ਤੜਿੰਗ ਹੋਏ ਰਾਜਾ ਵੜਿੰਗ ਦੇ ਧੜੇ ਨੇ ਸਿਆਸੀ ਠਿੱਬੀ ਲਾਉਣ ਲਈ ਸਿੰਨ੍ਹਿਆ ਮਨਪ੍ਰੀਤ ਬਾਦਲ ਤੇ ਨਿਸ਼ਾਨਾ

Advertisement
Spread information
ਅਸ਼ੋਕ ਵਰਮਾ, ਬਠਿੰਡਾ 18 ਅਕਤੂਬਰ 2023 
     ਕੀ ਸਾਲ 2024 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਦੇ  ਸਿਆਸੀ ਪਿੜ ਚੋਂ ਬਾਹਰ ਕੱਢਣ ਲਈ ਤਿਆਰੀ ਕੀਤੀ ਜਾ ਰਹੀ ਹੈ।  ਬਠਿੰਡਾ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਅੱਜ ਕੱਲ ਇਹ ਸਵਾਲ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਨਪ੍ਰੀਤ ਬਾਦਲ ਦੇ ਨੇੜਲਿਆਂ ਵਜੋਂ ਜਾਣੇ ਜਾਂਦੇ ਮਹਿਲਾ ਆਗੂ ਸ੍ਰੀਮਤੀ ਰਮਨ ਗੋਇਲ ਨੂੰ ਬਠਿੰਡਾ ਨਿਗਮ ਦੀ ਮੇਅਰ ਦੇ ਅਹੁਦੇ ਤੋਂ ਹਟਾਉਣ ਲਈ 31   ਕੌਂਸਲਰਾਂ ਦੇ ਦਸਤਖਤਾਂ ਵਾਲਾ  ਬੇਭਰੋਸਗੀ ਮਤਾ ਕਮਿਸ਼ਨਰ ਨਗਰ ਨਿਗਮ ਨੂੰ ਸੌਂਪਣ ਦਾ ਮਾਮਲਾ ਕਾਂਗਰਸ ਪਾਰਟੀ ਦੀ ਇਸੇ ਪੈਂਤੜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
             ਬਠਿੰਡਾ ਸ਼ਹਿਰੀ ਹਲਕੇ ਦੀ ਅੰਦਰੂਨੀ ਸਿਆਸਤ ਤੇ ਝਾਤੀ ਮਾਰੀਏ ਤਾਂ ਇਹ ਅਮਲ ਕੋਈ ਅੱਜ ਨਵਾਂ ਨਹੀਂ ਹੈ ਬਲਕਿ ਪਿਛਲੇ ਕਾਫੀ ਸਮੇਂ ਤੋਂ ਹੀ  ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖੇਮੇ  ਵੱਲੋਂ ਅਜਿਹੀਆਂ ਸਰਗਰਮੀਆਂ ਅੰਦਰੋਂ ਅੰਦਰੀ ਚਲਾਈਆਂ ਹੋਈਆਂ ਸਨ ਪਰ ਹੁਣ ਬਿੱਲੀ ਖੁੱਲ੍ਹ ਕੇ ਥੈਲੇ ਚੋਂ ਬਾਹਰ ਆ ਗਈ ਹੈ । ਦਰਅਸਲ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ ਪਿਛਲੇ ਲੋਕ ਸਭਾ ਚੋਣਾਂ ਵੇਲੇ ਤੋਂ ਸਿਆਸੀ ਤੌਰ ਤੇ ਖੜਕਦੀ ਚੱਲੀ ਆ ਰਹੀ ਹੈ।ਰਾਜਾ ਵੜਿੰਗ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਵਜੋਂ ਬਠਿੰਡਾ ਹਲਕੇ  ਤੋਂ ਸੰਸਦੀ ਚੋਣ ਲੜੀ ਸੀ। ਇਸ ਚੋਣ ਮੌਕੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਜ਼ਬਰਦਸਤ ਮੁਕਾਬਲੇ ਦੌਰਾਨ  ਰਾਜਾ ਵੜਿੰਗ ਨੂੰ ਕਰਾਰੀ ਹਾਰ ਦਿੱਤੀ ਸੀ।
