ਹਰਿੰਦਰ ਨਿੱਕਾ , ਪਟਿਆਲਾ 5 ਜਨਵਰੀ 2024
ਜਿਲ੍ਹੇ ਦੇ ਕਸਬਾ ਸਨੌਰ ‘ਚ ਦੋ ਅਣਪਛਾਤਿਆਂ ਨੇ ਇੱਕ ਦੁਕਾਨਦਾਰ ਤੇ ਐਸਿਡ ਅਟੈਕ ਕਰ ਦਿੱਤਾ। ਦੋਵੇਂ ਦੋਸ਼ੀ ਮੌਕਾ ਵਾਰਦਾਤ ਤੋਂ ਫਰਾਰ ਹੋ ਗਏ। ਪਰੰਤੂ ਐਸਿਡ ਅਟੈਕ ਕਰਵਾਉਣ ਵਾਲੇ ਅਤੇ ਉਸ ਦੇ ਭੇਜੇ ਅਣਪਛਾਤੇ ਦੋਸ਼ੀਆਂ ਖਿਲਾਫ ਪੁਲਿਸ ਨੇ ਕੇਸ ਦਰਜ ਕਰਕੇ,ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ। ਐਸਿਡ ਅਟੈਕ ‘ਚ ਜਖਮੀ ਹੋਏ ਮੁਦਈ ਨੂੰ ਇਲਾਜ ਲਈ, ਅਮਰ ਹਸਪਤਾਲ ਪਟਿਆਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਨਿਖਲ ਸਿੰਗਲਾ ਪੁੱਤਰ ਇੰਦਰਜੀਤ ਸਿੰਗਲਾ ਵਾਸੀ ਵਾਰਡ ਨੰਬਰ 7 ਆਰੀਆ ਸਮਾਜ ਗਲੀ ਸਨੌਰ ਨੇ ਦੱਸਿਆ ਕਿ ਉਹ ਸਦਰ ਬਜਾਰ ਸਨੌਰ ਵਿਖੇ ਆਪਣੀ ਦੁਕਾਨ ਪਰ ਹਾਜਰ ਸੀ ਤਾਂ ਦੋ ਨਾ—ਮਾਲੂਮ ਵਿਅਕਤੀ ਮੇਖਾ ਲੈਣ ਦੇ ਬਹਾਨੇ ਮੁਦਈ ਦੀ ਦੁਕਾਨ ਪਰ ਆਏ । ਦੋਵਾਂ ‘ਚੋਂ ਇੱਕ ਨਾ—ਮਾਲੂਮ ਵਿਅਕਤੀ ਨੇ ਆਪਣੇ ਹੱਥ ਵਿੱਚ ਫੜ੍ਹੇ ਐਸਿਡ (ਤੇਜਾਬ)ਦਾ ਡੱਬਾ ਮੁਦਈ ਉੱਤੇ ਮਾਰਿਆ। ਇਹ ਐਸਿਡ ਮੁਦਈ ਦੇ ਗਲ, ਹੱਥਾਂ ਅਤੇ ਸੱਜੀ ਲੱਤ ਪਰ ਪੈ ਗਿਆ । ਜਦੋਂਕਿ ਦੋਵੋਂ ਨਾ—ਮਾਲੂਮ ਵਿਅਕਤੀ ਸਕੂਟਰੀ ਪਰ ਬਾਹਰ ਖੜ੍ਹੇ ਆਪਣੇ ਤੀਸਰੇ ਨਾ—ਮਾਲੂਮ ਸਾਥੀ ਨਾਲ ਮੌਕਾ ਤੋਂ ਫਰਾਰ ਹੋ ਗਏ । ਮੁਦਈ ਨਿਖਲ ਸਿੰਗਲਾ ਨੇ ਵਜ੍ਹਾ ਰੰਜਿਸ਼ ਬਿਆਨ ਕਰਦਿਆਂ ਕਿਹਾ ਕਿ ਮੁਦਈ ਅਤੇ ਦੋਸ਼ੀ ਤੇਜਵੀਰ ਮੇਹਤਾ ਦੀ ਇੱਕ ਸਾਂਝੀ ਦੋਸਤ ਸੀ । ਜਿਸ ਕਰਕੇ ਉਹ ਮੁਦਈ ਨਾਲ ਰੰਜਿਸ਼ ਰੱਖਦਾ ‘ਤੇ ਖਿੱਝਦਾ ਸੀ। ਇਸੇ ਰੰਜਿਸ਼ / ਖਿੱਝ ਦੇ ਚਲਦਿਆਂ ਤੇਜਵੀਰ ਮਹਿਤਾ ਨੇ ਮੁਦਈ ਪਰ ਐਸਿਡ ਹਮਲਾ ਕਰਵਾਇਆ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਤੇਜਵੀਰ ਮਹਿਤਾ ਅਤੇ ਉਸ ਦੇ ਹੋਰ ਨਾਮਾਲੂਮ ਸਾਥੀ ਦੋਸ਼ੀਆਂ ਖਿਲਾਫ ਲੰਘੀ ਕੱਲ੍ਹ ਅਧੀਨ ਜੁਰਮ 326-A/452/ 120-B IPC ਤਹਿਤ ਥਾਣਾ ਸਨੌਰ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।