ਡਾਕਟਰ ਦੇ ਘਰ ਦਾਖਲ ਹੋ ਕੇ ਲੁੱਟਣ ਵਾਲਿਆਂ ਨੂੰ ਬਠਿੰਡਾ ਪੁਲਿਸ ਨੇ ਚੜ੍ਹਾਇਆ ਤਾਪ
ਅਸ਼ੋਕ ਵਰਮਾ , ਬਠਿੰਡਾ 25 ਦਸੰਬਰ 2023
ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਰਾਰਤੀ ਅਤੇ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਲੰਘੀ 22 ਦਸੰਬਰ ਦੀ ਰਾਤ ਨੂੰ ਬਠਿੰਡਾ ਪੁਲਿਸ ਨੇ ਥਾਣਾ ਨੇਹੀਆਂਵਾਲਾ ਦੇ ਪਿੰਡ ਮਹਿਮਾ ਸਵਾਈ ਵਿਖੇ ਆਰਐਮਪੀ ਡਾਕਟਰ ਵੇਦ ਪ੍ਰਕਾਸ਼ ਪੁੱਤਰ ਮੈਂਗਲ ਰਾਮ ਵਾਸੀ ਮਹਿਮਾ ਸਵਾਈ ਦੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਅਤੇ ਡਰਾਉਣ ਧਮਕਾਉਣ ਉਪਰੰਤ ਸੋਨੇ ਦੀਆ ਵਾਲੀਆਂ ਅਤੇ ਨਕਦੀ ਲੁੱਟਣ ਦੇ ਮਾਮਲੇ ’ਚ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਨਸ਼ੇ ਦੇ ਆਦੀ ਅਤੇ ਆਪਣੇ ਆਪ ਨੂੰ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਦੇ ਬੰਦੇ ਦੱਸਣ ਵਾਲੇ ਲੁਟੇਰਿਆਂ ਤੋਂ ਪੁਲਿਸ ਨੇ ਸੋਨੇ ਦੀਆਂ ਵਾਲੀਆਂ ਬਰਾਮਦ ਕਰ ਲਈਆਂ ਹਨ।
ਮੁਲਜਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਮੀਤ ਸਿੰਘ ਉਰਫ ਮਾਹੀ ਵਾਸੀ ਪਿੰਡ ਮਹਿਮਾ ਸਰਕਾਰੀ ਅਤੇ ਜੱਸਾ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ। ਡੀ.ਐੱਸ.ਪੀ ਸਬ ਡਿਵੀਜਨ ਭੁੱਚੋ ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਵੇਦ ਪ੍ਰਕਾਸ਼ ਦੇ ਬਿਆਨਾਂ ਤੇ ਥਾਣਾ ਨੇਹੀਆਂ ਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਇਹਨਾਂ ਤੋਂ ਲੁੱਟੀਆਂ ਗਈਆਂ 2 ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।