ਰਘਬੀਰ ਹੈਪੀ, ਬਰਨਾਲਾ, 4 ਸਤੰਬਰ 2023
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਬਰਨਾਲਾ ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦੇ ਮਸਲੇ ਦੇ ਹੱਲ ਲਈ ਮੁਹਿੰਮ ਚਲਾਈ ਗਈ ਹੈ, ਜੋ ਕਿ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਲੋਕਾਂ ਨੂੰ ਇਸ ਮਸਲੇ ਤੋਂ ਨਿਜਾਤ ਮਿਲ ਸਕੇ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਕੌਂਸਲ ਬਰਨਾਲਾ ਰਾਹੀਂ ਇਹ ਮੁਹਿੰਮ ਚਲਾਈ ਗਈ ਹੈ।
ਇਸ ਮੁਹਿੰਮ ਤਹਿਤ ਸ਼ਹਿਰ ‘ਚੋਂ ਪਸ਼ੂ ਫੜ ਕੇ ਸਰਕਾਰੀ ਗਊਸ਼ਾਲਾ ਮਨਾਲ ਛੱਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 300 -350 ਪਸ਼ੂ ਮਨਾਲ ਗਊਸ਼ਾਲਾ ਛੱਡੇ ਜਾਣਗੇ ਤਾਂ ਜੋ ਲੋਕਾਂ ਨੂੰ ਵੀ ਸਮੱਸਿਆ ਨਾ ਆਵੇ ਅਤੇ ਪਸ਼ੂਆਂ ਦੀ ਬਿਹਤਰ ਸੰਭਾਲ ਵੀ ਕੀਤੀ ਜਾ ਸਕੇ। ਕਾਰਜਸਾਧਕ ਅਫ਼ਸਰ ਨਗਰ ਕੌਂਸਲ ਬਰਨਾਲਾ ਸ੍ਰੀ ਵਿਸ਼ਲਦੀਪ ਨੇ ਦੱਸਿਆ ਕਿ ਅੱਜ ਕਰੀਬ 25 ਹੋਰ ਪਸ਼ੂ ਹੰਡਿਆਇਆ ਬਾਜ਼ਾਰ, ਰਾਮਬਾਗ ਰੋਡ ਤੇ ਸਦਰ ਬਾਜ਼ਾਰ ਵਿੱਚੋਂ ਫੜ ਕੇ ਮਨਾਲ ਭੇਜੇ ਗਏ ਹਨ ਤੇ ਹਰ ਰੋਜ਼ ਲਗਭਗ ਇੰਨੇ ਪਸ਼ੂ ਭੇਜੇ ਜਾਣਗੇ।