ਮੀਤ ਹੇਅਰ ਨੂੰ ਸੰਸਦ ਦੀਆਂ ਪੌੜੀਆਂ ਚੜਾਓ, ਕੇਂਦਰ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ: ਭਗਵੰਤ ਮਾਨ
ਪਾਰਲੀਮੈਂਟ ਚੋਣ ਵਿੱਚ ਹਲਕੇ ਦੇ ਪੁੱਤ ਦਾ ਮੁਕਾਬਲਾ ਬਾਹਰੀ ਉਮੀਦਵਾਰਾਂ ਨਾਲ: ਮੀਤ ਹੇਅਰ
ਮੁੱਖ ਮੰਤਰੀ ਨੇ ਮੀਤ ਹੇਅਰ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕਹਿ ਕੇ ਬਰਨਾਲੇ ਦਾ ਮਾਣ ਵਧਾਇਆ: ਗੁਰਦੀਪ ਬਾਠ, ਤੀਰਥ ਮੰਨਾ
ਰਘਵੀਰ ਹੈਪੀ / ਅਦੀਸ਼ ਗੋਇਲ, ਬਰਨਾਲਾ, 28 ਮਈ 2024
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਵੱਡਾ ਰੋਡ ਸ਼ੋਅ ਕਰਨ ਮੌਕੇ, ਲੋਕਾਂ ਨੂੰ ਸੰਬੋਧਨ ਕਰਦਿਆਂ , ਮੀਤ ਹੇਅਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਦੀ ਕਿਸਮਤ ਬੜੀ ਚੰਗੀ ਐ,ਇਹਨੇ ਹੋਰ ਵੱਡਾ ਬਣ ਜਾਣੈ, ਮੇਰੀ ਬੱਤੀਆਂ ਦੰਦਾਂ ਚੋਂ ਨਿਕਲੀ ਗੱਲ ਸੁਣ ਲਉ, 4 ਜੂਨ ਨੂੰ ਮੋਦੀ ਦੀ ਛੁੱਟੀ ਹੋਣ ਵਾਲੀ ਐ ਤੇ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨੀ ਹੈ, ਇਹ ਸਰਕਾਰ ਵਿੱਚ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਭੂਮਿਕਾ ਅਹਿਮ ਹੋਵੇਗੀ। ਜਦੋਂ ਮੁੱਖ ਮੰਤਰੀ ਨੇ ਇਹ ਸ਼ਬਦ ਬੋਲੇ ਤਾਂ, ਲੋਕ ਸਮਝ ਗਏ ਕਿ ਮੀਤ ਹੇਅਰ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਜਾਵੇਗਾ, ਇਹ ਸੁਣਕੇ, ਲੋਕਾਂ ਨੇ ਅਕਾਸ਼ ਗੂੰਜਾਊ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮੁੱਖ ਮੰਤਰੀ ਵੱਲੋਂ ਛੇੜੀ ਇਸ ਨਵੀਂ ਚਰਚਾ ਤੋਂ ਬਾਅਦ, ਕੁੱਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ, ਜੇਕਰ ਇਹ ਗੱਲ ਸੱਚ ਹੋ ਗਈ ਤਾਂ ਫਿਰ ਸੁਰਜੀਤ ਸਿੰਘ ਬਰਨਾਲਾ ਤੋਂ ਬਾਅਦ, ਲੋਕ ਸਭਾ ਹਲਕੇ ਤੋਂ ਜਿੱਤੇ ਕਿਸੇ ਐਮ.ਪੀ. ਨੂੰ ਮੀਤ ਹੇਅਰ ਦੇ ਰੂਪ ਵਿੱਚ ਕੇਂਦਰ ਵਿੱਚ ਮੰਤਰੀ ਬਣਨ ਦਾ ਮੌਕਾ ਮਿਲੇਗਾ। ਭਗਵੰਤ ਸਿੰਘ ਮਾਨ ਜੋ ਖੁਦ ਦੋ ਵਾਰ ਸੰਗਰੂਰ ਦੇ ਸੰਸਦ ਮੈਂਬਰ ਰਹੇ ਹਨ, ਨੂੰ ਦੇਖਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਬਰਨਾਲਾ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਆਏ ਹੋਏ ਸਨ।
ਇਸ ਮੌਕੇ ਭਗਵੰਤ ਸਿੰਘ ਮਾਨ ਨੇ, ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਨਾਲੇ ਦੇ ਪੁੱਤ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਾ ਦੇਵੋ ਅਤੇ ਅੱਗੇ ਮੀਤ ਹੇਅਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ । ਕਿਉਂਕਿ ਕੇਂਦਰ ਵਿੱਚ ਵੀ ਆਪ ਦੇ ਸਹਿਯੋਗ ਨਾਲ ਸਰਕਾਰ ਬਣਨ ਜਾ ਰਹੀ ਹੈ। ਮੁੱਖ ਮੰਤਰੀ ਜੋ ਬਰਨਾਲਾ ਵਾਸੀਆਂ ਵੱਲੋਂ ਦਿਖਾਏ ਉਤਸ਼ਾਹ ਤੇ ਗਰਮਜੋਸ਼ੀ ਤੋਂ ਬਹੁਤ ਖੁਸ਼ ਸਨ, ਨੇ ਕਿਹਾ ਕਿ ਅੱਜ ਦੇ ਇਕੱਠ ਨੇ ਉੁਨ੍ਹਾਂ ਦੀ ਸਾਰੀ ਥਕਾਵਟ ਉਤਾਰ ਦਿੱਤੀ ਹੈ।
ਮੀਤ ਹੇਅਰ ਜੋ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਵੀ ਹਨ ਅਤੇ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਬਰਨਾਲਾ ਵਾਸੀਆਂ ਨੇ ਹਮੇਸ਼ਾ ਹੀ ਉਸ ਦਾ ਮਾਣ ਵਧਾਇਆ ਹੈ ਅਤੇ ਐਤਕੀਂ ਉਸ ਦਾ ਮੁਕਾਬਲਾ ਹਲਕੇ ਤੋਂ ਬਾਹਰੀ ਉਮੀਦਵਾਰਾਂ ਨਾਲ ਹੈ ਜੋ 200-250 ਕਿਲੋਮੀਟਰ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀ ਚੋਣ ਉਹ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਜਿੱਤੇਗਾ ਅਤੇ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਹਰ ਮਸਲਾ ਹੱਲ ਕਰਵਾਂਵਾਗਾ। ਆਮ ਆਦਮੀ ਪਾਰਟੀ ਦੇ ਜ਼ਿਲਾ ਬਰਨਾਲਾ ਦੇ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਤੀਰਥ ਸਿੰਘ ਮੰਨਾ ਨੇ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਕਿ ਉਨ੍ਹਾਂ ਅੱਜ ਮੀਤ ਹੇਅਰ ਨੂੰ ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਕੇ ਸਮੁੱਚੇ ਬਰਨਾਲਾ ਜ਼ਿਲੇ ਅਤੇ ਸੰਗਰੂਰ ਹਲਕੇ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਤ ਹੇਅਰ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਕੇ ਬਰਨਾਲਾ ਵਾਸੀਆਂ ਨੂੰ ਮਾਣ ਬਖਸ਼ਿਆ। ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ਅਤੇ ਜ਼ਿਲੇ ਵਿੱਚੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾਈ ਜਾਵੇਗੀ ਜਿਸ ਲਈ ਪਾਰਟੀ ਕਾਡਰ ਅਤੇ ਵਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ।