ਸੁੰਨਮ-ਸੁੰਨਾ ਪੁਲਿਸ ਹਾਊਸ , ਪਤਾ ਨਹੀਂ ਕਦੋਂ ਆਊਗਾ ਬੌਸ
ਖਾਲੀ ਕੋਠੀ ਦੀ ਰਾਖੀ ਤੇ ਵੀ ਪੁਲਿਸ ਕਰਮਚਾਰੀ ਤਾਇਨਾਤ
4 ਮਹੀਨਿਆਂ ਤੋਂ ਐਸਐਸਪੀ ਦਾ ਕੈਂਪ ਆਫਿਸ ਬੰਦ , ਫੋਨ ਕਰਨ ਤੇ ਜੁਆਬ ਮਿਲਦੈ, ਸਾਬ੍ਹ ਹਾਲੇ ਇੱਥੇ ਨਹੀਂ ਆਏ,,
ਹਰਿੰਦਰ ਨਿੱਕਾ ਬਰਨਾਲਾ 28 ਜੂਨ 2020
ਐਸਐਸਪੀ ਸੰਦੀਪ ਗੋਇਲ ਆਪਣੇ ਨਿਵੇਕਲੇ ਕੰਮ ਦੇ ਢੰਗ ਦੀ ਵਜ੍ਹਾਂ ਨਾਲ ਹਮੇਸ਼ਾਂ ਚਰਚਾ ਵਿੱਚ ਹੀ ਰਹੇ ਹਨ । ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਚ, ਦੇਸ਼ ਭਰ ਚ, ਲਾਗੂ ਲੌਕਡਾਊਨ ਤੇ ਕਰਫਿਊ ਦੇ ਬਾਵਜੂਦ ਵੀ ਐਸਐਸਪੀ ਨੇ ਸਿਆਸੀ ਲੀਡਰਾਂ ਦੀਆਂ ਰਾਜਸੀ ਰੈਲੀਆਂ ਦੀ ਤਰਾਂ ਵੱਡੇ-ਵੱਡੇ ਇਕੱਠ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਜਦੋਂ ਕਿ ਕਾਨੂੰਨ ਦੇ ਸ਼ਿਕੰਜੇ ਅਤੇ ਬੀਮਾਰੀ ਦੇ ਫੈਲਾਅ ਦੇ ਡਰੋਂ ਇਲਾਕੇ ਦੇ ਵਿਧਾਇਕ ਮੀਤ ਹੇਅਰ , ਸਾਬਕਾ ਵਿਧਾਇਕ ਤੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਲੋਕਾਂ ਚ, ਜਾਣਾ ਮੁਨਾਸਿਬ ਨਹੀਂ ਸੀ ਸਮਝਿਆ । ਖਲਾਅ ਦੇ ਮਾਹੌਲ ਅਤੇ ਰਾਜਸੀ ਲੀਡਰਾਂ ਦੀ ਅਣਹੋਂਦ ਚ, ਐਸਐਸਪੀ ਦੀ ਅਗਵਾਈ ਚ, ਉਸ ਦੇ ਚਹੇਤੇ ਪੁਲਿਸ ਅਧਿਕਾਰੀਆਂ ਨੇ ਗਰੀਬਾਂ ਨੂੰ ਰਾਸ਼ਨ ਵੰਡਣ ਦੇ ਨਾਂ ਉੱਤੇ ਸ਼ਹਿਰ ਦੇ ਲੋਕਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ। ਜਿਸ ਦੇ ਹਿਸਾਬ ਕਿਤਾਬ ਤੇ ਇਹ ਕਹਾਵਤ ਪੂਰੀ ਫਿੱਟ ਬੈਠਦੀ ਹੈ, ਕਿ ਨਾ ਖਾਤਾ ਨਾ ਵਹੀ, ਸਾਬ੍ਹ ਦਾ ਹਿਸਾਬ ਸਹੀ।
ਮਰਹੂਮ ਵਿਧਾਇਕ ਕੀਤੂ ਦੀ ਦਿਵਾਈ ਯਾਦ
