ਨੋਟਬੰਦੀ ਦੇ ਅੱਲੇ ਫੱਟਾਂ ਤੇ ਲੂਣ ਭੁੱਕ ਗਿਆ 2 ਹਜ਼ਾਰ ਦੇ ਨੋਟ ਬੰਦ ਕਰਨ ਦਾ ਫੈਸਲਾ 

Advertisement
Spread information
ਅਸ਼ੋਕ ਵਰਮਾ ,ਬਠਿੰਡਾ, 20 ਮਈ 2023
       ਭਾਰਤੀ ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਕੀਤੇ 2 ਹਜ਼ਾਰ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਨੇ ਹਜ਼ਾਰਾਂ ਲੋਕਾਂ ਦੇ ਅੱਲੇ ਜਖਮਾਂ ਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ। ਪੰਜਾਬ ‘ਚ ਏਦਾਂ ਦੇ  ਪਰਿਵਾਰ ਹਨ ਜਿਨ੍ਹਾਂ ਨੂੰ ਅਜੇ ਤੱਕ 2016 ਦੀ ਨੋਟਬੰਦੀ ਨਹੀਂ ਭੁੱਲੀ ਹੈ। ਕਈ ਪ੍ਰੀਵਾਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਘਰ  ਕਮਾਊ ਜੀਆਂ ਵੱਲੋਂ ਘਰ ਖਾਲੀ ਹਨ।  ਜਦੋਂ ਮੋਦੀ ਦੇ ਜੁਮਲੇ ਕੰਨੀ ਪੈਂਦੇ ਹਨ ਤਾਂ ਇਨ੍ਹਾਂ ਪਰਿਵਾਰਾਂ ਦੇ ਮੂੰਹੋਂ ਬਦ-ਅਸੀਸਾਂ ਹੀ ਨਿਕਲਦੀਆਂ ਹਨ। ਹੁਣ ਕੇਂਦਰ ਸਰਕਾਰ ਨੇ 2 ਹਜ਼ਾਰ ਦੇ ਗੁਲਾਬੀ ਨੋਟ ਬੰਦ ਕਰਨ ਵਾਲਾ ਨਵਾਂ ਫ਼ਰਮਾਨ ਸੁਣਾਇਆ ਹੈ ਤਾਂ ਇਨ੍ਹਾਂ ਪ੍ਰੀਵਾਰਾਂ ਨੂੰ ਆਪਣੇ ਨਾਲ ਕੋਈ ਜੱਗੋਂ ਤੇਰਵੀਂ ਚੇਤੇ ਆ ਗਈ ਹੈ ।
                  ਅੰਮ੍ਰਿਤਸਰ ਜ਼ਿਲ੍ਹੇ ਦੇ  ਪਿੰਡ ਮੱਝੂਪੁਰਾ ਵਾਸੀ ਗਿਆਨੀ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਭਲਾ ਸਾਲ 2016 ਵਿੱਚ ਹੋਈ ਨੋਟਬੰਦੀ ਕਿਵੇਂ ਭੁੱਲ ਸਕਦੀ ਹੈ। ਰਵਿੰਦਰ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਨੂੰ ਉਹ ਬੜੀ ਧੂਮ ਧਾਮ ਨਾਲ ਕਰਨਾ ਚਾਹੁੰਦਾ ਸੀ। ਵਿਆਹ ਲਈ ਪੈਸਿਆਂ ਵਾਸਤੇ ਉਸ ਨੇ ਤਿੰਨ ਦਿਨ ਲਗਾਤਾਰ ਬੈਂਕ ਦੇ ਚੱਕਰ  ਮਾਰੇ ਜਿਥੋਂ ਉਸ ਨੂੰ ਮਸਾਂ ਦੋ ਹਜ਼ਾਰ ਰੁਪਏ ਮਿਲੇ। ਇਸੇ ਦੌਰਾਨ ਉਸ ਨੇ ਆਪਣੇ ਲੜਕੇ ਨੂੰ ਆਪਣੀ ਥਾਂ ਤੇ ਲਾਈਨ ਵਿਚ ਖੜਾ ਕਰ ਦਿੱਤਾ ਅਤੇ ਪੈਸੇ ਨਾ ਮਿਲਣ ਦੀ ਪਰੇਸ਼ਾਨੀ ਵਿੱਚ ਖੁਦ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਅਰਵਿੰਦਰ ਸਿੰਘ ਨੇ ਸੰਜਮ ਨਾਲ ਪੈਸੇ ਜੋੜ ਕੇ ਰੱਖੇ ਹੋਏ ਸਨ, ਜੋ ਜਿਉਂਦੇ ਜੀ ਉਸਦੇ ਕੰਮ ਨਾ ਆ ਸਕੇ।
