ਮਜਬੂਰੀ ਚ, 100 ਕਿਲੋਮੀਟਰ ਜਾ ਕੇ ਮਰੀਜਾਂ ਨੂੰ ਖਰਚ ਕਰਨਾ ਪੈਂਦਾ 3-3 ਹਜ਼ਾਰ
ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਜਤਿੰਦਰ ਜਿੰਮੀ ਨੇ ਡੀਸੀ ਅੱਗੇ ਬਿਆਨ ਕੀਤਾ ਮਰੀਜ਼ਾਂ ਦਾ ਦਰਦ
ਡੀਸੀ ਨੇ ਡਾਇਲਸਿਸ ਮਸ਼ੀਨਾਂ ਜਲਦ ਠੀਕ ਕਰਵਾਉਣ ਦਾ ਦਿੱਤਾ ਭਰੋਸਾ
ਹਰਿੰਦਰ ਨਿੱਕਾ ਬਰਨਾਲਾ 29 ਜੂਨ 2020
ਕੋਰੋਨਾ ਮਹਾਂਮਾਰੀ ਦੇ ਸੰਕਟ ਚ, ਸਿਵਲ ਹਸਪਤਾਲ ਦੀਆਂ ਡਾਇਲਸਿਸ ਮਸ਼ੀਨਾਂ ਦਾ ਖਰਾਬ ਹੋ ਜਾਣਾ, ਜਰੂਰਤਮੰਦ ਮਰੀਜ਼ਾਂ ਲਈ ਕੋਹੜ ਚ, ਖਾਜ਼ ਸਾਬਿਤ ਹੋ ਰਿਹਾ ਹੈ। ਮਰੀਜ਼ਾਂ ਦੇ ਪਰਿਵਾਰ ਵਾਲੇ ਕੋਰੋਨਾ ਦੇ ਸਿਰ ਤੇ ਮੰਡਰਾ ਰਹੇ ਖਤਰੇ ਚ, ਵੀ ਆਪਣਿਆਂ ਦੀ ਜਿੰਦਗੀ ਦੀ ਡੋਰ ਚੱਲਦੀ ਰੱਖਣ ਲਈ ਖੁਦ ਦੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਦੂਰ ਦੁਰਾਡੇ ਡਾਇਲਸਿਸ ਕਰਵਾਉਣ ਲਈ ਮਜਬੂਰ ਹਨ। ਘਰ ਤੋਂ ਕਰੀਬ 100/100 ਕਿਲੋਮੀਟਰ ਦੂਰ ਜਾ ਕੇ ਡਾਇਲਸਿਸ ਕਰਵਾਉਣ ਲਈ 3-3 ਹਜ਼ਾਰ ਰੁਪਏ ਵੀ ਖਰਚ ਵੀ ਸਹਿਣ ਕਰਨਾ ਪੈਂਦਾ ਹੈ।
ਬਰਨਾਲਾ ਇਲਾਕੇ ਦੇ ਮਰੀਜ਼ਾਂ ਦੀ ਦਰਦ ਭਰੀ ਦਾਸਤਾਨ ਜਿਲ੍ਹਾ ਪ੍ਰਸ਼ਾਸ਼ਨ ਤੱਕ ਪਹੁੰਚਾ ਕੇ ਇਸ ਦਾ ਹੱਲ ਕਰਵਾਉਣ ਲਈ ਸ੍ਰੇਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਜਿੰਮੀ ਇੱਕ ਵਫਦ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਕੋਲ ਪੀੜਤ ਪਰਿਵਾਰਾਂ ਦਾ ਦਰਦ ਬਿਆਨ ਕਰਨ ਲਈ ਪਹੁੰਚੇ। ਇਸ ਮੌਕੇ ਜਤਿੰਦਰ ਜਿੰਮੀ ਨੇ ਦਰਦਮੰਦਾਂ ਦੀ ਅਵਾਜ਼ ਬੁਲੰਦ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਚ, ਡਾਇਲਸਿਸ ਯੂਨਿਟ ਵਿੱਚ 5 ਮਸ਼ੀਨਾਂ ਲੱਗੀਆਂ ਹੋਈਆਂ ਹਨ। ਕੁਝ ਮਸ਼ੀਨਾਂ ਪਿਛਲੇ ਕਰੀਬ 2/3 ਮਹੀਨਿਆਂ ਤੋਂ ਖਰਾਬ ਪਈਆਂ ਸਨ । ਪਰੰਤੂ ਪਿਛਲੇ ਹਫਤੇ ਸਾਰੀਆਂ ਹੀ ਮਸ਼ੀਨਾਂ ਬੰਦ ਹੋ ਗਈਆਂ।
ਜਿਸ ਕਾਰਣ ਹੁਣ ਸੈਂਕੜੇ ਮਰੀਜਾਂ ਨੂੰ ਡਾਇਲਸਿਸ ਕਰਵਾਉਣ ਲਈ ਪ੍ਰਤੀ ਮਰੀਜ਼ ਦਾ 100 ਕਿਲੋਮੀਟਰ ਦੂਰ ਜਾ ਕੇ 3000 ਰੁਪਏ ਖਰਚਾ ਆਉਂਦਾ ਹੈ। ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਚ, ਲੋਕਾਂ ਨੂੰ ਆਪਣੇ ਮਰੀਜਾਂ ਨੂੰ ਡਾਇਲਸਿਸ ਕਰਵਾਉਣ ਲਈ ਲਿਜਾਣਾ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਡਾਇਲਸਿਸ ਦੇ ਮਰੀਜ਼ ਮਸ਼ੀਨਾਂ ਦੀ ਮੁਰੰਮਤ ਦੀ ਮੰਗ ਲੈ ਕੇ ਐਸਐਮਉ ਨੂੰ ਮਿਲੇ। ਪਰ ਨਿਰਾਸ਼ਾ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਿਆ। ਡੀਸੀ ਫੂਲਕਾ ਨੇ ਭਰੋਸਾ ਦਿਵਾਇਆ ਕਿ ਉਹ ਸਿਵਲ ਸਰਜ਼ਨ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਦੇ ਕਰਵਾਉਣ ਲਈ ਕਹਿਣਗੇ ਤਾਂ ਕਿ ਮਰੀਜਾਂ ਦੇ ਸਮੇਂ ਧਨ ਦੀ ਬਰਬਾਦੀ ਬਚ ਸਕੇ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਵਰਿੰਦਰ ਕੁਮਾਰ ਸਿੰਗਲਾ ਵੀ ਵਿਸ਼ੇਸ਼ ਤੌਰ ਦੇ ਹਾਜ਼ਿਰ ਰਹੇ।