ਅਸ਼ੋਕ ਵਰਮਾ , ਬਠਿੰਡਾ 14 ਨਵੰਬਰ 2023
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਗੁਰੂ ਰਵਿਦਾਸ ਅਤੇ ਸੰਤ ਕਬੀਰ ਜੀ ਸਬੰਧੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਹੈ। ਜਲੰਧਰ ਜਿਲ੍ਹੇ ਦੇ ਥਾਣਾ ਪਤਾਰਾ ’ਚ 17 ਮਾਰਚ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਜਲੰਧਰ ਦੇਹਾਤੀ ਪੁਲਿਸ ਥਾਣੇ ਵਿੱਚ ਇੱਕ ਜਥੇਬੰਦੀ ਨੇ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਡੇਰਾ ਸਿਰਸਾ ਮੁਖੀ ਨੇ 5 ਫਰਵਰੀ ਨੂੰ ਇੱਕ ਯੂਟਿਊਬ ਚੈਨਲ ਉੱਤੇ ਸਤਿਸੰਗ ਦੌਰਾਨ ਸੰਤ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਨਾਲ ਜੁੜੇ ਇਤਿਹਾਸ ਬਾਰੇ ਗ਼ਲਤ ਬਿਆਨੀ ਕੀਤੀ ਹੈ ਅਤੇ ਦੋਵੇਂ ਹਸਤੀਆਂ ਬਾਰੇ ਇਤਰਾਜ਼ਯੋਗ ਗੱਲਾਂ ਕੀਤੀਆਂ ਹਨ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਰੀਬ 7 ਸਾਲ ਪਹਿਲਾਂ ਹੋਏ ਸਤਿਸੰਗ ਦੌਰਾਨ ਰਾਮ ਰਹੀਮ ਵੱਲੋਂ ਕੀਤੀ ਟਿੱਪਣੀ ਦੀ ਵੀਡੀਓ ਜਲੰਧਰ ਦੇ ਰਵਿਦਾਸ ਸਮਾਜ ਕੋਲ ਪਹੁੰਚੀ ਤਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ।
ਤੱਥਾਂ ਅਤੇ ਸਬੂਤਾਂ ਦੀ ਘਾਟ ਕਾਰਨ ਹਾਈਕੋਰਟ ਨੇ ਇਹ ਮੁਕੱਦਮਾ ਖਾਰਜ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਇਹ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਸੀ। ਹੁਣ ਜਲੰਧਰ ਦਿਹਾਤੀ ਜਿਲ੍ਹੇ ਦੀ ਪੁਲਿਸ ਨੂੰ ਇਹ ਐਫਆਈਆਰ ਖਾਰਜ ਕਰਨੀ ਹੋਵੇਗੀ। ਜਾਣਕਾਰੀ ਅਨੁਸਾਰ ਹਾਈਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਪ੍ਰਚਾਰ ਕਰਦੇ ਸਮੇਂ ਕਿਸੇ ਵਿਅਕਤੀ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਰਾਦੇ ਜਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦਾ ਕੋਈ ਸਪੱਸ਼ਟ ਸਬੂਤ ਸਾਹਮਣੇ ਨਹੀਂ ਆਇਆ ਹੈ। ਇਸ ਦੇ ਮੱਦੇਨਜ਼ਰ ਹਾਈਕੋਰਟ ਵੱਲੋਂ ਪਤਾਰਾ ਥਾਣੇ ’ਚ ਦਰਜ ਐਫ ਆਈ ਆਰ ਅਤੇ ਇਸ ਨਾਲ ਸਬੰਧਤ ਕਾਰਵਾਈ ਨੂੰ ਰੱਦ ਕਰਦਿਆਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
ਡੇਰਾ ਸਿਰਸਾ ਪ੍ਰਬੰਧਕਾਂ ਦਾ ਪੱਖ
ਡੇਰਾ ਸੱਚਾ ਸੌਦਾ ਨੇ ਪਤਾਰਾ ਥਾਣੇ ’ਚ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਸੀ। ਡੇਰੇ ਦੀ ਪ੍ਰਬੰਧਕੀ ਕਮੇਟੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸੰਤ ਡਾ. ਗੁਰਮੀਤ ਰਾਮ ਰਹੀਮ ਇੰਸਾਂ ਵੱਲੋਂ ਹਮੇਸ਼ਾ ਹੀ ਸਾਰੇ ਧਰਮਾਂ ਅਤੇ ਸਾਰੇ ਧਰਮਾਂ ਦੇ ਮਹਾਪੁਰਸ਼ਾਂ ਤੇ ਸੰਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਪ੍ਰਬੰਧਕਾਂ ਦਾ ਇਹ ਵੀ ਕਹਿਣਾ ਸੀ ਕਿ ਡੇਰਾ ਮੁਖੀ ਅਕਸਰ ਹੀ ਸੰਤ ਕਬੀਰ ਜੀ, ਸੰਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਅਤੇ ਉਨ੍ਹਾਂ ਦੇ ਮਹਾਨ ਸੰਦੇਸ਼ਾਂ ਰਾਹੀਂ ਸਾਧ ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਹਨ।” ਕਮੇਟੀ ਨੇ ਕਿਹਾ ਸੀ ਕਿ ਗੁਰੂ ਜੀ ’ਤੇ ਮਹਾਨ ਸੰਤਾਂ ਦੀ ਬੇਅਦਬੀ ਦਾ ਇਲਜ਼ਾਮ ਲਾਉਣਾ ਗ਼ਲ੍ਹਤ ਹੈ। ਸੰਤਾਂ, ਪੀਰ-ਫਕੀਰਾਂ, ਰਿਸ਼ੀ ਮੁੰਨੀਆਂ ਬਾਰੇ ਗ਼ਲ੍ਹਤ ਬੋਲਣਾ ਤਾਂ ਦੂਰ ਅਜਿਹਾ ਸੋਚਣਾ ਵੀ ਉਹ ਪਾਪ ਸਮਝਦੇ ਹਨ।”
ਦੂਸਰੀ ਵਾਰ ਖਤਮ ਹੋਇਆ ਮਾਮਲਾ
ਹਾਈਕੋਰਟ ਵੱਲੋਂ ਡੇਰਾ ਸਿਰਸਾ ਮੁਖੀ ਖਿਲਾਫ ਰੱਦ ਕੀਤਾ ਗਿਆ, ਇਹ ਦੂਸਰਾ ਮਾਮਲਾ ਹੈ ਜਦੋਂਕਿ ਇਸ ਤੋਂ ਪਹਿਲਾਂ ਦਰਜ ਹੋਇਆ ਕੇਸ ਬਠਿੰਡਾ ਅਦਾਲਤ ਨੇ ਸੁਣਵਾਈ ਉਪਰੰਤ ਖਾਰਜ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਥਾਣਾ ਕੋਤਵਾਲੀ ਵਿੱਚ ਡੇਰਾ ਮੁਖੀ ’ਤੇ 20 ਮਈ 2007 ਨੂੰ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਹੋਇਆ ਸੀ। ਡੇਰਾ ਮੁਖੀ ਨੇ ਪੰਜਾਬ ਵਿਚਲੇ ਸਲਾਬਤਪੁਰਾ ਡੇਰੇ ਵਿਖੇ ਜਾਮ-ਏ-ਇੰਸਾਂ ਪ੍ਰੋਗਰਾਮ ਕਰਵਾਇਆ ਸੀ। ਇਸ ਤੋਂ ਖਫਾ ਹੋਕੇ ਬਠਿੰਡਾ ਦੇ ਰਜਿੰਦਰ ਸਿੰਘ ਸਿੱਧੂ ਨਾਂ ਦੇ ਵਿਅਕਤੀ ਵੱਲੋਂ ਥਾਣਾ ਕੋਤਵਾਲੀ ’ਚ ਐਫਆਈਆਰ ਦਰਜ ਕਰਵਾਈ ਸੀ। ਬਠਿੰਡਾ ਪੁਲੀਸ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੰਬੀ ਜਾਂਚ ਤੋਂ ਮਗਰੋਂ ਇਸ ਕੇਸ ਨੂੰ ਖ਼ਤਮ ਕਰਨ ਵਾਸਤੇ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਸੀ। ਚੋਣਾਂ ਮਗਰੋਂ ਹੀ ਮੁਦਈ ਨੇ ਇਸ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ। ਮੁਦਈ ਦੀ ਮੁੜ ਪੈਰਵੀ ਮਗਰੋਂ ਤਤਕਾਲੀ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੇ ਡੇਰਾ ਮੁਖੀ ਨੂੰ ਬਠਿੰਡਾ ਅਦਾਲਤ ਵਿੱਚ ਤਲਬ ਕਰ ਲਿਆ ਸੀ ਪਰ ਬਾਅਦ ’ਚ ਮਾਮਲਾ ਹਾਈਕੋਰਟ ਚਲਾ ਗਿਆ ਸੀ। ਹਾਈਕੋਰਟ ’ਚੋਂ ਮੁੜ ਮਾਮਲਾ ਜ਼ਿਲ੍ਹਾ ਅਦਾਲਤ ’ਚ ਪੁੱਜ ਗਿਆ ਸੀ। ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਨੇ 7 ਅਗਸਤ 2014 ਨੂੰ ਮੁਕੱਦਮਾ ਖਾਰਜ ਕਰ ਦਿੱਤਾ ਸੀ।