ਅੰਜੂ ਅਮਨਦੀਪ ਗਰੋਵਰ/ਮੰਗਤ ਕੁਲਜਿੰਦ, ਚੰਡੀਗੜ੍ਹ 17 ਅਕਤੂਬਰ 2023
ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਦੇ ਵਿਕਾਸ ਦੀ ਰਫਤਾਰ ਨੂੰ ਹੁਲਾਰਾ ਦੇਣ ਦੇ ਆਪਣੇ ਉਦੇਸ਼ ਦੀ ਪੂਰਤੀ ਲਈ ਪੁੰਗਰਦੇ ਹਰਫ਼ (ਵਿਸ਼ਵ ਸਾਹਿਤਕ ਮੰਚ) ਵੱਲੋਂ ਪੰਜਾਬੀ ਲਿਖਾਰੀ ਸਭਾ (ਰਜਿ.)ਸਿਆਟਲ ਦੇ ਸਹਿਯੋਗ ਨਾਲ ਇਕ ਮਿੰਨੀ-ਕਹਾਣੀ ਦਰਬਾਰ ਇਸ ਮਹੀਨੇ ਜ਼ੂਮ ਰਾਹੀ ਕੀਤਾ ਗਿਆ।ਚੜ੍ਹਦੇ ਪੰਜਾਬ(ਭਾਰਤ),ਸਾਊਥ ਕੋਰੀਆ ਅਤੇ ਅਮਰੀਕਾ ਵੱਸਦੇ ਸਾਹਿਤਕਾਰਾਂ ਨੇ, ਆਪਣੀਆਂ ਲਿਖੀਆਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਸਾਊਥ ਕੋਰੀਆ ਵੱਸਦੇ ਇਸ ਗਰੁੱਪ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਨੇ ਅਦਬੀ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਹਾਜ਼ਰ ਮਿੰਨੀ ਕਹਾਣੀਕਾਰਾਂ ਨੂੰ ਜੀ ਆਇਆਂ ਕਿਹਾ।ਚੇਅਰਮੈਨ ਬਲਿਹਾਰ ਸਿੰਘ ਲੇਹਲ ਨੇ ਮੰਚ ਬਾਰੇ ਚਾਨਣਾ ਪਾਉ਼ਦਿਆਂ ਪਹਿਲਾਂ ਕਰਵਾਏ ਗਏ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ।ਗਰੁੱਪ ਦੀ ਸੰਸਥਾਪਿਕਾ ਰਮਨਦੀਪ ਕੌਰ ਰੰਮੀ ਨੇ ਆਏ ਹੋਏ ਮਹਿਮਾਨ ਲੇਖਕਾਂ ਦੀ ਜਾਣ ਪਛਾਣ ਕਰਾਉਂਦਿਆਂ ਸੱਭ ਤੋਂ ਪਹਿਲਾਂ, ਪੰਜਾਬੀ ਮਿੰਨੀ ਕਹਾਣੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਵਾਲੇ ਅਤੇ ਅੱਜ ਦੇ ਦੌਰ ਦੇ ਸੱਭ ਤੋਂ ਚਰਚਿਤ ਲੇਖਕ ਜਗਦੀਸ਼ ਕੁਲਰੀਆਂ ਨੂੰ ਆਪਣੀ ਕਹਾਣੀ ਦਾ ਪਾਠ ਕਰਨ ਦਾ ਸੱਦਾ ਦਿੱਤਾ।