ਐਸਐਸਪੀ ਗੋਇਲ ਨੇ ਰਾਸ਼ਨ ਵੰਡ ਮੁਹਿੰਮ ਚਲਾ ਕੇ ਇਲਾਕੇ ਦੇ ਮਰਹੂਮ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਯਾਦ ਲੋਕਾਂ ਨੂੰ ਇੱਕ ਵਾਰ ਫਿਰ ਤਾਜ਼ਾ ਕਰਵਾ ਦਿੱਤੀ ਹੈ। ਪਰੰਤੂ ਕੀਤੂ ਤੇ ਐਸਐਸਪੀ ਗੋਇਲ ਚ, ਵੱਡਾ ਅੰਤਰ ਇਹ ਹੈ ਕਿ ਕੀਤੂ ਨੇ ਇਸ ਕੰਮ ਲਈ ਆਪਣੀ ਜੇਬ੍ਹ ਦਾ ਮੂੰਹ ਹਮੇਸ਼ਾ ਗਰੀਬ ਲੋਕਾਂ ਲਈ ਖੁੱਲ੍ਹਾ ਰੱਖਿਆ ਸੀ ਤੇ ਇਸ ਕੰਮ ਚ, ਉਸ ਦੀ ਆਰਥਿਕ ਮੱਦਦ ਉਸ ਦੇ ਕਰੀਬੀ ਦੋਸਤਾਂ ਦੇ ਘੇਰੇ ਤੋਂ ਇਲਾਵਾ R.G. ਵੀ ਸਮੇਂ ਸਮੇਂ ਤੇ ਕਰਦਾ ਰਿਹਾ ਹੈ । ਇਲਾਕੇ ਦੇ ਲਗਾਤਾਰ 2 ਵਾਰ ਵਿਧਾਇਕ ਰਹੇ ਕੀਤੂ ਨੇ ਕਦੇ ਵੀ ਐਸਐਸਪੀ ਦੀ ਤਰਾਂ ਰੁਤਬੇ ਦੇ ਪ੍ਰਭਾਵ ਸਦਕਾ ਲੋਕਾਂ ਤੋਂ ਉਗਰਾਹੀ ਨਹੀਂ ਸੀ ਕੀਤੀ। ਕੀਤੂ ਦੇ ਨੇੜਲੇ ਵਿਅਕਤੀ ਜਾਣਦੇ ਹਨ ਕਿ ਕੀਤੂ ਦੀ ਰਾਜਸੀ ਜਮੀਨ ਤਿਆਰ ਕਰਨ ਚ, ਟ੍ਰਾਈਡੈਂਟ ਗਰੁੱਪ ਵੱਲੋਂ ਪਾਏ ਵੱਡੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। R.G. ਦੇ ਆਰਜੀ ਥਾਪੜੇ ਤੇ ਐਸਐਸਪੀ ਦੀਆ ਗੈਰ ਪ੍ਰਸ਼ਾਸ਼ਨਿਕ ਸਰਗਰਮੀਆਂ ਕਾਰਣ ਕਾਂਗਰਸ ਦੇ ਵੱਡੇ ਰਾਜਸੀ ਲੀਡਰ ਦੇ ਪੈਰਾਂ ਹੇਠੋਂ ਜਮੀਨ ਖਿਸਕਣ ਦਾ ਖਤਰਾ ਉਹ ਦੇ ਰਾਜਸੀ ਸਲਾਹਕਾਰ ਮੰਨਣ ਲੱਗ ਪਏ ਹਨ ।
ਐਸਐਸਪੀ ਦੀ R.G. ਨਾਲ ਯਾਰੀ, ਚੋਣ ਲੜਨ ਦੀ ਤਿਆਰੀ ?
ਐਸਐਸਪੀ ਦੇ ਕੁਝ ਵਿਰੋਧੀ ਰਾਜਸੀ ਨੇਤਾ ਐਸਐਸਪੀ ਦੀ R.G. ਨਾਲ ਗੰਢੀ ਯਾਰੀ ਨੂੰ ਰਾਜਸੀ ਰੰਗਤ ਵੀ ਦੇ ਰਹੇ ਹਨ। ਦੇਣ ਵੀ ਕਿਉਂ ਨਾ, ਜਦੋਂ ਜਿਲ੍ਹੇ ਦੇ ਇਤਿਹਾਸ ਚ, ਪਹਿਲੀ ਵਾਰ ਕੋਈ ਐਸਐਸਪੀ ਕਰੀਬ 4 ਮਹੀਨਿਆਂ ਤੋਂ ਟ੍ਰਾਈਡੈਂਟ ਦੇ ਸੰਘੇੜਾ ਕੰਪਲੈਕਸ ਚ, ਹੀ ਡੇਰਾ ਲਾਈ ਬੈਠਾ ਹੈ। ਜਦ ਕਿ ਦੂਜੇ ਪਾਸੇ ਐਸਐਸਪੀ ਦੀ ਸਰਕਾਰੀ ਕੋਠੀ ਯਾਨੀ ਪੁਲਿਸ ਹਾਊਸ ਆਪਣੇ ਬੌਸ ਦੇ ਕਦਮਾਂ ਦੀ ਆਹਟ ਸੁਣਨ ਲਈ ਬੇਤਾਬ ਹੈ। ਐਸਐਸਪੀ ਦੀ ਸਰਕਾਰੀ ਕੋਠੀ ਚ, ਕੈਂਪਸ ਆਫਿਸ ਵੀ ਸੁੰਨਾ ਪਿਆ ਹੈ। ਜਿੱਥੇ ਲੋਕ ਐਮਰਜੈਂਸੀ ਹਾਲਤ ਚ, ਐਸਐਸਪੀ ਨੂੰ ਮਿਲ ਸਕਦੇ ਸਨ। ਪਰੰਤੂ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਰਹਿ ਚੁੱਕੇ ਰਜਿੰਦਰ ਗੁਪਤਾ ਦੀ ਫੈਕਟਰੀ ਚ, ਆਮ ਲੋਕਾਂ ਦੀ ਆਮਦ ਤੇ ਪਾਬੰਦੀ ਹੈ। ਜਿਸ ਨਾਲ ਰਾਜਸੀ ਤੇ ਸਧਾਰਣ ਲੋਕਾਂ ਨੂੰ ਮੁਸ਼ਕਿਲ ਬਣੀ ਹੋਈ ਹੈ। ਇੱਨਾਂ ਹੀ ਨਹੀਂ ਇਸ ਨਾਲ ਐਸਐਸਪੀ ਨੂੰ ਕੈਂਪਸ ਆਫਿਸ ਚ, ਮਿਲਣ ਵਾਲੇ ਸੰਭਾਵਿਤ ਲੋਕਾਂ ਦੀ ਨਿੱਜਤਾ ਤੇ ਵੀ ਅਕਾਲੀ ਲੀਡਰ ਦੇ ਕੈਮਰਿਆਂ ਦੀ ਨਜ਼ਰ ਰਹਿੰਦੀ ਹੈ।
ਐਸ.ਐਸ.ਪੀ ਦਾ ਜਗੀਰੂ ਰਵੱਈਆ ਨਾ ਬਦਲਿਆ ਤਾਂ ਲਾਵਾਂਗੇ ਮੋਰਚਾ- ਭਗਵੰਤ ਸਮਾਉਂ
ਇਸ ਗੱਲ ਚ, ਕੋਈ ਦੋ ਰਾਇ ਨਹੀਂ ਕਿ ਐਸ.ਐਸਪੀ ਗੋਇਲ ਨੇ ਲੋਕਾਂ ਨੂੰ ਨੇੜਿਉਂ ਜਾ ਕੇ ਮਿਲਣ ਅਤੇ ਰੁਤਬੇ ਦੇ ਬਾਵਜੂਦ ਆਮ ਲੋਕਾਂ ਵਾਂਗ ਰਹਿਣ ਦਾ ਪ੍ਰਭਾਵ ਇਲਾਕੇ ਚ, ਬਣਾਇਆ ਹੋਇਆ ਹੈ। ਪਰੰਤੂ ਲੀਡਰਾਂ ਵਾਂਗ ਹੀ ਆਪਣੇ ਦਫਤਰ ਚ, ਬੈਠਦਿਆਂ ਉਨ੍ਹਾਂ ਦੇ ਮਿਲਣ ਦਾ ਢੰਗ ਬਦਲ ਜਾਂਦਾ ਹੈ । ਦਫਤਰ ਚ, ਆਮ ਲੋਕਾਂ ਤੋਂ ਬਣਾਈ ਦੂਰੀ ਦਾ ਅਸਰ ਇਹ ਹੋ ਰਿਹਾ ਹੈ ਕਿ ਇਨਸਾਫ ਲੈਣ ਦੀ ਉਮੀਦ ਚ, ਆਏ ਫਰਿਆਦੀ ਹੱਥਾਂ ਵਿੱਚ ਅਰਜੀਆਂ ਲੈ ਕੇ ਵਾਪਿਸ ਮੁੜਣ ਲਈ ਮਜ਼ਬੂਰ ਹਨ । ਐਸਐਸਪੀ ਦੇ ਚੁਨਿੰਦਾ ਤੇ ਚਾਪਲੂਸ ਲੋਕਾਂ ਦੇ ਘੇਰੇ ਚ, ਘਿਰੇ ਰਹਿਣ ਕਾਰਣ ਲੋਕਾਂ ਚ, ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਜਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਤੇ ਸੂਬੇ ਦੇ ਜੁਝਾਰੂ ਲੀਡਰ ਭਗਵੰਤ ਸਮਾਉਂ ਵੀ ਐਸਐਸਪੀ ਨੂੰ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ 2 ਵਾਰ ਮਿਲਣ ਪਹੁੰਚੇ। ਪਰੰਤੂ ਐਸਐਸਪੀ ਉਨ੍ਹਾਂ ਨੂੰ ਇੱਕ ਵਾਰ ਵੀ ਨਹੀਂ ਮਿਲਿਆ। ਗੁੱਸੇ ਚ, ਭਰੇ ਪੀਤੇ ਸਮਾਉਂ ਨੇ ਕਿਹਾ ਕਿ ਉਸ ਦੀ ਤਰਾਂ ਸੈਂਕੜੇ ਹੋਰ ਲੋਕ ਵੀ ਐਸਐਸਪੀ ਦੇ ਨਾ ਮਿਲਣ ਕਰਕੇ ਹਰ ਰੋਜ਼ ਵਾਪਿਸ ਮੁੜਦੇ ਹਨ। ਦਫਤਰ ਚ, ਉਹ ਕਿਸੇ ਨੂੰ ਮਿਲਦੇ ਨਹੀਂ ਤੇ ਕੈਂਪਸ ਆਫਿਸ ਖੁੱਲਿਆ ਨਹੀਂ। ਉਨ੍ਹਾਂ ਕਿਹਾ ਕਿ ਐਸਐਸਪੀ ਦਾ ਰੀਡਰ ਬਾਹਰੋਂ ਹੀ ਕਹਿ ਦਿੰਦਾ, ਤੁਸੀ ਐਸ.ਪੀ. ਡੀ ਨੂੰ ਮਿਲ ਲਉ । ਪਰ ਉੱਥੇ ਪਹੁੰਚ ਕੇ ਪਤਾ ਲੱਗਦੈ, ਬਈ ਜਨਾਬ ਵੀ ਦਫਤਰ ਨਹੀਂ ਹਨ। ਇਸ ਤਰਾਂ ਗਰੀਬ ਲੋਕਾਂ ਦਾ ਕਿਰਾਇਆ ਤੇ ਸਮਾਂ ਬਰਬਾਦ ਹੁੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਐਸਐਸਪੀ ਗੋਇਲ , ਜਗੀਰੂ ਸੋਚ ਅਤੇ ਧਨਾਢ ਉਦਯੋਗਪਤੀ R.G. ਦੀ ਕਠਪੁਤਲੀ ਬਣ ਚੁੱਕਿਆ ਹੈ। ਜੇਕਰ ਉਨ੍ਹਾਂ ਦਾ ਇਹ ਜਗੀਰੂ ਰਵੱਈਆਂ ਨਾ ਬਦਲਿਆ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਐਸਐਸਪੀ ਦਫਤਰ ਦੇ ਬਾਹਰ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।
ਸਰ ! ਸਾਬ੍ਹ ਹਾਲੇ ਕੈਂਪਸ ਆਫਿਸ ਰਹਿਣ ਨਹੀਂ ਲੱਗੇ
ਪੁਲਿਸ ਹਾਊਸ ਦੇ ਲੈਂਡ ਲਾਈਨ ਨੰਬਰ 01679-233218 ਤੇ ਫੋਨ ਕਰਨ ਤੇ ਤਾਇਨਾਤ ਪੁਲਿਸ ਕਰਮਚਾਰੀ ਨੇ ਜੁਆਬ ਦਿੱਤਾ ,, ਸਰ ! ਸਾਬ੍ਹ ਨੇ ਹਾਲੇ ਇੱਥੇ ਰਿਹਾਇਸ਼ ਨਹੀਂ ਕੀਤੀ। ਕੀ ਕੰਮ ਐ, ਜੇ ਕੰਮ ਹੈ ਤਾਂ ਉਨ੍ਹਾਂ ਦੇ ਨਿੱਜੀ ਨੰਬਰ ਤੇ ਹੀ ਗੱਲ ਕਰ ਲਉ। ਉਨ੍ਹਾਂ ਰਿਹਾਇਸ਼ ਬਾਰੇ ਪੁੱਛੇ ਸਵਾਲ ਦੇ ਜੁਆਬ ਚ, ਕਿਹਾ ਕਿ ਉਹ ਹਾਲੇ ਤੱਕ ਟ੍ਰਾਈਡੈਂਟ ਦੇ ਸੰਘੇੜਾ ਕੰਪਲੈਕਸ ਦੇ ਬਣੇ ਰੈਸਟ ਹਾਊਸ ਚ, ਹੀ ਠਹਿਰੇ ਹੋਏ ਹਨ। ਜਾਂ ਫਿਰ ਉਹ ਆਪਣੇ ਘਰ ਅਪਡਾਉਨ ਕਰ ਲੈਂਦੇ ਹਨ। ਮਿਲਣ ਲਈ ਉਨ੍ਹਾਂ ਨੂੰ ਦਫਤਰ ਹੀ ਮਿਲਿਆ ਜਾ ਸਕਦੈ। ਐਸਐਸਪੀ ਦਾ ਪੱਖ ਜਾਣਨ ਲਈ ਜਦੋਂ ਉਨ੍ਹਾਂ ਦਾ ਮੋਬਾਇਲ ਮਿਲਾਇਆ ਤਾਂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।