ਹੁਣ ਥੋਨੂੰ ਟਕਰਾਂਗੇ,ਨਸ਼ਾ ਤਸਕਰਾਂ ਨੂੰ ਔਰਤਾਂ ਨੇ ਮਾਰੀ ਦਹਾੜ,,,,!

Advertisement
Spread information

ਨਸ਼ਾ ਤਸਕਰਾਂ ਨਾਲ ਦੋ-ਦੋ ਹੱਥ ਕਰਨ ਲਈ ਮੈਦਾਨ ‘ਚ ਨਿੱਤਰੀਆਂ ਔਰਤਾਂ,,,,

ਅਸ਼ੋਕ ਵਰਮਾ, ਬਠਿੰਡਾ, 6 ਸਤੰਬਰ 2023


     ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਹੁਣ ਪੰਜਾਬ ਦੀਆਂ ਜਾਈਆਂ ਵੀ ਨਸ਼ਾ ਤਸਕਰਾਂ ਖ਼ਿਲਾਫ਼ ਨਿਤਰਨ ਲੱਗੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਪੈਂਦੇ ਪਿੰਡ ਦੁੱਲੇਵਾਲਾ ਵਿੱਚ ਐਂਟੀ ਡਰੱਗ ਫੋਰਸ ਟੀਮ ਦੀ ਪਹਿਲ ਕਦਮੀ ਤੇ ਹੁਣ ਪਿੰਡ ਵਿੱਚ ਔਰਤਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਨਸ਼ਾ ਤਸਕਰਾਂ ਨਾਲ ਦੋ ਦੋ ਹੱਥ ਕਰਨ ਦੇ ਰੌਂਅ ਵਿੱਚ ਹੈ। ਇਸ ਪਿੰਡ ਨੇ ਪਹਿਲੇ ਗੇੜ ਵਿੱਚ ਨਸ਼ਿਆਂ ਖਿਲਾਫ਼ ਜੰਗ ਦਾ ਬਿਗਲ ਵਜਾਇਆ ਸੀ ਜਿਸਦੇ ਚੰਗੇ ਸਿੱਟੇ ਸਾਹਮਣੇ ਆਏ ਹਨ। ਪਿੰਡ ਦੇ ਨੌਜਵਾਨਾਂ ਤੇ ਪੰਚਾਇਤ ਤਰਫ਼ੋਂ ਬਣਾਈ ਐਕਸ਼ਨ ਕਮੇਟੀ ਨੂੰ ਮਿਲੀ ਸਫਲਤਾ ਨੂੰ ਦੇਖਦਿਆਂ ਇਹ ਨਵਾਂ ਪੈਂਤੜਾ ਅਪਣਾਇਆ ਹੈ।     
      ਇਸ ਕਮੇਟੀ ਵਿੱਚ ਪਿੰਡ ਦੀਆਂ 13 ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਦਿਨ ਰਾਤ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਅੱਗੇ ਆਉਣਗੀਆਂ। ਕਮੇਟੀ ਵਿਚ ਸ਼ਾਮਲ ਔਰਤਾਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿੱਚ ਦਮ ਹੈ ਤਾਂ ਉਹ ਉਨ੍ਹਾਂ ਦਾ ਸਾਹਮਣਾ ਕਰਨ। ਕਮੇਟੀ ਮੈਂਬਰ ਹਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਦਿਹਾਤੀ ਪੰਜਾਬ ਚ ਲੱਗੇ ਠੀਕਰੀ ਪਹਿਰੇ ਹੁਣ ਸਪਲਾਈ ਲਾਈਨ ਤੋੜਨ ਦਾ ਸਬੱਬ ਬਣ ਰਹੇ ਹਨ ਤਾਂ ਉਹ ਪਿੱਛੇ ਕਿਉਂ ਰਹਿਣ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਹੁਣ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ’ਤੇ ਹਮਲੇ ਕਰਨ ਲਈ ਉਤਾਰੂ ਹੋ ਗਏ ਹਨ ਪਰ ਉਨ੍ਹਾਂ ਨੂੰ ਇਸ ਦਾ ਕੋਈ ਖੌਫ਼ ਨਹੀਂ। ਸਿਸਟਮ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦਾ ਕਹਿਣਾ ਸੀ ਕਿ ਇਸੇ ਕਾਰਨ ਉਹ ਪਿੰਡਾਂ ਨੂੰ ਜਾਗਣ ਦਾ ਹੋਕਾ ਦੇ ਰਹੀਆਂ ਹਨ। 