ਸਾਡੇ ਮਨ ਦੇ ਕਿਸੇ ਕੋਨੇ ਵਿੱਚ ਅਜੇ ਵੀ ਪਏ ਜਾਤ-ਪਾਤ ਦੇ ਵਾਇਰਸ ਨੂੰ ਉਜਾਗਰ ਕਰਦੀ ‘ਕੰਧ’ ਮਿੰਨੀ ਕਹਾਣੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਉਹਨਾਂ ਨੇ ਪੜ੍ਹੀ।ਮਿੰਨੀ ਕਹਾਣੀ ਵਿਧਾ ਨੂੰ ਸਮਰਪਿਤ ਉਹਨਾਂ ਦੇ ਸਾਥੀ ਕੁਲਵਿੰਦਰ ਕੌਸ਼ਲ ਨੇ,ਜੀਵਨ ਦੀ ਨਿਰੰਤਰ ਵਹਿੰਦੀ ਧਾਰਾ ਨੂੰ ਪ੍ਰਤੱਖ ਕਰਦੀ ਮਿੰਨੀ ਕਹਾਣੀ ‘ਜ਼ਿੰਦਗੀ’ ਸਾਂਝੀ ਕੀਤੀ। ਪੰਜਾਬੀ ਦੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਬਠਿੰਡਵੀ ਨੇ ਮਿੰਨੀ ਕਹਾਣੀ ‘ਰੋਟੀ’ ਰਾਹੀਂ ਮੁਢਲੀਆਂ ਲੋੜਾਂ ਦੀ ਥੋੜ ਦਾ ਦਰਦ ਹੰਢਾ ਰਹੇ ਵਰਗ ਦਾ ਦਰਦ ਪੇਸ਼ ਕੀਤਾ।ਹਲਕੇ ਹਾਸ ਵਿਅੰਗ ਸ਼ੈਲੀ ਦੀ ਮਿਠਾਸ ਭਰੀ ਮਿੰਨੀ ਕਹਾਣੀ ‘ਕਰਵਾ ਚੌਥ’ ਪੜ੍ਹਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਮਾਜ ਨੂੰ ਅੰਧ ਵਿਸ਼ਵਾਸ਼ਾਂ ਤੋਂ ਬਚਣ ਦਾ ਸੰਨੇਹਾ ਦਿੱਤਾ। ਦਿਲ ਟੁੰਬਵੀਂ, ਰਿਸ਼ਤਿਆਂ ਦੀ ਗਹਿਰਾਈ ਮਾਪਦੀ ਮਿੰਨੀ ਕਹਾਣੀ ਲੱਕੀ ਕਮਲ ਨੇ ‘ਆਖਰੀ ਸਫਰ’ ਪੜ੍ਹ ਕੇ ਸੱਭ ਨੂੰ ਭਾਵਕ ਕਰ ਦਿੱਤਾ।
ਬਠਿੰਡਾ ਤੋਂ ਹੀ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਮਿੰਨੀ ਕਹਾਣੀ ਲੇਖਿਕਾ ਰਾਜਦੇਵ ਕੌਰ ਸਿਧੂ ਨੇ ‘ਅਤੀਤ’,ਰਚਨਾ ਰਾਹੀਂ ਸਾਡੇ ਵਿਰਸੇ ਦੀ ਮਹੱਤਤਾ ਦੀ ਦਸਤਕ ਸਾਡੇ ਜ਼ਿਹਨ ਨੂੰ ਦਿੱਤੀ।ਕਾਵਿ ਸਾਹਿਤ ਵਿੱਚ ਪਰਿਪੱਕਤਾ ਨਾਲ ਕਲਮ ਚਲਾਉਣ ਵਾਲੀ ਕਵਿੱਤਰੀ ਹਰਮੀਤ ਕੌਰ ਮੀਤ ਨੇ ‘ਧੀਆਂ’ ਮਿੰਨੀ ਕਹਾਣੀ ਰਾਹੀਂ ਸਿੱਧ ਕਰ ਦਿੱਤਾ ਕਿ ਵਾਰਤਕ ਵਿੱਚ ਵੀ ਉਸਦੀ ਕਲਾ-ਕੌਸ਼ਲਤਾ ਸਿਖਰ ਤੇ ਹੈ।ਸਕੂਲਾਂ ਵਿੱਚ ਲਾਗੂ ਆਨਲਾਈਨ ਸਟੱਡੀ ਦੀਆਂ ਦੁਸ਼ਵਾਰੀਆਂ ਨੂੰ ਗੁਰਪ੍ਰੀਤ ਕੌਰ ਨੇ ‘ਉਪਰੀ ਮੈਡਮ’ ਮਿੰਨੀ ਕਹਾਣੀ ਰਾਹੀਂ ਪ੍ਰਗਟ ਕੀਤਾ।ਪਰਿਵਾਰਿਕ ਰਿਸ਼ਤਿਆਂ ਵਿੱਚ ਅਸਲ ਮੋਹ ਮੁਹੱਬਤ ਦੀ ਨਿਸ਼ਾਨਦੇਹੀ ਪਰਮਜੀਤ ਕੌਰ ਮਲੇਰਕੋਟਲਾ ਨੇ ਮਿੰਨੀ ਕਹਾਣੀ ‘ਸੱਚਾ ਪਿਆਰ’ ਵਿੱਚ ਕੀਤੀ ।
