ਪੁੱਛਾਂ ਦੇਣ ਵਾਲੇ ਬਾਬੇ ਨੂੰ ਕੁੱਟਣ ਵਾਲਿਆਂ ਨੂੰ ਲੱਭਣ ਦੀ ਜਿੰਮੇਵਾਰੀ ਹੁਣ ਪੁਲਿਸ ਦੇ ਸਿਰ ਪਈ,,
ਹਰਿੰਦਰ ਨਿੱਕਾ , ਬਰਨਾਲਾ 4 ਸਤੰਬਰ 2023
ਆਪਣੇ ਘਰ ਪੀਰਾਂ ਦੀ ਗੱਦੀ ਲਾ ਕੇ ਲੋਕਾਂ ਨੂੰ ਪੁੱਛਾਂ ਦੇਣ ਵਾਲੇ ਬਾਬੇ ਨੂੰ ਕੁੱਟ ਕੇ ਚਾਰ ਜਣੇ ਔਹ ਗਏ-ਔਹ ਗਏ ਹੋ ਗਈ। ਕੁੱਟਮਾਰ ਕਾਰਣ ਲਹੂ ਲੁਹਾਣ ਹੋਏ ਬਾਬੇ ਨੂੰ ਲੋਕਾਂ ਨੇ ਹੀ ਸਰਕਾਰੀ ਹਸਪਤਾਲ ਵਿਖੇ ਇਲਾਜ਼ ਲਈ ਦਾਖਿਲ ਕਰਵਾਇਆ। ਇਹ ਮਾਮਲਾ ਪੀਰਾਂ ਦੀ ਗੱਦੀ ਤੇ ਚੌਂਕੀ ਭਰਨ ਆਉਂਦੀ ਇੱਕ ਜਨਾਨੀ ਨਾਲ ਬਾਬੇ ਦੇ ਬਣੇ ਰਿਲੇਸ਼ਨ ਦਾ ਸਾਹਮਣੇ ਆਇਆ ਹੈ। ਇਹ ਗੱਲ ਖੁਦ ਬਾਬੇ ਨੇ ਪੁਲਿਸ ਕੋਲ ਦਿੱਤੇ ਬਿਆਨ ‘ਚ ਕਬੂਲ ਵੀ ਕੀਤੀ ਹੈ। ਪੁਲਿਸ ਨੇ ਜਖਮੀ ਬਾਬੇ ਦੇ ਬਿਆਨ ਪਰ, ਇੱਕ ਔਰਤ ਸਣੇ 6 ਜਣਿਆਂ ਖਿਲਾਫ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਰਿਲੇਸ਼ਨਸ਼ਿਪ ‘ਚ ਰਹਿੰਦੀ ਔਰਤ ਨੂੰ ਗਿਆ ਸੀ ਯਕੀਨ ਦਿਵਾਉਣ
ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਝੱਲੀਆ ਪੱਤੀ ਧਨੌਲਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਘਰੇਲੂ ਕੰਮਕਾਰ ਦੇ ਨਾਲ ਨਾਲ ਆਪਣੇ ਘਰ ਵਿੱਚ ਪੀਰਾਂ ਦੀ ਗੱਦੀ ਲਾਉਦਾ ਹੈ | ਸਮਾਣਾ ਦੀ ਰਹਿਣ ਵਾਲੀ ਇੱਕ ਔਰਤ ਉਸ ਨਾਲ ਪਿਛਲੇ 8 ਮਹੀਨਿਆਂ ਤੋ ਰਿਲੇਸ਼ਨ ਵਿੱਚ ਰਹਿ ਰਹੀ ਸੀ, ਜੋ ਕਿ ਕਰੀਬ 2 ਮਹੀਨਿਆਂ ਤੋਂ ਉਸ ਦੀ ਸਹਿਮਤੀ ਨਾਲ ਫਿਰ ਆਪਣੇ ਘਰਵਾਲੇ ਕੋਲ ਜਾ ਕੇ ਹੀ ਰਹਿਣ ਲੱਗ ਪਈ ਹੈ। ਇੱਕ ਸਤੰਬਰ ਨੂੰ ਉਹੀ ਔਰਤ ਨੇ ਫੋਨ ਕੀਤਾ ਕਿ ਮੈਂ ਤੈਨੂੰ ਕੋਈ ਗੱਲ ਦੱਸਣੀ ਹੈ , ਜੇ ਤੂੰ ਮੇਰਾ ਨਾਮ ਕਿਸੇ ਨੂੰ ਨਹੀਂ ਦੱਸੇਗਾ ਤਾਂ ਪਹਿਲਾਂ ਮੰਦਰ ਵਿੱਚ ਸੌਂਹ ਖਾ ਕੇ ਆ , ਫਿਰ ਮੈ ਤੈਨੂੰ ਗੱਲ ਦੱਸਾਂਗੀ। ਉਸ ਨੂੰ ਭਰੋਸਾ ਦਿਵਾਉਣ ਲਈ ਉਹ ਸੌਂਹ ਖਾਣ ਲਈ ਸੀਤਲਾ ਮਾਤਾ ਦੇ ਮੰਦਰ ਧਨੌਲਾ ਵਿਖੇ ਚਲਾ ਗਿਆ । ਉਹ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ ਤਾਂ ਜਦੋਂ ਉਹ ਮੰਦਰ ਤੋਂ ਥੋੜਾ ਦੂਰ ਗਿਆ ਤਾਂ ਵਕਤ ਸ਼ਾਮ ਕਰੀਬ 7:30 ਵਜੇ ਦਾ ਹੋਵੇਗਾ ।
4 ਜਣਿਆਂ ਨੇ ਪਾ ਲਿਆ ਘੇਰਾ,,,
ਮਨਪ੍ਰੀਤ ਉਰਫ ਮਨੀ ਬਾਬੇ ਅਨੁਸਾਰ 2 ਮੋਟਰਸਾਇਕਲਾਂ ਪਰ ਸਵਾਰ 4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ । ਜਿੰਨ੍ਹਾਂ ਦੇ ਹੱਥਾ ਵਿੱਚ ਲੋਹੇ ਦੀਆ ਰਾਡਾਂ ਅਤੇ ਡਾਂਗਾਂ ਫੜੀਆ ਹੋਈਆ ਸਨ। ਉਨ੍ਹਾਂ ਨੇ ਬਿਨਾ ਕੋਈ ਗੱਲਬਾਤ ਕੀਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਦੋਸ਼ੀਆਂ ਨੇ ਲੱਤਾਂ,ਬਾਂਹਾਂ,ਮੋਢਿਆਂ ਕਾਫੀ ਸੱਟਾਂ ਮਾਰੀਆਂ। ਆਖਿਰ ਉਹ ਹੇਠਾਂ ਡਿੱਗ ਪਿਆ , ਫਿਰ ਦੋਸ਼ੀਆਂ ਨੇ ਹੇਠਾਂ ਡਿੱਗੇ ਪਏ ਦੀ ਵੀ ਡਾਂਗਾਂ ਤੇ ਲੋਹੇ ਦੀਆਂ ਰਾਡਾਂ ਨਾਲ ਹੋਰ ਕੁੱਟਮਾਰ ਕੀਤੀ। ਜਦੋਂ ਉਸ ਨੇ ਮਾਰਤਾ-ਮਾਰਤਾ ਦਾ ਰੌਲਾ ਪਾਇਆ ਤਾਂ ਚਾਰੋਂ ਜਣੇ ਆਪਣੇ-ਆਪਣੇ ਹਥਿਆਰਾਂ ਸਣੇ ਮੌਕੇ ਤੋਂ ਧਮਕੀਆ ਦਿੰਦੇ ਹੋਏ ਭੱਜ ਗਏ ਕਿ ਅੱਜ ਤਾਂ ਤੂੰ ਬਚ ਗਿਆ , ਤੈਨੂੰ ਫੇਰ ਵੇਖਾਂਗੇ । ਫਿਰ ਮੌਕੇ ਪਰ ਲੋਕਾਂ ਦਾ ਇਕੱਠ ਹੋ ਗਿਆ। ਜਿੰਨ੍ਹਾਂ ਨੇ ਸੱਟਾਂ ਵੱਜੀਆਂ ਵੇਖਕੇ ਉਸ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ। ਜਿੱਥੋਂ ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ । ਜਿੱਥੇ ਉਹ ਹਾਲੇ ਵੀ ਜ਼ੇਰ- ਏ – ਇਲਾਜ ਹੈ। ਡਾਕਟਰ ਨੇ ਮਨਪ੍ਰੀਤ ਉਰਫ ਮਨੀ ਦੇ 7 ਸੱਟਾਂ ਲੱਗਣ ਦੀ ਪੁਸ਼ਟੀ ਮੈਡੀਕਲ ਰਿਪੋਰਟ ਵਿੱਚ ਕਰ ਦਿੱਤੀ ਹੈ।
ਕਿਉਂ ਪਈ ਬਾਬੇ ਨੂੰ ਕੁੱਟ,,
ਮਨਪ੍ਰੀਤ ਸਿੰਘ ਉਰਫ ਮਨੀ ਬਾਬੇ ਅਨੁਸਾਰ ਉਸ ਦੀ ਕੁੱਟਮਾਰ ਗੁਰਤੇਜ ਸਿੰਘ ਪੁੱਤਰ ਨਾ ਮਾਲੂਮ ਵਿਅਕਤੀ ਵਾਸੀ ਸਮਾਣਾ ਅਤੇ ਕਰਮਜੀਤ ਕੌਰ ਉਰਫ ਰਮਨ ਵਾਸੀ ਜੰਡੀ ਨੇ ਕਿਸੇ ਅਣਪਛਾਤੇ ਵਿਅਕਤੀਆਂ ਨੂੰ ਭੇਜ ਕੇ ਕਰਵਾਈ ਹੈ। ਵਜਾ ਰੰਜਿਸ ਇਹ ਹੈ ਕਿ ਗੁਰਤੇਜ ਸਿੰਘ ਦੇ ਘਰਵਾਲੀ ਉਸ ਨਾਲ ਰਿਲੇਸ਼ਨ ਵਿੱਚ ਰਹਿੰਦੀ ਸੀ। ਜਿਸ ਕਰਕੇ ਗੁਰਤੇਜ ਸਿੰਘ ਨੇ ਪਹਿਲਾਂ ਵੀ ਉਸ ਨੂੰ ਕਈ ਵਾਰ ਕੁੱਟਮਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਥਾਣਾ ਧਨੌਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦਾਖਿਲ ਮਨਪ੍ਰੀਤ ਉਰਫ ਮਨੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਕੁੱਟਮਾਰ ਦੀ ਕਥਿਤ ਸਾਜ਼ਿਸ ਰਚਣ ਵਾਲੇ ਨਾਮਜ਼ਦ ਦੋਸ਼ੀ ਗੁਰਤੇਜ ਸਿੰਘ ਸਮਾਣਾ ਅਤੇ ਕਰਮਜੀਤ ਕੌਰ ਉਰਫ ਰਮਨ ਵਾਸੀ ਜੰਡੀ ਅਤੇ ਕੁੱਟਮਾਰ ਕਰਨ ਵਾਲੇ 4 ਅਣਪਛਾਤਿਆਂ ਖਿਲਾਫ ਅ/ਧ 323, 341, 506, 148, 149 IPC ਤਹਿਤ ਮੁਕੱਦਮਾ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।