ਹਰਿੰਦਰ ਨਿੱਕਾ , ਬਰਨਾਲਾ 6 ਸਤੰਬਰ 2023
ਜਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਪੰਧੇਰ ‘ਚ ਇੱਕ ਔਰਤ ਨੇ ਜਦੋਂ ਆਪਣੇ ਘਰ ਨੇੜੇ ਪੈਲਟੀਨਾ ਮੋਟਰਸਾਈਕਲ ਤੇ ਗੇੜੀਆਂ ਮਾਰਨ ਤੋਂ ਦੋ ਜਣਿਆਂ ਨੂੰ ਰੋਕਿਆ ਤਾਂ ਉਨ੍ਹਾਂ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ ਕਿ ਉਹ ਔਰਤ ਨੂੰ ਹੋਰ ਵੀ ਸ਼ਰਮਨਾਕ ਹਾਲਤ ਦਾ ਸਾਹਮਣਾ ਕਰਨਾ ਪਿਆ। ਆਖਿਰ ਮਾਮਲਾ ਥਾਣੇ ਪਹੁੰਚਿਆਂ ਤਾਂ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਪਰ, ਦੋਵਾਂ ਨਾਮਜ਼ਦ ਦੋਸ਼ੀਆਂ ਖਿਲਾਫ ਸੰਗੀਨ ਜ਼ੁਰਮਾਂ ਤਹਿਤ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ ਵਖਤ ਕਰੀਬ 5:30 ਤੋਂ 6:00 ਸ਼ਾਮ ਦਾ ਹੋਵੇਗਾ। ਉਹ ਆਪਣੇ ਬਾਹਰਲੇ ਘਰ ਗੋਹਾ ਕੂੜਾ ਕਰ ਰਹੀ ਸੀ ਤਾਂ ਅਚਾਨਕ ਹੀ ਦੋਸ਼ੀ ਸੁਖਜੀਤ ਸਿੰਘ ਵਾਸੀ ਪੰਧੇਰ ਨੇ ਉਸ ਨੂੰ ਪਿੱਛੋਂ ਦੀ ਆ ਕੇ ਜੱਫਾ ਪਾ ਲਿਆ ਅਤੇ ਮੂੰਹ ਤੇ ਹੱਥ ਰੱਖ ਕੇ ਜਬਰਦਸਤੀ ਕਰਨ ਲੱਗਿਆ। ਖਿੱਚੋਤਾਣ ਵਿੱਚ ਮੁਦਈ ਦੀ ਕਮੀਜ ਫਟ ਗਈ ‘ਤੇ ਦੋਸ਼ੀ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਖਿਰ ਉਹ ਕਿਸੇ ਤਰਾਂ ਖੁਦ ਨੂੰ ਦੋਸ਼ੀ ਤੋਂ ਛੁਡਵਾ ਕੇ ਆਪਣੇ ਅੰਦਰਲੇ ਘਰ ਭੱਜ ਗਈ । ਦੋਸ਼ੀ , ਮੁਦਈ ਦਾ ਪਿੱਛਾ ਕਰਦਾ ਕਰਦਾ, ਅੰਦਰਲੇ ਘਰ ਦੇ ਗੇਟ ਕੋਲ ਪਹੁੰਚ ਕੇ ਵੀ ਗਾਲੀ ਗਲੋਚ ਕਰਦਾ ਰਿਹਾ। ਮੁਦਈ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਦੋਸ਼ੀ ਸੁਖਪਾਲ ਸਿੰਘ ਨੇ, ਸੇਵਕ ਸਿੰਘ ਵਾਸੀ ਪੰਧੇਰ ਦੇ ਕਹਿਣ ਪਰ ਜਾਣ ਬੁੱਝ ਕੇ ਜਲੀਲ ਕਰਵਾਉਣ ਲਈ ਕੀਤਾ ਹੈ। ਪੀੜਤਾ ਅਨੁਸਾਰ ਵਜ੍ਹਾ ਰੰਜਿਸ ਇਹ ਹੈ ਕਿ ਦੋਸ਼ੀ ਸੁਖਪਾਲ ਸਿੰਘ ਅਤੇ ਸੇਵਕ ਸਿੰਘ ਪਲਟੀਨਾ ਮੋਟਰ ਸਾਈਕਲ ਪਰ ਗੇੜੀਆ ਮਾਰਦੇ ਸਨ। ਮਾਮਲੇ ਦੀ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਰਾਣੀ ਕੌਰ ਨੇ ਪੀੜਤਾ ਦੇ ਬਿਆਨ ਦੇ ਅਧਾਰ ਪਰ,ਦੋਵਾਂ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 354, 354 ਬੀ, 452, 34 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਵਾ ਦਿੱਤਾ ਹੈ। ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਜ਼ਾਰੀ ਹੈ, ਜਲਦ ਹੀ ਉਨ੍ਹਾਂ ਨੂੰ ਕਾਬੂ ਕਰਕੇ,ਅਗਲੀ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ।