ਗਗਨ ਹਰਗੁਣ, ਬਰਨਾਲਾ, 4 ਸਤੰਬਰ 2023
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਤਹਿਤ ਅੱਜ ਬਰਨਾਲਾ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਖਿਡਾਰੀ ਭਾਗ ਲੈ ਰਹੇ ਹਨ।
ਅੱਜ ਇਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਓਐਸਡੀ ਹਸਨਪ੍ਰੀਤ ਭਾਰਦਵਾਜ ਤੇ ਹੋਰ ਹਸਤੀਆਂ ਨੇ ਬਲਾਕ ਬਰਨਾਲਾ ਦੀਆਂ ਖੇਡਾਂ ਦੀ ਸ਼ੁਰੂਆਤ ਕਾਰਵਾਈ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਜਿਸ ਉਤਸ਼ਾਹ ਨਾਲ ਖਿਡਾਰੀ ਹਿੱਸਾ ਲੈ ਰਹੇ ਹਨ, ਇਹ ਬੇਹੱਦ ਸ਼ੁੱਭ ਸੰਕੇਤ ਹੈ ਕਿ ਸਾਡੀ ਜਵਾਨੀ ਖੇਡਾਂ ਵੱਲ ਪਰਤ ਰਹੀ ਹੈ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਇਨ੍ਹਾਂ ਖੇਡਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਏਨਾ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ ਹੈ ਤਾਂ ਜੋ ਸਾਡੇ ਨੌਜਵਾਨ ਖੇਡਾਂ ਨਾਲ ਜੁੜਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਬਰਨਾਲਾ, ਪੱਕਾ ਬਾਗ ਸਟੇਡੀਅਮ ਧਨੌਲਾ, ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਵਿਖੇ ਸ਼ੁਰੂ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਅਥਲੈਟਿਕਸ, ਰੱਸਾਕਸ਼ੀ ਤੇ ਖੋ ਖੋ ਮੁਕਾਬਲੇ ਕਰਵਾਏ ਗਏ ਹਨ ਅਤੇ ਬਡਬਰ ਵਿਖੇ ਵਾਲੀਬਾਲ (ਸਮੈਸ਼ਿੰਗ/ ਸ਼ੂਟਿੰਗ) ਤੇ ਧਨੌਲਾ ਵਿਖੇ ਕਬੱਡੀ ਮੁਕਾਬਲੇ ਸ਼ੁਰੂ ਹਨ।
ਉਨ੍ਹਾਂ ਦੱਸਿਆ ਕਿ ਅੱਜ ਅਥਲੈਟਿਕਸ ਵਿੱਚ ਲਗਪਗ 800, ਵਾਲੀਬਾਲ ਵਿਚ 380, ਫੁੱਟਬਾਲ ਵਿੱਚ 486, ਕਬੱਡੀ ਨੈਸ਼ਨਲ ਵਿੱਚ 102, ਰੱਸਾਕਸ਼ੀ ਵਿੱਚ 102 ਤੇ ਖੋ-ਖੋ ਵਿੱਚ 250 ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਿੰਦਰ ਸਿੰਘ ਧਾਲੀਵਾਲ, ਹੋਰ ਹਸਤੀਆਂ, ਖੇਡ ਕੋਚ, ਸਿੱਖਿਆ ਵਿਭਾਗ ਦੀਆਂ ਟੀਮਾਂ ਤੇ ਖਿਡਾਰੀ ਹਾਜ਼ਰ ਸਨ।