ਜੇ.ਐਸ. ਚਹਿਲ ਬਰਨਾਲਾ 1 ਨਵੰਬਰ 2023
ਸੰਗਰੂਰ-ਬਰਨਾਲਾ ਰੋਡ ਤੇ ਸਥਿਤ ਡਾਇਨਾਮਿਕ ਕਲੋਨੀ ਦੇ ਨੇੜੇ ਬਿਨ੍ਹਾਂ ਸੀਐਲਯੂ ਤੋਂ ਪ੍ਰਸ਼ਾਸ਼ਨ ਦੇ ਅੱਖਾਂ ਸਾਹਮਣੇ ਗੈਰਕਾਨੂੰਨੀ ਢੰਗ ਨਾਲ ਉਸਰੀ ਪਟਾਕਾ ਫੈਕਟਰੀ ਅਤੇ ਗੁਦਾਮਾਂ ਦੀ ਪੜਤਾਲ ਦਾ ਜਿੰਮਾਂ ਡੀਜੀਪੀ ਪੰਜਾਬ ਨੇ ਐਸ.ਐਸ.ਪੀ. ਬਰਨਾਲਾ ਦੇ ਦਿੱਤਾ ਹੈ। ਇਹ ਪੜਤਾਲ ਦੇ ਹੁਕਮ ਨੈਸ਼ਨਲ ਐਂਟੀ ਕੁਰੱਪਸ਼ਨ ਕੌਸ਼ਲ ਭਾਰਤ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਭੇਜੀ ਸ਼ਕਾਇਤ ਦੇ ਅਧਾਰ ਤੇ ਡੀਜੀਪੀ ਪੰਜਾਬ ਨੇ ਅੱਗੇ ਜਿਲਾ ਪੁਲਿਸ ਮੁਖੀ ਸੰਦੀਪ ਮਲਿਕ ਨੂੰ ਪੜਤਾਲ ਲਈ ਭੇਜਿਆ ਹੈ। ਇਹ ਜਾਣਕਾਰੀ ਸ਼ਕਾਇਤਕਰਤਾ ਨੂੰ ਈਮੇਲ ਰਾਹੀਂ ਦਿੰਤੀ ਗਈ ਹੈ। ਬੇਅੰਤ ਸਿੰਘ ਬਾਜਵਾ ਨੇ ਆਪਣੀ ਸ਼ਕਾਇਤ ਵਿੱਚ ਪਟਾਖਾ ਫੈਕਟਰੀ ਨੂੰ ਬਰਨਾਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਲਾਏਸੰਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ । ਉੱਥੇ ਹੀ ਉਨਾਂ ,ਇਸ ਪਟਾਖਾ ਫੈਕਟਰੀ/ਗੁਦਾਮ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਰੂਲਾਂ ਅਤੇ ਨਿਯਮਾਂ ਨੂੰ ਕਥਿਤ ਤੌਰ ਤੇ ਛਿੱਕੇ ਟੰਗਦਿਆਂ ਜਾਰੀ ਕੀਤੀਆਂ ਐੱਨ ਓ ਸੀਜ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ।
ਬੇਅੰਤ ਸਿੰਘ ਬਾਜਵਾ ਵੱਲੋਂ ਪਾਈ ਸ਼ਿਕਾਇਤ ਨੰਬਰ 5853/GC-6/DGP/23 ਤੇ ਤੁਰੰਤ ਕਾਰਵਾਈ ਕਰਦਿਆਂ ਡੀਜੀਪੀ ਪੰਜਾਬ ਵਲੋਂ ਉਕਤ ਸ਼ਿਕਾਇਤ ਨੂੰ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਨੂੰ ਭੇਜ ਤੁਰੰਤ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਬੇਅੰਤ ਸਿੰਘ ਬਾਜਵਾ ਵਲੋਂ ਪਾਈ ਸ਼ਿਕਾਇਤ ਵਿੱਚ ਉਹਨਾ ਕਿਹਾ ਹੈ ਕਿ ਉਕਤ ਫੈਕਟਰੀ ਪੰਜਾਬ ਦੇ ਮੁੱਖ ਸੰਗਰੂਰ- ਬਰਨਾਲਾ ਰੋਡ ਉਪਰ ਡੈਨਾਮਿਕ ਹਾਊਸਿਸ ਫੇਸ ਵੰਨ-2 ਕਾਲੋਨੀ ਧਨੌਲਾ ਖੁਰਦ (ਟਾਂਡੀਆ ਵਾਲੇ ਢਾਬੇ ਦੇ ਸਾਹਮਣੇ) ਚੱਲ ਰਹੀ ਹੈ। ਜਿਸ ਨੂੰ ਬਰਨਾਲਾ ਪ੍ਰਸ਼ਾਸਨ ਵਲੋਂ ਪਟਾਕਾ ਤਿਆਰ ਕਰਨ ਅਤੇ ਵੇਚਣ ਲਈ ਲਾਇਸੰਸ ਜਾਰੀ ਕੀਤਾ ਗਿਆ ਹੈ, ਜਿਸ ਦਾ ਨੰਬਰ1/ DM/BNL/Fireworks manufacturer /2023 ਹੈ। ਜਿਸ ਦੀ ਮਿਆਦ 31ਮਾਰਚ 2028 ਤੱਕ ਹੈ। ਪਟਾਖਾ ਫੈਕਟਰੀ ਦੇ ਮਾਲਿਕਾਂ ਨੇ ਨਿਯਮਾਂ ਤੋਂ ਉਲਟ ਜਾ ਕੇ ਲਾਇਸੰਸ ਪ੍ਰਾਪਤੀ ਲਈ ਗਲਤ ਦਸਤਾਵੇਜ਼ ਪੇਸ਼ ਕਰਕੇ ਵੱਖ ਵੱਖ ਵਿਭਾਗਾਂ ਤੋਂ ਐੱਨ ਓ ਸੀਜ ਲਈਆਂ ਹਨ। ਫੈਕਟਰੀ ਮਾਲਕਾਂ ਨੂੰ ਪਟਾਕਿਆਂ ਲਈ ਲਾਇਸੰਸ ਜਾਰੀ ਕਰਨ ਵੇਲੇ ਵਿਭਾਗ ਵਲੋਂ ਬਹੁਤ ਸਾਰੇ ਕਾਰਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਦਾ ਲਾਇਸੰਸ ਪੁਨੀਤ ਬਾਂਸਲ ਪੁੱਤਰ ਦੇਵਿੰਦਰ ਬਾਂਸਲ ਵਾਸੀ ਵਾਰਡ ਨੰਬਰ 8, #88, ਸੀਵਾਨੀ, ਜ਼ਿਲ੍ਹਾ ਭਵਾਨੀ (ਹਰਿਆਣਾ) ਦੇ ਨਾਮ ਪਰ ਜਾਰੀ ਕੀਤਾ ਗਿਆ ਹੈ।
ਪਟਾਖਾ ਫੈਕਟਰੀ ਨੇੜੇ ਫੈਕਟਰੀ ਬਣਨ ਤੋਂ ਪਹਿਲਾਂ ਹੀ ਇੱਕ ਵਿਸ਼ਾਲ ਇੰਪਰੂਵਡ ਰਿਹਾਇਸ਼ੀ ਕਲੋਨੀ ਜਿਸ ਦਾ ਨਾਮ ਡੈਨਾਮਿਕ ਹਾਊਸਿਸ ਹੈ। ਸਰਕਾਰ ਵਲੋਂ ਜਾਰੀ ਹਿਦਾਇਤਾਂ ਅਨੁਸਾਰ ਪਟਾਕਾ ਫੈਕਟਰੀ/ ਗੁਦਾਮ ਦੇ 100 ਮੀਟਰ ਗਜ਼ ਘੇਰੇ ਅੰਦਰ ਕੋਈ ਰਿਹਾਇਸ਼ ਆਦਿ ਨਹੀਂ ਹੋਣੀ ਚਾਹੀਦੀ । ਪਰ ਉਕਤ ਪਟਾਖਾ ਫੈਕਟਰੀ ਤੋਂ ਮਹਿਜ਼ 70 ਗਜ਼ ਤੇ ਰਿਹਾਇਸ਼ੀ ਕਲੋਨੀ ਹੈ ਅਤੇ ਇਸ ਕਲੋਨੀ ਦੇ ਅੰਦਰ ਸਾਰੀ ਪ੍ਰੋਪਰਟੀ ਲੋਕਾਂ ਵੱਲੋਂ ਰਿਹਾਇਸ਼ ਲਈ ਖਰੀਦ ਕੀਤੀ ਹੋਈ ਹੈ। ਜਿੱਥੇ ਕਿਸੇ ਸਮੇਂ ਵੀ ਮਕਾਨ ਉਸਰ ਸਕਦੇ ਹਨ। ਪਰ ਬਰਨਾਲਾ ਪ੍ਰਸ਼ਾਸਨ ਵੱਲੋਂ ਫੈਕਟਰੀ ਨੂੰ ਅਗਲੇ ਪੰਜ ਸਾਲ ਲਈ ਪਟਾਖੇ ਬਣਾਉਣ ਅਤੇ ਸਟੋਰ ਕਰਨ ਦਾ ਲਾਇਸੰਸ ਜਾਰੀ ਕਰ ਦਿੱਤਾ ਗਿਆ ਹੈ। ਇਹ ਕਿ ਪਟਾਕਾ ਫੈਕਟਰੀ ਦੇ ਬਿਲਕੁਲ ਨਜ਼ਦੀਕ ਆਮ ਲੋਕਾਂ ਦੇ ਘਰ ਵੀ ਹਨ, ਜੋ ਲੰਬੇ ਸਮੇਂ ਤੋਂ ਲੋਕ ਆਪਣਾ ਇੱਥੇ ਜੀਵਨ ਬਸਰ ਕਰ ਰਹੇ ਹਨ। ਇਨ੍ਹਾਂ ਰਿਹਾਇਸ਼ੀ ਮਕਾਨਾਂ ਤੋਂ ਫੈਕਟਰੀ ਮਹਿਜ ਕਰੀਬ 50 ਮੀਟਰ ਤੋਂ ਵੀ ਘੱਟ ਦੂਰੀ ਤੇ ਹੈ।
ਇੱਥੇ ਬੱਸ ਨਹੀਂ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਪਰਿਵਾਰ ਅਤੇ ਛੋਟੇ ਛੋਟੇ ਬੱਚੇ ਵੀ ਫੈਕਟਰੀ ਅੰਦਰ ਬਣੇ ਕੁਆਰਟਰਾਂ ਵਿੱਚ ਹੀ ਰਹਿੰਦੇ ਹਨ। ਜਦਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਪਟਾਖਾ ਫੈਕਟਰੀ ਅੰਦਰ ਬੱਚੇ ਦਾਖ਼ਲ ਹੀ ਨਹੀਂ ਹੋ ਸਕਦੇ। ਪਰ ਵੱਖ -ਵੱਖ ਵਿਭਾਗਾਂ ਇਹਨਾ ਸਾਰੇ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਫੈਕਟਰੀ ਮਾਲਕਾਂ ਨਾਲ ਕਥਿਤ ਮਿਲੀਭੁਗਤ ਕਰਕੇ ਦਿੱਤੇ ਲਾਈਸੰਸ ਸ਼ੱਕ ਦੇ ਘੇਰੇ ਵਿੱਚ ਹਨ। ਉਹਨਾ ਦੱਸਿਆ ਕਿ ਫੈਕਟਰੀ ਮਾਲਕ ਪੰਜਾਬ ਤੋਂ ਬਾਹਰ ਦਾ ਰਹਿਣ ਵਾਲਾ ਹੈ।ਇਹ ਵੀ ਸੁਣਨ ਵਿਚ ਆਇਆ ਹੈ ਕਿ ਫੈਕਟਰੀ ਮਾਲਿਕਾਂ ਦੇ ਇੱਕ ਹਿੱਸੇਦਾਰ ਤੇ ਪਹਿਲਾਂ ਹੀ ਮੁਕੱਦਮਾ ਦਰਜ ਹੈ। ਫਿਰ ਵੀ ਅਜਿਹੇ ਲੋਕਾਂ ਨੂੰ ਵਿਸਫੋਟਕ ਸਮੱਗਰੀ ਦਾ ਲਾਇਸੰਸ ਦੇਣਾ ਭਵਿੱਖ ਵਿਚ ਆਮ ਲੋਕਾਂ ਦੀ ਜ਼ਿੰਦਗੀਆਂ ਨੂੰ ਦਾਅ ਤੇ ਲਾਉਣ ਦੇ ਬਰਾਬਰ ਹੀ ਹੈ।