               ਬਠਿੰਡਾ ਸ਼ਹਿਰੀ ਹਲਕੇ ਤੋਂ ਹਰਸਿਮਰਤ ਬਾਦਲ ਨੂੰ ਫੈਸਲਾਕੁੰਨ 3,743 ਵੋਟਾਂ ਦੀ ਲੀਡ ਮਿਲੀ ਸੀ ਜਦੋਂਕਿ ਇਸ ਤੋਂ ਪਹਿਲਾਂ ਸਾਲ 2017 ‘ਚ ਕਰਵਾਈਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਰੀਬ 19 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਸਨ।  ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਰਾਜਾ ਵੜਿੰਗ ਨੂੰ ਸਮੁੱਚੇ ਬਠਿੰਡਾ ਸੰਸਦੀ ਹਲਕੇ ਵਿੱਚੋਂ 21,772 ਵੋਟਾਂ ਦੇ ਫਰਕ ਨਾਲ ਹਰਾ ਕੇ ਹੈਟਿ੍ਰਕ ਮਾਰਨ ’ਚ ਤਾਂ ਕਾਮਯਾਬ ਹੋ ਗਈ ਪਰ ਸ਼ਹਿਰੀ ਹਲਕੇ ਵਿੱਚ ਹੋਈ ਹਾਰ ਦੀ ‘ਟੀਸ’ ਗਾਹੇ ਬਗਾਹੇ ਰਾਜਾ ਵੜਿੰਗ ਦੇ ਦਿਲ ’ਚ ਰੜਕਦੀ ਰਹਿੰਦੀ ਹੈ ।ਬਠਿੰਡਾ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ ਚਾਰ ਹਲਕੇ ਰਾਜਾ ਵੜਿੰਗ ਦੇ ਹੱਕ ਵਿਚ ਅਤੇ ਪੰਜ ਹਲਕੇ ਹਰਸਿਮਰਤ ਦੇ ਪੱਖ ਵਿੱਚ ਭੁਗਤੇ ਸਨ ,ਇਨ੍ਹਾਂ ਵਿੱਚੋਂ ਇੱਕ ਬਠਿੰਡਾ ਸ਼ਹਿਰੀ ਹਲਕਾ ਹੈ।
             ਉਦੋਂ ਮਨਪ੍ਰੀਤ ਬਾਦਲ ਨੇ ਆਖਿਆ ਸੀ ਕਿ ਬਠਿੰਡਾ ਤੋਂ ਰਾਜਾ ਵੜਿੰਗ ਦੀ ਵੋਟ ਘਟੀ ਤਾਂ ਉਸ ਦੀ ਸਿਆਸੀ ਮੌਤ ਹੋਵੇਗੀ ਫਿਰ ਵੀ ਬਾਦਲ ਪਰਿਵਾਰ ਨੇ ਆਪਣੀ ਬਾਦਸ਼ਾਹੀ ਕਾਇਮ ਕਰ ਲਈ ਜਿਸ ਨੂੰ ਲੈ ਕੇ ਰਾਜਾ ਵੜਿੰਗ ਮਨਪ੍ਰੀਤ ਨਾਲ ਖਫਾ ਹੋ ਗਿਆ।ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਬਠਿੰਡਾ ਤੋਂ  ਰਾਜਾ ਵੜਿੰਗ ਨੇ ਉਸ ਸਮੇਂ ਮਨਪ੍ਰੀਤ  ਬਾਦਲ ’ਤੇ ਉਨ੍ਹਾਂ ਦੀ ਮੁਖ਼ਾਲਫ਼ਤ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਰਾਜਾ ਵੜਿੰਗ ਨੇ ਆਪਣੇ ਦੋਸ਼  ਕੋਈ ਲੁਕਾ ਕੇ ਨਹੀਂ ਰੱਖੇ ਬਲਕਿ ਉਹ ਇਸ ਤੋਂ ਪਹਿਲਾਂ ਵਿੱਤ ਮੰਤਰੀ ਹੁੰਦਿਆਂ ਤੇ ਬਾਅਦ ਵਿੱਚ ਵੀ ਮਨਪ੍ਰੀਤ ਬਾਦਲ ਨੂੰ   ਨਿਸ਼ਾਨਾ ਬਣਾਉਂਦੇ ਆ ਰਹੇ ਹਨ।  ਰਾਜਾ ਵੜਿੰਗ ਨੇ ਬਾਦਲਾਂ ਦੀ ਵਿਰੋਧਤਾ ਲਗਾਤਾਰ ਜਾਰੀ ਰੱਖੀ ਹੋਈ ਹੈ ਅਤੇ ਉਨ੍ਹਾਂ ਆਪਣੇ ਨਿਸ਼ਾਨਿਆਂ ਦਾ ਕੋਈ ਮੌਕਾ ਹੱਥੋਂ ਖੁੰਝਣ ਨਹੀਂ ਦਿੱਤਾ ਹੈ। 
             ਸਾਲ 2022 ਦੀ ਵਿਧਾਨ ਸਭਾ ਚੋਣਾਂ ਮੌਕੇ ਗਿੱਦੜਬਾਹਾ ਹਲਕੇ ਵਿੱਚ ਆਪਣੀ ਚੋਣ ਰੈਲੀ ਨੂੰ  ਸੰਬੋਧਨ ਦੌਰਾਨ ਉਨ੍ਹਾਂ ਸਟੇਜ ਤੋਂ ਸਮੂਹ ਬਾਦਲਾਂ ਨੂੰ ਹਰਾਉਣ ਦਾ ਸੱਦਾ ਦੇ ਦਿੱਤਾ ਸੀ ਜਿਸ ਨੂੰ ਲੈ ਕੇ ਰਾਜਨੀਤੀ ਦੇ ਵੱਡੇ ਵੱਡੇ ਧੁਨੰਤਰ ਵੀ ਦੰਗ ਰਹਿ ਗਏ ਸਨ।  ਸਿਆਸੀ ਹਲਕੇ ਵੀ ਇਹੋ ਆਖਦੇ ਹਨ ਕਿ ਰਾਜਾ ਵੜਿੰਗ ਦਾ ਬਠਿੰਡਾ ਸ਼ਹਿਰੀ ਹਲਕੇ ’ਚ ਸ਼ਹਿਰ ਵਾਸੀਆਂ ਨਾਲ ਖੁੱਲ੍ਹੇਆਮ ਮੇਲ ਮਿਲਾਪ ਅਤੇ ਹੁਣ ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਪਾਸ ਕੀਤਾ ਜਾਣਾ ਸਹਿਜ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਾ ਵੜਿੰਗ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋ ਸਕਦੇ ਹਨ। 
