ਅਸ਼ੋਕ ਵਰਮਾ , ਬਠਿੰਡਾ, 10 ਸਤੰਬਰ 2023
ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਪੈਂਦੇ ਪਿੰਡ ਸਿਧਾਣਾ ਵਿਖੇ ਬੀਤੀ ਰਾਤ ਠੀਕਰੀ ਪਹਿਰਾ ਦੇ ਰਹੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਇੱਕ ਮੈਂਬਰ ਨੂੰ ਕਤਲ ਕਰ ਦੇਣ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਨਸ਼ਿਆਂ ਦੀ ਰੋਕਥਾਮ ਲਈ ਅੱਗੇ ਆਏ ਲੋਕਾਂ ਉੱਪਰ ਹਮਲੇ ਤਾਂ ਹੁੰਦੇ ਆਏ ਹਨ । ਪਰ ਕਤਲ ਵਰਗੀ ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਇਹ ਪਹਿਲਾ ਮਾਮਲਾ ਹੈ । ਪਿੰਡ ਸਿਧਾਣਾ ਵਿਖੇ ਕਤਲ ਕੀਤੇ ਨੌਜਵਾਨ ਦੀ ਪਹਿਚਾਣ ਜਸਵੀਰ ਸਿੰਘ ਦੇ ਤੌਰ ਤੇ ਹੋਈ ਹੈ।ਮੁੱਢਲੇ ਤੌਰ ਤੇ ਸਾਹਮਣੇ ਆਏ ਵੇਰਵਿਆਂ ਅਨੁਸਾਰ ਨੌਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ।
ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਸਿਧਾਣਾ ਵਿੱਚ ਨਸ਼ਾ ਕਮੇਟੀ ਬਣਾ ਕੇ ਦਿਨ ਰਾਤ ਪਹਿਰੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਉੱਪਰ ਨਸ਼ਾ ਕਮੇਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਜਣਿਆਂ ਨੂੰ ਕਮੇਟੀ ਮੈਂਬਰਾਂ ਨੇ ਰੋਕਣਾ ਚਾਹਿਆ ਪਰ ਉਹ ਨਾਕਾ ਤੋੜ ਕੇ ਭੱਜ ਨਿਕਲੇ। ਕਮੇਟੀ ਮੈਂਬਰਾਂ ਨੇ ਇਸਦੀ ਸੂਚਨਾ ਅਗਲੇ ਨਾਕੇ ਤੇ ਤਾਇਨਾਤ ਜਸਵੀਰ ਸਿੰਘ ਨੂੰ ਦਿੱਤੀ ਜਿੱਥੇ ਦੋਵਾਂ ਮੋਟਰ ਸਾਈਕਲ ਸਵਾਰਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਇਸ ਦੌਰਾਨ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜਸਵੀਰ ਸਿੰਘ ਕਤਲ ਕਰ ਦਿੱਤਾ।
ਪਿੰਡ ਵਾਸੀਆਂ ਵੱਲੋਂ ਦੋਵਾਂ ਹੱਤਿਆਰਿਆਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਰਕਾਰੀ ਤੌਰ ਤੇ ਇਸ ਮਾਮਲੇ ਦਾ ਅਜੇ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕਿਸੇ ਵੀ ਹਾਲਾਤ ਵਿੱਚ ਬਖਸ਼ੇ ਨਹੀਂ ਜਾਣਗੇ। ਦੱਸਣਯੋਗ ਹੈ ਕਿ ਪਿੰਡ ਸਿਧਾਣਾ ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਅਤੇ ਸਿਆਸੀ ਨੇਤਾ ਲੱਖਾ ਸਿਧਾਣਾ ਦਾ ਪਿੰਡ ਹੈ ।