                  ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀ ਆਗੂ ਭਗਵਾਨ ਸਿੰਘ ਲਚਕਾਣੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਅੱਜ ਵੀ ਪਰਿਵਾਰ ਨੂੰ ਯਾਦ ਹੈ। ਪੈਸੇ ਕਢਵਾਉਣ ਲਈ ਕਤਾਰ ਵਿੱਚ ਲੱਗਿਆ ਭਗਵਾਨ ਸਿੰਘ ਗਸ਼ ਖਾ ਕੇ ਡਿੱਗ ਪਿਆ ਅਤੇ  ਜਿੰਦਗੀ ਨੂੰ ਅਲਵਿਦਾ ਆਖ ਗਿਆ।  ਲੁਧਿਆਣਾ  ਦੇ ਜਮਾਲਪੁਰ ਵਾਸੀ  ਬਿਰਧ ਪਿਆਰਾ ਸਿੰਘ  ਲਈ ਵੀ ਨੋਟ ਬੰਦੀ ਕਾਲ ਬਣ ਕੇ ਆਈ । ਉਹ ਪੈਸਿਆਂ ਲਈ ਡਾਕ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਪਰਿਵਾਰ ਪੁੱਛਦੇ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ। ਉਹਨਾਂ ਨੇ ਨੋਟ ਬੰਦੀ ਨੂੰ ਜ਼ਿੰਦਗੀ ਦਾ ਕਾਲਾ ਅਧਿਆਏ ਕਰਾਰ ਦਿੱਤਾ ਹੈ। ਪਰਿਵਾਰ ਆਖਦੇ ਹਨ ਕਿ 2 ਹਜ਼ਾਰ ਦਾ ਨੋਟ ਬੰਦ ਕੀ ਹੋਇਆ ਉਹਨਾਂ ਦੇ ਪੁਰਾਣੇ ਜ਼ਖ਼ਮ ਹਰੇ ਹੋ ਗਏ ਹਨ।
                    ਬਠਿੰਡਾ ਜਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਘਰੇਲੂ ਔਰਤ ਬਲਜੀਤ ਕੌਰ ਨੋਟਬੰਦੀ ਖ਼ਤਮ ਹੋਣ ਮਗਰੋਂ ਪੰਜ ਹਜ਼ਾਰ ਦੇ ਨੋਟ ਚੁੱਕ ਕੇ ਕਈ ਦਿਨ ਘੁੰਮਦੀ ਰਹੀ। ਆਖਰ ਉਸ ਨੇ ਭਰੇ ਮਨ ਨਾਲ ਇਹ ਨੋਟ ਚੁੱਲ੍ਹੇ ਵਿਚ ਫੂਕ ਦਿੱਤੇ। ਇਸ ਮਹਿਲਾ ਨੇ ਬੱਚਤ ਕਰ ਕਰ ਕੇ ਰਾਸ਼ੀ ਜੋੜੀ ਸੀ। ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬਾਲਿਆਂ ਵਾਲੀ ਦੀ ਮਜ਼ਦੂਰ ਔਰਤ ਦਿਆਲ ਕੌਰ ਦੇ ਤਿੰਨ ਹਜ਼ਾਰ ਕੂੜਾ ਹੋ ਗਏ। ਉਹ ਆਖਦੀ ਹੈ ਕਿ ਮੋਦੀ ਦੀ ਨੋਟ ਬੰਦੀ ਨੇ ਉਨ੍ਹਾਂ ਦਾ ਸਭ ਕੁੱਝ ਲੁੱਟ ਲਿਆ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੀ ਇਕ ਔਰਤ ਨੂੰ ਤਾਂ ਨੋਟ ਬੰਦੀ ਨੇ ਮੋਟਾ ਰਗੜਾ ਲਾਇਆ ਹੈ। ਇਸੇ ਜ਼ਿਲ੍ਹੇ ਦੇ ਪਿੰਡ ਮਾਖਾ ਦੀ ਇਕ ਬਜ਼ੁਰਗ ਔਰਤ ਦੇ ਨੋਟ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਏ।
      ਬਰਨਾਲਾ ਜ਼ਿਲ੍ਹੇ ਦੀਆਂ ਅੱਧੀ ਦਰਜਨ ਬਿਰਧ ਔਰਤਾਂ ਹਨ ਜਿਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਨੋਟਬੰਦੀ ਉਨ੍ਹਾਂ ਦੇ ਨੋਟਾਂ ਨੂੰ ਸੁਆਹ ਕਰ ਗਈ। ਪਿੰਡ ਹਮੀਦੀ ਦੀ ਬਜ਼ੁਰਗ ਦਲੀਪ ਕੌਰ ਨੇ ਬੁਢਾਪਾ ਪੈਨਸ਼ਨ ਦੇ ਪੈਸੇ ਬਚਾ ਬਚਾ ਕੇ ਰੱਖੇ ਸਨ ਜਿਨ੍ਹਾਂ ਨੂੰ ਬਿਨਾਂ ਕਸੂਰੋਂ ਹੀ ਮੋਦੀ ਦੀ ਨੋਟਬੰਦੀ ਨੇ ਸੁਆਹ ਕਰ ਦਿੱਤਾ। ਮੋਦੀ ਸਰਕਾਰ ਦੀ ਨੋਟਬੰਦੀ ਦੀ ਮਾਰ ਹੇਠ ਆਈ ਪਿੰਡ ਸੰਧੂ ਖੁਰਦ ਦੀ ਬਜ਼ੁਰਗ ਔਰਤ ਦਾ ਨਾਮ ਵੀ ਦਲੀਪ ਕੌਰ ਹੈ।ਨੋਟਬੰਦੀ ਨੇ ਇਸ ਬਜ਼ੁਰਗ ਦੀ  ਕਮਾਈ ਸੰਦੂਕ ਵਿੱਚ ਪਈ ਹੀ ਰਾਖ ਕਰ ਦਿੱਤੀ। ਮੁਕਤਸਰ ਜ਼ਿਲ੍ਹੇ  ਦੇ ਪਿੰਡ ਭੁੱਟੀਵਾਲਾ ਦੇ ਬਜ਼ੁਰਗ ਮਹਿੰਦਰ ਸਿੰਘ ਦੀ 25 ਵਰ੍ਹਿਆਂ ਦੀ ਇੱਕ ਲੱਖ ਰੁਪਏ ਦੀ ਕਮਾਈ ਸੁਆਹ ਹੋਈ ਹੈ।
    ਇਹ ਕੁੱਝ ਮਿਸਾਲਾਂ ਹਨ ਜਦੋਂ ਕਿ ਹੋਰ ਵੀ ਬਥੇਰੇ ਲੋਕ ਹਨ ਜਿਨ੍ਹਾਂ ਨੇ ਨੋਟਬੰਦੀ ’ਚੋਂ ਘਾਟਾ ਹੀ ਖੱਟਿਆ ਹੈ। ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਸਰਦੇ ਪੁੱਜਦੇ ਤਾਂ ਨੋਟ ਬਦਲੀ ਕਰਾ ਗਏ ਪਰ ਪੇਂਡੂ ਲੋਕਾਂ ਦੀ ਦੀ  ਪੂੰਜੀ ਸੰਦੂਕਾਂ ’ਚ ਹੀ ਪਈ ਰਹਿ ਗਈ। ਆਮ ਲੋਕਾਂ ਨੂੰ ਬੈਂਕਾਂ ਅੱਗੇ ਲੱਗੀਆਂ ਕਤਾਰਾਂ ਵਿੱਚ ਖੱਜਲ-ਖੁਆਰ ਹੋਣਾ ਪਿਆ। ਲੋਕ ਇਲਾਜ ਲਈ ਪੈਸੇ ਲੱਭਦੇ ਰਹੇ ਪ੍ਰੰਤੂ ਉਨ੍ਹਾਂ ਨੂੰ ਕਿਸੇ ਨੇ ਢੋਈ ਨਾ ਦਿੱਤੀ। ਨੋਟਬੰਦੀ ਦੀ ਸੱਟ ਝੱਲਣ ਵਾਲੇ ਕਾਫੀ ਲੋਕ ਨੋਟ ਬਦਲਣ ਤੋਂ ਖੁੰਝ ਗਏ। ਇਨ੍ਹਾਂ ਲੋਕਾਂ ਨੇ ਮੋਦੀ ਦੇ ਫੈਸਲੇ ਨੂੰ ਰੱਬ ਦਾ ਭਾਣਾ ਮੰਨ ਲਿਆ ਪਰ ਨੋਟਬੰਦੀ ਦਾ ਚੇਤਾ  ਨਹੀਂ ਭੁੱਲਣਗੇ ।
Advertisement
Advertisement
Advertisement
Advertisement
Advertisement
error: Content is protected !!