ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਆਪਣੀ ਨਿਗਰਾਨੀ ਹੇਠ ਸਫ਼ਾਈ ਕਾਰਜ ਕਰਵਾਉਣ ਦੀ ਕੀਤੀ ਹਦਾਇਤ: ਡੀਸੀ ਰਾਮਵੀਰ
ਹਰਪ੍ਰੀਤ ਕੌਰ ਸੰਗਰੂਰ , 22 ਜੂਨ 2020
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਜਲ ਨਿਕਾਸ ਤੇ ਉਸਾਰੀ ਮੰਡਲ ਸਮੇਤ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚੋਂ ਲੰਘਦੀਆਂ ਸਮੂਹ ਡਰੇਨਾਂ, ਬਰਸਾਤੀ ਨਾਲਿਆਂ ਤੇ ਚੋਆਂ ਦੀ ਸਾਫ਼ ਸਫ਼ਾਈ ਦੇ ਕਾਰਜਾਂ ਨੂੰ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਮੌਨਸੂਨ ਤੋਂ ਪਹਿਲਾਂ ਪਹਿਲਾਂ ਇਹ ਕਾਰਜ ਪੂਰੇ ਕਰ ਲਏ ਜਾਣ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਭੀਰ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਬਹਾਦਰ ਸਿੰਘ ਵਾਲਾ ਡਰੇਨ, ਸੰਗਰੂਰ ਡਰੇਨ, ਬਾਲੀਆਂ ਡਰੇਨ, ਸਰਹਿੰਦ ਚੋਅ, ਹਰਿਆਊ ਲਿੰਕ ਡਰੇਨ, ਸੰਗਤੀ ਵਾਲਾ ਡਿੱਚ ਡਰੇਨ, ਲਹਿਰਾਗਾਗਾ ਮੇਨ ਡਰੇਨ, ਨਰਾਇਣਗੜ੍ਹ ਲਿੰਕ ਡਰੇਨ, ਐਲ-2 ਏ ਲਿੰਕ ਡਰੇਨ, ਕੈਰੋਂ ਡਰੇਨ, ਧੂਰੀ ਲਿੰਕ ਡਰੇਨ, ਟੱਲੇਵਾਲ ਡਰੇਨ ਅਤੇ ਹਰੀਗੜ੍ਹ ਡਰੇਨਾਂ ਵਿੱਚੋਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਰਕੰਡਾ, ਵੀਡ, ਜਾਲਾ, ਬੂਟੀ ਆਦਿ ਦੀ ਮਗਨਰੇਗਾ ਵਰਕਰਾਂ ਅਤੇ ਜੇ.ਸੀ.ਬੀ ਰਾਹੀਂ ਸਫ਼ਾਈ ਕਰਵਾਉਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਸਨ ਅਤੇ ਹੁਣ ਤੱਕ ਹੋਏ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੁਦ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਰਿਪੋਰਟ ਦੇਣ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਮਕਰੋੜ ਸਾਹਿਬ, ਫੂਲਦ, ਮੂਨਕ, ਸਲੇਮਗੜ੍ਹ ਅਤੇ ਧਮੂਰ ਘਾਟ ਵਿਖੇ ਘੱਗਰ ਦਰਿਆ ਦੇ ਦੋਵੇਂ ਪਾਸੇ ਬੰਨ੍ਹਾਂ ਦੀ ਮਜ਼ਬੂਤੀ ਲਈ ਹੁਣ ਤੱਕ ਕੀਤੇ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਸੁੱਕੀਆਂ ਤੇ ਲਿੰਕ ਡਰੇਨਾਂ ਦੀ ਸਫਾਈ ਦਾ ਕੰਮ ਸਮੇਂ ਸਿਰ ਨੇਪਰੇ ਚੜ੍ਹਾਉਣ ਦੇ ਨਾਲ ਨਾਲ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੌਨਸੂਨ ਤੋਂ ਪਹਿਲਾਂ ਪਹਿਲਾਂ ਲੋੜੀਂਦੇ ਸਫਾਈ ਕਾਰਜ ਮੁਕੰਮਲ ਕਰਵਾ ਲਏ ਜਾਣ।