ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 31 ਅਗਸਤ 2023
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ,ਡਾ ਬਲਬੀਰ ਸਿੰਘ ਜੀ ਵੱਲੋਂ 29 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਡੇਂਗੂ ਵਿਰੋਧੀ ਗਤੀਵਿਧੀਆਂ ਨੂੰ ਹੋਰ ਤੇਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਸਿਹਤ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਡੇਂਗੂ ਸਬੰਧੀ ਹਾਟ-ਸਪਾਟ ਖੇਤਰਾਂ ਵਿੱਚ ਵਿਭਾਗ ਵੱਲੋਂ ਵਿਸ਼ੇਸ਼ ਗਤੀਵਿਧੀਆਂ ਸੁਰੂ ਕੀਤੀਆਂ ਗਈਆਂ ਹਨ ,ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਖੇ ਫੈਕਟਰੀਆਂ, ਝੁੱਗੀਆਂ-ਝੌਂਪੜੀਆਂ, ਸਲੰਮ ਏਰੀਆ ਅਤੇ ਮਾਈਗ੍ਰੇਟਰੀ ਪਾਪੂਲੇਸ਼ਨ ਹੋਣ ਕਾਰਨ ਡੇਂਗੂ ਦੇ ਕੇਸ ਨਿਕਲਣ ਦਾ ਵਧੇਰੇ ਖ਼ਤਰਾ ਹੈ ਇਸ ਲਈ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਮੰਡੀ ਗੋਬਿੰਦਗੜ੍ਹ ਵਿਖੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਜਿਲਾ ਐਪੀਡਿਮਾਲੋਜਿਸਟ ਡਾ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ 10 ਵਿਸ਼ੇਸ਼ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਮਲਟੀਪਰਪਜ਼ ਹੈਲਥ ਵਰਕਰ ਵਰਕਰ, ਬਰੀਡ ਚੈੱਕਰ, ਇੰਸੈਕਟ ਕੁਲੈਕਟਰ ਅਤੇ ਆਸ਼ਾ ਵਰਕਰ ਸ਼ਾਮਿਲ ਹਨ। ਇਹਨਾਂ ਟੀਮਾਂ ਵਲੋਂ ਫੀਲਡ ਵਿੱਚ ਫੀਵਰ ਸਰਵੇ, ਸਪਰੇਅ , ਫੌਗਿੰਗ ਅਤੇ ਚਲਾਨਿੰਗ ਗਤੀਵਿਧੀਆਂ ਕੀਤੀਆਂ ਤੇ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹਨਾਂ ਟੀਮਾਂ ਦੀਆਂ ਗਤੀਵਿਧੀਆਂ ਦੀ ਸੁਪਰਵੀਜ਼ਨ ਕਰਨ ਲਈ ਸੀਨੀਅਰ ਮੈਡੀਕਲ ਅਫਸਰ ਡਾ ਜੈਦੀਪ ਚਾਹਲ ਦੀ ਅਗਵਾਈ ਹੇਠ 5 ਸੁਪਰਵਾਈਜ਼ਰ ਵੀ ਤੈਨਾਤ ਕੀਤੇ ਗਏ ਹਨ ਜੋ ਟੀਮਾਂ ਦੀਆਂ ਕੀਤੀਆਂ ਗਤੀਵਿਧੀਆਂ ਦੀ ਰੋਜ਼ਾਨਾ ਰਿਪੋਰਟ ਜਿਲਾ ਪੱਧਰ ਤੇ ਭੇਜਣਗੇ । ਉਹਨਾਂ ਦੱਸਿਆ ਕਿ ਸਰਹਿੰਦ ਅਤੇ ਬਸੀ ਪਠਾਣਾ ਦੇ ਖੇਤਰਾਂ ਵਿੱਚ ਵੀ ਅਜਿਹੀਆਂ ਸਪੈਸ਼ਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਤਾਂਕਿ ਡੇਂਗੂ ਦੇ ਪ੍ਰਭਾਵ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ। ਡਾ ਦਵਿੰਦਰਜੀਤ ਕੋਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਉ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਿਹਤ ਸੰਸਥਾ ਵਿਖੇ ਆਪਣਾ ਇਲਾਜ ਕਰਵਾਓ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।