ਹਰਿੰਦਰ ਨਿੱਕਾ , ਬਰਨਾਲਾ 30 ਦਸੰਬਰ 2023
ਬਠਿੰਡਾ ਬਾਈਪਾਸ ਤੇ ਸਥਿਤ ਜੀ.ਮਾਲ ਦੇ ਸਾਹਮਣੇ ਨਿਰਮਾਣ ਅਧੀਨ ਹੋਟਲ ਦੇ ਚੌਂਕੀਦਾਰ ਦੀ ਹੱਤਿਆ ਦੇ ਜੁਰਮ ਵਿੱਚ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਹੱਤਿਆ ਆਦਿ ਜੁਰਮਾਂ ਤਹਿਤ ਕੇਸ ਦਰਜ ਕਰ ਕੇ,ਦੋਸ਼ੀਆਂ ਦੀ ਪੈੜ ਲੱਭਣੀ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਹੋਟਲ ਦੇ ਮਾਲਿਕ ਸੰਦੀਪ ਗਿੱਲ ਦੇ ਬਿਆਨਾਂ ਪਰ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਮੁਦਈ ਸੰਦੀਪ ਗਿੱਲ ਪੁੱਤਰ ਰਣਧੀਰ ਸਿੰਘ ਵਾਸੀ ਬਨਾਰਸੀ ਜਿਲ੍ਹਾ ਸੰਗਰੂਰ ਨੇ ਲਿਖਵਾਇਆ ਕਿ ਉਸ ਦੀ ਇੱਕ ਫਰਮ ਪੀ.ਐਸ.ਐਲ. ਇੰਟਰਪ੍ਰਾਈਜਜ ਬਣਾਈ ਹੋਈ ਹੈ, ਜੋ ਜੀ-ਮਾਲ ਨੇੜੇ, ਬਠਿੰਡਾ ਬਾਈਪਾਸ ਬਰਨਾਲਾ ਪਾਸ ਹੋਟਲ ਦੀ ਉਸਾਰੀ ਕਰ ਰਹੀ ਹੈ। ਜਿੱਥੇ ਉਸਾਰੀ ਦੇ ਸਮਾਨ ਦੀ ਸਾਂਭ ਸੰਭਾਲ ਅਤੇ ਨਿਗਰਾਨੀ ਲਈ ਪਹਿਰੇ ਪਰ ਮਹਿੰਦਰ ਸਿੰਘ ਪੁੱਤਰ ਰੁਲੀਆ ਰਾਮ ਵਾਸੀ ਹਮੀਰਗੜ੍ਹ ਤਹਿਸੀਲ ਨਰਵਾਨਾ ਜਿਲ੍ਹਾ ਜੀਂਦ (ਹਰਿਆਣਾ) ਉਮਰ 65 ਸਾਲ ਨੂੰ ਲਗਾਇਆ ਗਿਆ ਸੀ। ਮਹਿੰਦਰ ਸਿੰਘ ਦੀ ਮਿਤੀ 28/29-12-2023 ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਵਿਆਕਤੀਆਂ ਨੇ ਲੁੱਟ ਖਸੁੱਟ ਦੇ ਇਰਾਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਜਾਨੋ ਮਾਰ ਦਿੱਤਾ। ਦੋਸ਼ੀ ਮੌਕਾ ਤੋਂ ਇੱਕ ਗੈਸ ਸਿਲੰਡਰ ਅਤੇ ਟੂਟੀਆ ਦਾ ਸਮਾਨ ਲੁੱਟ ਕੇ ਚਲੇ ਗਏ। ਪੁਲਿਸ ਨੇ ਸੰਦੀਪ ਗਿੱਲ ਦੇ ਬਿਆਨਾਂ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 302/397/ 34 ਆਈਪੀਸੀ ਤਹਿਤ ਥਾਣਾ ਸਿਟੀ-2 ਬਰਨਾਲਾ ਵਿਖੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੇ ਤਫਤੀਸ਼ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਓ. ਨਿਰਮਲਜੀਤ ਸਿੰਘ ਨੂੰ ਸੌਂਪੀ ਗਈ ਹੈ।