ਖੂਬਸੂਰਤ ਸ਼ਬਦਾਂ ਨੂੰ ਤਰਤੀਬ ਦੇਣ ਵਿੱਚ ਮਾਹਿਰ ਸਾਹਿਤਕਾਰਾ ਅੰਜੂ ਅਮਨਦੀਪ ਗਰੋਵਰ ਨੇ ‘ਇਨਸਾਨ ਕੌਣ’ ਮਿੰਨੀ ਕਹਾਣੀ ਰਾਹੀਂ ਸਮਾਜ ਸਨਮੁੱਖ ਇਕ ਸਵਾਲ ਖੜ੍ਹਾ ਕੀਤਾ।ਪ੍ਰਵਾਸ ਵਰਤਾਰੇ ਕਾਰਨ ਪੈਦਾ ਹੋਏ ਮਨਾਂ ਵਿੱਚ ਖਲਾਅ ਨੂੰ ਸ਼ਬਦੀ-ਜਾਮਾ ਪਹਿਨਾਇਆ-ਲੇਖਿਕਾ ਰਮਨਦੀਪ ਕੌਰ ਰੰਮੀ ਨੇ ਆਪਣੀ ਮਿੰਨੀ ਕਹਾਣੀ ‘ਮਿੱਠੀ ਜੇਲ੍ਹ’ ਨਾਲ।ਉਚ-ਤਕਨੀਕ ਔਜ਼ਾਰਾਂ ਦੀ ਸਹੂਲਤਾਂ ਦਾ ਸੁਖ ਮਾਨ ਰਿਹਾ ਅਵੇਸਲਾ ਹੋਇਆ ਇਨਸਾਨ ਭਵਿੱਖ ਵਿੱਚ ਕਿੰਨਾਂ ਮੁਸੀਬਤਾਂ ਦਾ ਸਾਹਮਣਾ ਕਰੇਗਾ-ਵਿਅੰਗਕਾਰ ਮੰਗਤ ਕੁਲਜਿੰਦ ਵੱਲੋਂ ਪੇਸ਼ ਮਿੰਨੀ ਕਹਾਣੀ ‘ਆਵਾਜ਼’ ਦਾ ਵਿਸ਼ਾ ਸੀ।ਅਮਨਬੀਰ ਸਿੰਘ ਧਾਮੀ ਨੇ ਬਿਨਾਂ ਮਿੰਨੀ ਕਹਾਣੀ ਬੋਲਿਆਂ ਵੀ ਸ਼ਬਦਾਂ ਨੂੰ ਅਜਿਹੀ ਰੰਗਤ ਦਿੱਤੀ ਕਿ ਉਹ ਕਿਸੇ ਗੱਲੋਂ ਸਾਹਿਤਕ ਰਚਨਾਂ ਤੋਂ ਘੱਟ ਨਹੀਂ ਸਨ ਲੱਗਦੇ।
ਮਿੰਨੀ ਕਹਾਣੀ ਦੇ ਇਤਿਹਾਸ, ਇਸ ਨੂੰ ਲਿਖਣ ਦੇ ਨਿਯਮਾਂ ਅਤੇ ਮਿੰਨੀ ਕਹਾਣੀ ਦੀ ਦਿਸ਼ਾ ਅਤੇ ਦਸ਼ਾ ਦਾ ਜ਼ਿਕਰ ਕਰਦਿਆਂ ਪੜ੍ਹੀਆਂ ਕਹਾਣੀਆਂ ਦੀ ਸਮੀਖਿਆ ਜਗਦੀਸ਼ ਕੁਲਰੀਆਂ ਨੇ ਕੀਤੀ। ‘ਲਿਖਣ ਤੋਂ ਪਹਿਲਾਂ ਪੜ੍ਹਨਾ ਜ਼ਰੂਰੀ ਹੈ’ ਸਫਲਤਾ ਦੀ ਇਸ ਕੁੰਜੀ ਉਪਰ ਉਹਨਾਂ ਜ਼ੋਰ ਦਿੱਤਾ। ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਉੱਤੇ ਅਤੇ ਯੂ-ਟਿਊਬ ਉਤੇ ਸਿੱਧਾ ਪ੍ਰਸਾਰਣ ਵੀ ਚੱਲਿਆ ਜੋ ਕਿ ਹੁਣ ਵੀ ਵੇਖਿਆ ਜਾ ਸਕਦਾ ਹੈ।ਅਖੀਰ ਵਿੱਚ ਮੰਚ ਦੀ ਸੰਸਥਾਪਿਕਾ ਨੇ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।