ਬੀਜੇਪੀ ਦੇ ਆਗੂ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਤਿੰਨ ਰੋਜ਼ਾ ਦਿਨ-ਰਾਤ ਦਾ ਧਰਨਾ ਤਿੱਖੇ ਸੰਘਰਸ਼ ਦੀ ਚਿਤਾਵਨੀ ਨਾਲ ਸਮਾਪਤ

Advertisement
Spread information
ਗਗਨ ਹਰਗੁਣ,ਬਰਨਾਲਾ, 13 ਸਤੰਬਰ 2023


    ਹੜ੍ਹ ਪ੍ਰਭਾਵਿਤ ਮੰਗਾਂ ਦੀ ਪ੍ਰਾਪਤੀ ਲਈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਦਿੱਤੇ ਜਾ ਰਹੇ ਤਿੰਨ ਰੋਜ਼ਾ ਦਿਨ-ਰਾਤ ਧਰਨਿਆਂ ਦੀ ਲਗਾਤਾਰਤਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਲੱਗੇ ਪੱਕੇ ਮੋਰਚੇ ਦੇ ਆਖਰੀ ਦਿਨ ਵੱਡਾ ਇਕੱਠ ਜੁੜਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੋਂ ਇਲਾਵਾ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਹਰਮੰਡਲ ਸਿੰਘ ਜੋਧਪੁਰ,ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਅਤੇ ਸੰਦੀਪ ਸਿੰਘ ਚੀਮਾ ਨੇ ਜ਼ੋਰਦਾਰ ਮੰਗ ਕੀਤੀ ਕਿ ਕੇਂਦਰ ਸਰਕਾਰ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕੇ ਦਸ ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ। ਕਿਉਂਕਿ ਹੜ੍ਹਾਂ ਕਾਰਨ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋਇਆ ਹੈ।                                           
     ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੀ ਪੰਜਾਬ ਦੀ ਕਿਸਾਨੀ ਵਾਸਤੇ ਇਹ ਸੰਕਟ ਬਹੁਤ ਵੱਡਾ ਹੈ। ਪਰ ਕੇਂਦਰ ਅਤੇ ਪੰਜਾਬ ਦੇ ਹਾਕਮ ਸਰਾਹਣੇ ਬਾਂਹ ਦੇਕੇ ਘੂਕ ਸੁੱਤੇ ਪਏ ਹਨ। ਬੋਲਿਆਂ ਨੂੰ ਸੁਨਾਉਣ ਲਈ ਜਥੇਬੰਦਕ ਸੰਘਰਸ਼ ਰੂਪੀ ਧਮਾਕੇ ਕਰਨ ਦੀ ਲੋੜ ਹੁੰਦੀ ਹੈ। ਅੱਜ ਤਿੰਨ ਰੋਜ਼ਾ ਦਿਨ-ਰਾਤ ਧਰਨਿਆਂ ਦੇ ਆਖਰੀ ਦਿਨ ਜੁਝਾਰੂ ਕਿਸਾਨ ਔਰਤਾਂ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਈਆਂ। ਬੁਲਾਰੇ ਆਗੂਆਂ ਕਾਲਾ ਜੈਦ,ਕੁਲਦੀਪ ਸਿੰਘ ਧੌਲਾ,ਕੁਲਵਿੰਦਰ ਕੌਰ ਸੰਧੂ ਕਲਾਂ,ਮਨਜੀਤ ਕੌਰ ਸੰਧੂ ਕਲਾਂ,ਰਣ ਸਿੰਘ ਉੱਪਲੀ, ਗੁਰਮੀਤ ਸਿੰਘ ਸੁਖਪੁਰਾ,ਜਗਤਾਰ ਸਿੰਘ ਚੀਮਾ,ਲਖਵੀਰ ਸਿੰਘ ਲੱਖਾ,ਜਗਤਾਰ ਸਿੰਘ ਚੀਮਾ ਆਦਿ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਸੀਜ਼ਨ ਦੀ ਪੂਰੀ ਫ਼ਸਲ ਖਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉੱਪਰ ਵੀ ਸੰਕਟ ਮੰਡਰਾ ਰਿਹਾ ਹੈ।                 
     ਉਸਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ, ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਫ਼ਸਲ ਖ਼ਰਾਬ ਹੋਣ ਕਾਰਨ ਪੈਦਾਵਾਰ ਨਹੀਂ ਹੋਵੇਗੀ, ਉਨ੍ਹਾਂ ਨੂੰ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਜਿਨ੍ਹਾਂ ਕਿਸਾਨਾਂ ਦੀ ਝੋਨਾ ਜਾਂ ਕੋਈ ਹੋਰ ਫ਼ਸਲ ਖ਼ਰਾਬ ਹੋਈ ਪ੍ਰੰਤੂ ਪਾਣੀ ਉੱਤਰਨ ਮਗਰੋਂ ਉਨ੍ਹਾਂ ਫ਼ਸਲ ਬੀਜ ਲਈ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਜ਼ਮੀਨ ਦੇ ਮਾਲਕੀ ਹੱਕ ਤੋਂ ਵਿਰਵੇ ਆਬਾਦਕਾਰਾਂ, ਠੇਕੇ ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਹੋਰ ਕਾਸ਼ਤਕਾਰਾਂ ਨੂੰ ਮੁਆਵਜਾ ਰਾਸ਼ੀ ਦੇਣ, ਪਰਿਵਾਰ ਦੇ ਜੀਅ ਦੀ ਹੋਈ ਮੌਤ ਦਾ ਦਸ ਲੱਖ ਰੁਪਏ ਪ੍ਰਤੀ ਜੀਅ ਅਤੇ ਮਰੇ ਪਸ਼ੂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦੇਣ, ਘਰਾਂ ਦੇ ਹੋਏ ਨੁਕਸਾਨ ਦਾ ਪੰਜ ਲੱਖ ਰੁਪਏ ਪ੍ਰਤੀ ਘਰ ਮੁਆਵਜ਼ਾ ਦੇਣ, ਮਜ਼ਦੂਰ ਪਰਿਵਾਰਾਂ ਦੇ ਘਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਦੇ ਪਸ਼ੂਆਂ ਲਈ ਹਰੇ-ਚਾਰੇ ਸਮੇਤ ਹੋਰ ਲੋੜਾਂ ਲਈ ਪੰਜਾਹ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜਾ ਦੇਣ                                           
      ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨੂੰ ਅੱਗੇ ਪਾਉਣ ਅਤੇ ਇਸ ਵਾਰ ਦਾ ਵਿਆਜ਼ ਮੁਆਫ਼ ਕਰਨ ਜਾਂ ਸਰਕਾਰ ਵੱਲੋਂ ਖੁਦ ਭਰਨ, ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਦਰਿਆਵਾਂ ਸਮੇਤ ਨਦੀਆਂ, ਨਾਲਿਆਂ,ਡਰੇਨਾਂ ਦੀ ਸਾਫ਼-ਸਫ਼ਾਈ ਲਈ ਢੁੱਕਵੇਂ ਬੰਦੋਬਸਤ ਕਰਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁੱਲਰੀਆਂ ਦੇ ਅਬਾਦਕਾਰਾਂ ਕਿਸਾਨਾਂ ਦਾ ਸਿਆਸੀ ਅਤੇ ਪ੍ਰਸ਼ਾਸ਼ਨਿਕ ਸ਼ਹਿ ਤੇ ਜਬਰੀ ਉਜਾੜਾ ਬੰਦ ਕੀਤਾ ਜਾਵੇ,ਪਿੰਡ ਕੱਲਰੀਆਂ ਦੇ ਅਬਾਦਕਾਰ ਕਿਸਾਨਾਂ ਅਤੇ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਉੱਪਰ ਦਰਜ ਪੁਲਿਸ ਕੇਸ ਰੱਦ ਕੀਤੇ ਜਾਣ। 
      ਇਸੇ ਸਮੇਂ ਅਮਰਜੀਤ ਸਿੰਘ ਠੁੱਲੀਵਾਲ,ਮਨਜੀਤ ਕੌਰ ਖੁੱਡੀਕਲਾਂ,ਰਾਮ ਸਿੰਘ ਸ਼ਹਿਣਾ,ਮਲਕੀਤ ਸਿੰਘ ਅਮਲਾ ਸਿੰਘ ਵਾਲਾ,ਮਨਜੀਤ ਕੌਰ ਸੰਧੂ ਕਲਾਂ,ਕੁਲਵੰਤ ਸਿੰਘ ਹੰਢਿਆਇਆ,ਜੱਗੀ ਰਾਏਸਰ,ਸੱਤਪਾਲ ਸਿੰਘ ਸਹਿਜੜਾ,ਜੱਗਾ ਸਿੰਘ ਮਹਿਲਕਲਾਂ,ਅਵਤਾਰ ਸਿੰਘ ਮਹਿਲਕਲਾਂ, ਹਰਪਾਲ ਸਿੰਘ ਹੰਢਿਆਇਆ, ਗੁਰਮੀਤ ਸਿੰਘ ਬਰਨਾਲਾ ਆਦਿ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਇਹ ਮੰਗਾਂ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਹੋਵੇਗਾ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਦੇ ਗਲ ਅੰਗੂਠਾ ਦੇਣ ਦਾ ਭਰਮ ਪਾਲਦਿਆਂ ਲਾਗੂ ਕੀਤਾ ਐਸਮਾ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਮੱਸਿਆ ਦੇ ਢੁੱਕਵੇਂ ਹੱਲ ਕਰਨ ਦੀ ਥਾਂ ਪ੍ਰਸ਼ਾਸਨਿਕ ਦਾਬੇ ਦੀ ਸਖ਼ਤ ਨਿਖੇਧੀ ਕਰਦਿਆਂ ਅਜਿਹੇ ਹੁਕਮ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ।ਅਜਮੇਰ ਸਿੰਘ ਅਕਲੀਆ ਅਤੇ ਬਲਵੀਰ ਸਿੰਘ ਸੇਖਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਅਗਲੇ ਤਿੱਖੇ ਵਿਸ਼ਾਲ ਸੰਘਰਸ਼ ਦੀ ਚਿਤਾਵਨੀ ਨਾਲ ਤਿੰਨ ਰੋਜ਼ਾ ਲਗਾਤਾਰ ਧਰਨੇ ਦੀ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸਮਾਪਤੀ ਕੀਤੀ। ਉੱਪਰਲੀ ਅਤੇ ਬਰਨਾਲਾ ਇਕਾਈਆਂ ਵੱਲੋਂ ਕਾਫ਼ਲਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇੱਕ ਵਾਰ ਐਸਕੇਐਮ ਦੀ ਅਗਵਾਈ ਹੇਠ ਸਵਾ ਸਾਲ ਤੋਂ ਵੱਧ ਸਮਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲੱਗੇ ਮੋਰਚੇ ਦੀ ਯਾਦ ਤਾਜ਼ਾ ਕਰਵਾ ਦਿੱਤੀ।
Advertisement
Advertisement
Advertisement
Advertisement
Advertisement
error: Content is protected !!