      ਦੱਸਣਯੋਗ ਹੈ ਕਿ ਨਸ਼ਿਆਂ ਦੀ ਮਹਾਂਮਾਰੀ ਤੋਂ ਮੁਸਤੈਦ ਰਹਿਣ ਲਈ ਪਿੰਡ ਦੁੱਲੇ ਵਾਲਾ ’ਚ ਠੀਕਰੀ ਪਹਿਰੇ ਲੱਗੇ ਹਨ ਅਤੇ ਪਿੰਡ ’ਚ ਨਾਕਾਬੰਦੀ ਕੀਤੀ ਹੋਈ ਹੈ, ਜਿਨ੍ਹਾਂ ਕਰ ਕੇ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਨੂੰ ਪਿੰਡਾਂ ਵਿੱਚ ਦਾਖ਼ਲ ਹੋਣਾ ਮੁਸ਼ਕਲ ਹੋ ਰਿਹਾ ਹੈ। ਲੰਘੇ ਕੁੱਝ ਦਿਨਾਂ ਦੌਰਾਨ ਇਸ ਇਲਾਕੇ ਵਿੱਚ ਕਾਫੀ  ਮਾਮਲੇ ਸਾਹਮਣੇ ਆਏ ਹਨ, ਜਿੱਥੇ ਠੀਕਰੀ ਪਹਿਰਾ ਦੇ ਰਹੇ ਪੇਂਡੂ ਲੋਕਾਂ ਨੇ ਤਸਕਰਾਂ ਦੀ ਭੁਗਤ ਸੰਵਾਰੀ ਹੈ।ਪਿੰਡ ਵਾਸੀ ਆਖਦੇ ਹਨ ਕਿ ਜੋ ਪਿੰਡਾਂ ਵਿੱਚ ਨਸ਼ਾ ਤਸਕਰ ਸਨ, ਉਨ੍ਹਾਂ ਦੇ ਨੱਕ ਵਿਚ ਦਮ ਆ ਗਿਆ ਹੈ ਅਤੇ ਨਸ਼ੇੜੀਆਂ ਕੋਲ ਵੀ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਦੱਸਿਆ ਪਿੰਡ ਵਿੱਚ ਔਰਤਾਂ ਦੀ ਕਮੇਟੀ ਬਣਨ ਤੋਂ ਬਾਅਦ ਛੋਟੀਆਂ ਮੋਟੀਆਂ ਚੋਰ ਮੋਰੀਆਂ ਵੀ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ।
     ਐਂਟੀ ਡਰੱਗ ਫੋਰਸ ਟੀਮ ਦੇ ਮੈਂਬਰ ਬਹਾਦਰ ਸਿੰਘ ਅਤੇ ਰਘਬੀਰ ਸਿੰਘ ਦਾ ਕਹਿਣਾ ਸੀ ਕਿ  ਹੁਣ ਚਿੱਟੇ ਖ਼ਿਲਾਫ਼ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਲੋਕ ਲਹਿਰ ਬਿਨਾਂ ਨਸ਼ੇ ਦਾ ਖ਼ਾਤਮਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਸੇਦਾਰੀ ਖਾਸ ਤੌਰ ਤੇ ਔਰਤਾਂ ਦੀ ਇਸ ਜੰਗ ਵਿੱਚ ਸ਼ਮੂਲੀਅਤ ਨਾਲ ਨਸ਼ਿਆਂ ਦੀ ਇਸ ਅਲਾਮਤ ਤੋਂ ਖਹਿੜਾ ਛੁੱਟਣ ਦੀ ਸੰਭਾਵਨਾ ਬਣੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਪੰਜ ਹਫ਼ਤਿਆਂ ਤੋਂ ਮਾਲਵਾ ਖ਼ਿੱਤੇ ਵਿਚ ‘ਚਿੱਟੇ’ ਖ਼ਿਲਾਫ਼ ਇੱਕ ਲਹਿਰ ਖੜ੍ਹੀ ਹੋ ਰਹੀ ਹੈ, ਜਿਸ ਵਿੱਚ ਹੁਣ ਬੀਬੀਆਂ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ  ਕਿ ਜਦੋਂ ਸਰਕਾਰਾਂ ਤੋਂ ਲੋਕਾਂ ਦੀ ਝਾਕ ਮੁੱਕ ਜਾਂਦੀ ਹੈ ਤਾਂ ਲਹਿਰਾਂ ਦਾ ਮੁੱਢ ਬੱਝਦਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ’ਚੋਂ ਚਿੱਟੇ ਖ਼ਿਲਾਫ਼ ਉੱਠ ਰਿਹਾ ਲੋਕ ਰੋਹ ਸਰਕਾਰਾਂ ਨੂੰ ਜ਼ਰੂਰ ਮਜਬੂਰ ਕਰੇਗਾ।
         ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਗੁਰਬਾਜ ਸਿੰਘ ਨੇ ਚਿੰਤਾ ਜਿਤਾਉਂਦਿਆਂ ਕਿਹਾ ਕਿ   ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਤੇ ਬੇਚੈਨ ਵੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਮਾਰ ਹੇਠ ਹੋ ਰਹੀਆਂ ਨੌਜਵਾਨ ਮੌਤਾਂ ਨੇ ਜਿਵੇਂ ਪਿੰਡਾਂ ਨੂੰ ਰੂਹਾਂ ਤੋਂ ਵੀਰਾਨ ਕਰ ਦਿੱਤਾ ਹੈ। ਨਿੱਤ ਦਿਨ ਵਿੱਛ ਰਹੇ ਸੱਥਰ ਅਤੇ ਮਾਵਾਂ ਦੇ ਵੈਣ ਝੱਲਣੇ ਸੌਖੇ ਨਹੀਂ। ਉਨ੍ਹਾਂ ਕਿਹਾ ਕਿ ਜਵਾਨ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ ਸਿਵਿਆਂ ਵੱਲ ਜਾਂਦੇ ਬਾਪ ਨੂੰ ਵੇਖ ਹਰ ਪੰਜਾਬੀ ਦਾ ਦਿਲ ਰੋਂਦਾ ਹੈ।

