪੰਜਾਬ ਯੂਥ ਵਿਕਾਸ ਬੋਰਡ ਨੇ ਅੱਜ ਇਹ ਮੁਹਿੰਮ ਆਰੰਭੀ ਹੈ। ਇਸ ਤਹਿਤ ਯੂਥ ਵਿਕਾਸ ਬੋਰਡ ਨਾਲ ਜੁੜੇ ਯੂਥ ਕਲੱਬਾਂ ਦੇ ਮੈਂਬਰ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਣਗੇ। ਉਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਆਉਣ ਮੌਕੇ ਮਾਸਕ ਪਾਉਣਾ, ਸਮਾਜਿਕ ਵਿੱਥ ਦਾ ਖਿਆਲ ਰੱਖਣਾ ਅਤੇ ਵਾਰ ਵਾਰ ਹੱਥ ਧੋਣਾ ਕੋਵਿਡ ਖਿਲਾਫ ਸਾਡੀ ਲੜਾਈ ਦੇ ਪ੍ਰਮੁੱਖ ਹਥਿਆਰ ਹਨ। ਉਨਾਂ ਨੇ ਅਪੀਲ ਕੀਤੀ ਕਿ ਬਜੁਰਗ, ਛੋਟੇ ਬੱਚੇ, ਗਰਭਵਤੀ ਔਰਤਾਂ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ।
ਇਸ ਮੌਕੇ ਉਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਦੀ ਇਸ ਮੁਹਿੰਮ ਵਿਚ ਭਾਗੀਦਾਰੀ ਬਹੁਤ ਜਰੂਰੀ ਹੈ। ਉਨਾਂ ਨੇ ਕਿਹਾ ਕੋਵਾ ਐਪ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਅਤੇ ਇਹ ਹਰ ਇਕ ਦੇ ਫੋਨ ਵਿਚ ਹੋਵੇ ਕਿਉਂਕਿ ਇਸ ਨਾਲ ਅਸੀਂ ਕੋਵਿਡ ਦੇ ਖਤਰੇ ਦੀ ਜਾਣਕਾਰੀ ਵੀ ਹਾਸਲ ਕਰ ਸਕਦੇ ਹਾਂ ਜਦ ਕਿ ਬਹੁਤ ਸਾਰੀਆਂ ਸਰਕਾਰੀ ਸੇਵਾਵਾਂ ਇਸ ਐਪ ਤੇ ਉਪਲਬੱਧ ਹਨ।
ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ਵਕਰਮਾ ਮਾਰਕਿਟ ਵਿਚ ਬਣੇ ਕਮਿਊਨਿਟੀ ਸੈਂਟਰ ਦੀ ਨਵੀਂ ਇਮਾਰਤ ਵੀ ਲੋਕ ਸਮਰਪਿਤ ਕੀਤੀ। ਇਸ ਲਈ ਫੰਡ ਵਿੱਤ ਮੰਤਰੀ ਨੇ ਜਾਰੀ ਕੀਤੇ ਸਨ। ਇਸ ਤੋਂ ਬਿਨਾਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਰਾਮ ਬਾਗ ਰੋਡ ਗਲੀ ਨੰਬਰ ਦੋ, ਪਾਰਸ ਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਨਾਰਥ ਐਸਟੇਟ ਆਦਿ ਖੇਤਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਹੱਲਿਆਂ ਦੇ ਵਿਕਾਸ ਸਬੰਧੀ ਚਰਚਾ ਕੀਤੀ।
ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਸ੍ਰੀ ਕੇਕੇ ਅਗਰਵਾਲ, ਸ੍ਰੀ ਅਰੁਣ ਵਧਾਵਨ, ਸ੍ਰੀ ਪਵਨ ਮਾਨੀ, ਸ੍ਰੀ ਰਾਜਨ ਗਰਗ, ਸ੍ਰੀ ਮੋਹਨ ਲਾਲ ਝੂੰਬਾ, ਸ੍ਰੀ ਬਲਜਿੰਦਰ ਠੇਕੇਦਾਰ, ਸ੍ਰੀ ਅਮਰਜੀਤ ਅਗਰਵਾਲ, ਬੇਅੰਤ ਰੰਧਾਵਾ, ਅਸ਼ਵਨੀ ਬੰਟੀ, ਜਗਦੀਸ਼ ਮਿੱਤਲ, ਮਿਲਨ ਸੇਤੀਆਂ ਆਦਿ ਵੀ ਹਾਜਰ ਸਨ।