ਜ਼ਿਲ੍ਹੇ ਭਰ ਵਿਚ ਕਰੋਨਾ ਵਿਰੁੱਧ ਚਲਾਈ ਘਰ ਘਰ ਜਾਗਰੂਕਤਾ ਮੁਹਿੰਮ
ਐਨਐਸਐਸ ਵਲੰਟੀਅਰਾਂ, ਪੇਂਡੂ ਯੂਥ ਕਲੱਬਾਂ ਤੇ ਰੈਡ ਬਿਰਨ ਕਲੱਬਾਂ ਵੱਲੋਂ ਸਾਂਝਾ ਹੰਭਲਾ
ਸੋਨੀ ਪਨੇਸਰ ਬਰਨਾਲਾ, 4 ਜੁਲਾਈ 2020
ਪੰਜਾਬ ਸਰਕਾਰ ਵੱਲੋਂ ਚਲਾਏ ‘ਮਿਸ਼ਨ ਫਤਹਿ’ ਤਹਿਤ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ੍ਰੀ ਡੀ.ਪੀ. ਸਿੰਘ ਖਰਬੰਦਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਅਧੀਨ ਵੱਖ ਵੱਖ ਕਲੱਬਾਂ ਤੇ ਵਲੰਟੀਅਰਾਂ ਵੱਲੋਂ ਕਰੋਨਾ ਵਾਇਰਸ ਵਿਰੁੱਧ ਜਾਗਰੂਕਤ ਮੁਹਿੰਮ ਭਖਾਈ ਗਈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜਯ ਭਾਸਕਰ ਸ਼ਰਮਾ ਨੇ ਦੱਸਿਆ ਕਿ ਮਿਸ਼ਨ ਫਤਹਿ ਤਹਿਤ ਜ਼ਿਲ੍ਹਾ ਬਰਨਾਲਾ ਦੇ ਵਾਸੀਆਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ ਲਈ ਅੱਜ ਸਵੇਰ ਤੋਂ ਸੈਂਕੜੇ ਵਲੰਟੀਅਰਾਂ ਨੇ ਯੁਵਕ ਸੇਵਾਵਾਂ ਵਿਭਾਗ ਅਧੀਨ ਜਾਗਰੂਕਤਾ ਮੁਹਿੰਮ ਚਲਾਈ, ਜੋ ਪੂਰਾ ਦਿਨ ਜਾਰੀ ਰਹੀ। ਇਸ ਦੌਰਾਨ ਐਨਐਸਐਸ ਵਲੰਟੀਅਰਾਂ, ਪ੍ਰੋਗਰਾਮ ਅਫਸਰਾਂ, ਰੈੱਡ ਰਿਬਨ ਕਲੱਬਾਂ ਦੇ ਪੀਅਰ ਐਰੂਕੇਟਰਾਂ ਤੇ ਪੇਂਡੂ ਯੂਥ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪੂਰਨ ਸਹਿਯੋਗ ਦਿੱੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਡੀ ਗਿਣਤੀ ਵਲੰਟੀਅਰਾਂ ਨੇ ਪੂਰੇ ਬਰਨਾਲੇ ਸ਼ਹਿਰ ਵਿਚ ਜਾਗਰੂਕਤਾ ਗਤੀਵਿਧੀਆਂ ਕਰਨ ਤੋਂ ਇਲਾਵਾ ਧਨੌਲਾ, ਤਪਾ, ਭਦੌੜ, ਮਹਿਲ ਕਲਾਂ, ਹੰਡਿਆਇਆ ਤੇ ਲਾਗਲੇ ਪਿੰਡਾਂ ਵਿਚ ਘਰ ਘਰ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ। ਇਸ ਦੌਰਾਨ ਜਿੱਥੇ ਜਾਗਰੂਕਤਾ ਪੈਂਫਲਿਟ ਵੰਡੇ ਗਏ, ਉਥੇ ਕੋਵਾ ਪੰਜਾਬ ਐਪ ਡਾਊਨਲੋਡ ਕਰਵਾਈ ਗਈ ਅਤੇ ਇਸ ਦੇ ਵਰਤੋਂਕਾਰਾਂ ਨੂੰ ਮਿਸ਼ਨ ਫਤਿਹ ਨਾਲ ਜੋੜਿਆ ਗਿਆ।
ਸ੍ਰੀ ਭਾਸਕਰ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਕਰੋਨਾ ਮਹਾਮਾਰੀ ਦੇ ਇਸ ਸੰਕਟ ਦੌਰਾਨ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਲਗਭਗ 8 ਹਜ਼ਾਰ ਜਾਗਰੂਕਤਾ ਪੈਂਫਲਿਟ ਵੰਡੇ ਜਾ ਚੁੱਕੇ ਹਨ ਅਤੇ 2000 ਦੇ ਕਰੀਬ ਲੋਕਾਂ ਨੂੰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੋੜਿਆ ਜਾ ਚੁੱਕਾ ਹੈ।
ਸ੍ਰੀ ਭਾਸਕਰ ਨੇ ਅਪੀਲ ਕੀਤੀ ਕਿ ਜਿੱਥੇ ਪ੍ਰਸ਼ਾਸਨ ਲੋਕ ਸੁਰਖਿਆ ਲਈ ਦਿਨ-ਰਾਤ ਯਤਨ ਕਰ ਰਿਹਾ ਹੈ, ਉਥੇ ਆਮ ਲੋਕ ਵੀ ਪੂਰਾ ਸਹਿਯੋਗ ਦੇਣ ਤਾਂ ਜੋ ਕਰੋਨਾ ’ਤੇ ਫਤਹਿ ਪਾਈ ਜਾ ਸਕੇ।
ਨਹਿਰੂ ਯੁਵਾ ਕੇਂਦਰ ਵੱਲੋਂ ਘਰ ਘਰ ਪਹੁੰਚ
ਮਿਸ਼ਨ ਫਤਹਿ ਤਹਿਤ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਦਿੰਦਿਆਂ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਘਰ ਘਰ ਪਹੁੰਚ ਕੀਤੀ ਜਾ ਰਹੀ ਹੈ। ਨਹਿਰੂ ਯੁਵਾ ਕੇਂਦਰ ਦੀ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਪਰਮਜੀਤ ਸੋਹਲ ਨੇ ਯੂਥ ਵਲੰਟੀਅਰਾਂ ਨੂੰ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਬਾਰੇ ਪੈਂਫਲਿਟ ਦੇ ਕੇ ਘਰ-ਘਰ ਜਾਗਰੂਕਤਾ ਲਈ ਰਵਾਨਾ ਕੀਤਾ। ਇਸ ਮੁਹਿੰਮ ਵਿਚ ਯੂਥ ਵਲੰਟੀਅਰ ਨਵਨੀਤ ਕੌਰ ਮਾਂਗੇਵਾਲ, ਸੰਦੀਪ ਸਿੰਘ ਭਦੌੜ, ਗੁਰਪ੍ਰੀਤ ਸਿੰਘ ਬਰਨਾਲਾ, ਸੁਸ਼ਮਾਵਤੀ ਬਰਨਾਲਾ, ਸਤਨਾਮ ਸਿੰਘ ਨਾਈਵਾਲਾ ਨੇ ਸਹਿਯੋਗ ਦਿੱਤਾ।