            ਇਹੋ ਕਾਰਨ ਹੈ ਕਿ ਹੁਣ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਵਿਜੀਲੈਂਸ ਕੇਸ ਵਿੱਚ ਉਲਝੇ ਹੋਣ ਦਾ ਕਾਂਗਰਸੀ ਲੀਡਰਸ਼ਿਪ ਲਾਹਾ ਲੈਣ ਦੇ ਰੌਂਅ ਵਿੱਚ ਦਿਖਾਈ ਦੇ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਮੇਅਰ  ਨੂੰ ਅਹੁਦਾ ਤਿਆਗਣਾ ਪੈਂਦਾ ਹੈ ਤਾਂ ਮਨਪ੍ਰੀਤ ਦਾ ਸਿਆਸੀ ਭਵਿੱਖ ਦਾਅ ’ਤੇ ਲੱਗ ਸਕਦਾ ਹੈ ਜੋ ਵਿਜੀਲੈਂਸ ਕੇਸ ਕਾਰਨ ਪਹਿਲਾਂ ਹੀ ਚੱਕਰਵਿਊ ‘ਚ ਫ਼ਸਿਆ ਹੋਇਆ ਹੈ। ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ  ਭਾਜਪਾ ਨੇ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਅਤੇ ਪੁਰਾਣੇ ਸਾਥੀ ਵੀ ਚੁੱਪ ਵੱਟੀ ਬੈਠੇ ਹਨ। ਹਾਲਾਂਕਿ ਕਈ ਕਾਂਗਰਸੀ ਲੀਡਰਾਂ ਨੇ ਭਾਜਪਾ ਚੋਂ ਕਾਂਗਰਸ ਵਿੱਚ ਆਪਣੀ ਘਰ ਵਾਪਸੀ ਕਰ ਲਈ ਹੈ ਪਰ ਮਨਪ੍ਰੀਤ ਬਾਦਲ ਦੇ ਮਾਮਲੇ ਵਿੱਚ ਇਹ ਵੀ ਸੰਭਵ ਨਹੀਂ ਜਾਪਦਾ ਕਿਉਂਕਿ ਇੱਕ ਪਾਸੇ ਵਿਜੀਲੈਂਸ ਕੇਸ ਅਤੇ ਦੂਜੇ ਪਾਸੇ ਸਿਆਸੀ ਵਿਰੋਧੀ ਰਾਜਾ ਵੜਿੰਗ ਹੈ ਜੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ।
  ਇਹ ਚਰਚਾ ਸਹੀ ਨਹੀਂ :ਰਾਜਨ ਗਰਗ
ਬਠਿੰਡਾ ਸ਼ਹਿਰੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਹਲਕੇ ਚੋਂ ਬਾਹਰ ਕੀਤੇ ਜਾਣ ਸਬੰਧੀ ਚਰਚਾ  ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਕਾਂਗਰਸ  ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ ਇਸ ਲਈ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ ਹੈ। ਉਨਾਂ ਆਖਿਆ ਕਿ ਕਾਂਗਰਸ  ਦਾ ਮਕਸਦ ਪਾਰਟੀ ਚੋਂ ਕੱਢੀ ਅਤੇ ਨਗਰ ਨਿਗਮ ਦੇ ਮਾਮਲੇ ਵਿੱਚ ਗੈਰ ਤਜ਼ੁਰਬੇਕਾਰ ਮੇਅਰ  ਨੂੰ ਹਟਾਉਣਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਵੀ ਠੱਪ ਪਏ ਹਨ ਜਿਸ ਕਰਕੇ ਹੁਣ ਇਹ ਫੈਸਲਾ ਲੈਣਾ ਜਰੂਰੀ ਹੋ ਗਿਆ ਸੀ।
Advertisement
Advertisement
Advertisement
Advertisement
Advertisement
error: Content is protected !!