ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਨਿਰਦੇਸ਼ਾ ਹੇਠ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਬਲਾਕ ਫਾਜ਼ਿਲਕਾ ਦੇ ਪਿੰਡ ਕਰਨੀਖੇੜਾ, ਡੱਬਵਾਲਾ ਕਲਾਂ, ਪੱਟੀ ਪੂਰਨ ਅਤੇ ਬਹਿਕ ਖਾਸ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਜਿਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਨਿਪਟਾਰੇ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਨੂੰ ਅੱਗ ਲਗਣ ਨਾਲ ਹੁੰਤਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦਾ ਪ੍ਰਣ ਵੀ ਦਿਵਾਇਆ ਗਿਆ।
ਖੇਤੀਬਾੜੀ ਵਿਭਾਗ ਤੋਂ ਬੀਟੀਐਮ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਨੇੜੇ ਆ ਰਿਹਾ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਵਾਹੁਣੀ ਹੈ ਅਜਿਹਾ ਕਰਨ ਨਾਲ ਜਿੱਥੇ ਸਾਡੀ ਜਮੀਨ ਦੀ ਉਪਜਾਊ ਸਕਤੀ ਵਧੇਗੀ ਉੱਥੇ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜਮੀਨ ਵਿੱਚ ਵਾਹੁਣ ਤੋਂ ਬਾਅਦ ਜਮੀਨ ਵਿੱਚ ਇਸਦੀ ਖਾਦ ਬਣੇਗੀ ਅਤੇ ਅਗਲੀ ਫਸਲ ਦਾ ਝਾੜ ਵਧੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅਸੀਂ ਟੋਕਿਆਂ ਰਾਹੀਂ ਕੁਤਰ ਕੇ ਆਪਣੇ ਪਸ਼ੂਆਂ ਲਈ ਚਾਰੇ ਦੇ ਤੌਰ ਤੇ ਵੀ ਵਰਤ ਸਕਦੇ ਹਨ ਅਜਿਹਾ ਕਰਨ ਨਾਲ ਤੂੜੀ ਦੀ ਲਾਗਤ ਘਟੇਗੀ ਅਤੇ ਸਾਡੀ ਪਰਾਲੀ ਦਾ ਵੀ ਨਿਪਟਾਰਾ ਹੋ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁੱਥਰਾ ਅਤੇ ਬਿਮਾਰੀਆਂ ਰਹਿਤ ਵਾਤਾਵਰਨ ਦੇਣ ਲਈ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਹੀ ਵਾਤਾਵਰਨ ਦੂਸ਼ਿਤ ਹੁੰਦਾ ਹੈ ਤੇ ਅਨੇਕਾਂ ਪ੍ਰਕਾਰ ਦੀਆਂ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਉਪਜਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਸੜਕ ਤੇ ਚੱਲਣ ਵਾਲੇ ਰਾਹੀਗਰ ਵੀ ਪਰਾਲੀ ਦੀ ਅੱਗ ਦੀ ਲਪੇਟ ਵਿੱਚ ਆ ਕੇ ਹਾਦਸਾ ਗ੍ਰਸਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਪਰਾਲੀ ਨਹੀਂ ਸਾੜਾਗੇ ਅਤੇ ਆਪਣੇ ਰਿਸਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਾਂਗੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਵਾਲੀ ਮਸ਼ੀਨਰੀ ਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਕ ਅਜਿਹੀ ਮਸ਼ੀਨਰੀ ਦੀ ਮਦਦ ਨਾਲ ਪਰਾਲੀ ਦਾ ਨਿਪਟਾਰਾ ਆਪਣੇ ਖੇਤ ਵਿੱਚ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤਾਂ ਹੀ ਪਰਾਲੀ ਨੂੰ ਅੱਗ ਲੱਗਣ ਤੋਂ ਠੱਲ੍ਹ ਪਾਈ ਜਾ ਸਕਦੀ ਹੈ।
ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਲੋੜ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 4 ਸਤੰਬਰ 2023