ਉਨ੍ਹਾਂ ਦੱਸਿਆ ਕਿ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਇੱਕਲੌਤੂ ਪੁੱਤ ਨਸ਼ਿਆਂ ਨੇ ਖੋਹ ਲਏ ਹਨ ਅਤੇ ਉਹ ਸੁੰਨੇ ਘਰਾਂ ਵਿੱਚ ਇਕੱਲੇ ਰਹਿ ਗਏ ਹਨ।  ਉਨ੍ਹਾਂ ਦੱਸਿਆ ਕਿ ਹਾਲਾਤਾਂ ਨੂੰ ਦੇਖਦਿਆਂ ਪਿੰਡ ਦੀਆਂ ਔਰਤਾਂ ਨੇ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟਣ ਦਾ ਫ਼ੈਸਲਾ ਕੀਤਾ ਹੈ।

      ਨਸ਼ਾ ਵਿਰੋਧੀ ਕਮੇਟੀ ਵਿਚ ਸ਼ਾਮਲ ਔਰਤਾਂ  ਪਿੰਡ ਦੁੱਲੇ ਵਾਲਾ ਵਿੱਚ  ਬਣੀ ਤੇਰਾਂ ਮੈਂਬਰੀ ਕਮੇਟੀ ਵਿੱਚ ਸ਼ਿੰਦਰ ਕੌਰ ਪਤਨੀ ਨਿਰਮਲ ਸਿੰਘ ਪ੍ਰਧਾਨ, ਕਰਮਜੀਤ ਕੌਰ ਸੁੱਖੀ ਪਤਨੀ ਜਸਵਿੰਦਰ ਸਿੰਘ, ਕੁਲਵੰਤ ਕੌਰ ਪਤਨੀ ਬਿੱਕਰ ਸਿੰਘ,ਸੁਖਵਿੰਦਰ ਕੌਰ ਪਤਨੀ ਦਰਸ਼ਨ ਸਿੰਘ, ਮਨਜੀਤ ਕੌਰ ਪਤਨੀ ਜਗਸੀਰ ਸਿੰਘ,ਸਰਬਜੀਤ ਕੌਰ ਪਤਨੀ ਹਰਬੰਸ ਸਿੰਘ, ਹਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ, ਕੁਲਦੀਪ ਕੌਰ ਪਤਨੀ ਸੁਖਚੈਨ ਸਿੰਘ, ਹਰਪ੍ਰੀਤ ਕੌਰ ਪਤਨੀ ਭਗਵੰਤ ਸਿੰਘ, ਸਰਬਜੀਤ ਕੌਰ ਪਤਨੀ ਗੁਰਸੇਵਕ ਸਿੰਘ, ਗੁਰਕ੍ਰਿਪਾਲ ਕੌਰ ਪਤਨੀ ਚੂਹੜ ਸਿੰਘ, ਹਰਬੰਸ ਕੌਰ ਪਤਨੀ ਜੱਗਾ ਸਿੰਘ ਅਤੇ ਕਰਤਾਰਪੁਰ ਪਤਨੀ ਸੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਹਿਦ ਲਿਆ ਹੈ ਕਿ ਆਖਰੀ ਸਾਹ ਤੱਕ ਉਹ ਨਸ਼ਾ ਤਸਕਰਾਂ ਖ਼ਿਲਾਫ਼ ਲੜਾਈ ਲੜਨਗੀਆਂ। 

Advertisement
Advertisement
Advertisement
Advertisement
Advertisement
Advertisement
error: Content is protected !!