ਤਿੜਕੇ ਰਿਸ਼ਤੇ ਦਾ ਅੰਤ ਹੋਇਆ ਦੁਖਦਾਈ ,ਸ਼ੱਕੀ ਹਾਲਤਾਂ ਚ, ਮਹੰਤ ਹੁਕਮ ਦਾਸ ਬਬਲੀ ਦੀ ਮੌਤ

Advertisement
Spread information

ਬਬਲੀ ਮਹੰਤ ਦੀ ਹਮਸਾਇਆ ਬਣ ਕੇ ਰਹਿੰਦੀ ਅਕਾਲੀ ਨੇਤਾ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ 2 ਭਰਾਵਾਂ ਖਿਲਾਫ ਕੇਸ ਦਰਜ਼

* ਦੋਸ਼- ਬਬਲੀ ਮਹੰਤ ਨੂੰ ਨਜਾਇਜ਼ ਸਬੰਧਾਂ ਦੇ ਕੇਸ ਚ, ਫਸਾਉਣ ਦਾ ਭੈਅ ਦਿਖਾ ਕੇ ਡੇਰੇ ਦੀ ਜਮੀਨ ਹੜੱਪਣਾ ਚਾਹੁੰਦੀ ਸੀ ਜਸਵਿੰਦਰ ਕੌਰ ਸ਼ੇਰਗਿੱਲ !


ਹਰਿੰਦਰ ਨਿੱਕਾ ਬਰਨਾਲਾ 25 ਮਈ 2020

ਬਾਹਰਲਾ ਡੇਰਾ ਤਪਾ ਦੇ ਗੱਦੀਨਸ਼ੀਨ ਮਹੰਤ ਹੁਕਮ ਦਾਸ ਉਰਫ ਬਬਲੀ ਦੀ ਸ਼ੱਕੀ ਹਾਲਤਾਂ ਚ, ਹੋਈ ਮੌਤ ਤੋਂ ਬਾਅਦ ਬਬਲੀ ਮਹੰਤ ਦੇ ਬੇਟੇ ਸੋਮਦਾਸ ਨੇ ਆਪਣੇ ਪਿਤਾ ਨਾਲ ਕਰੀਬ 7 ਕੁ ਵਰ੍ਹਿਆਂ ਤੋਂ ਹਮਸਾਇਆ ਬਣ ਕੇ ਰਹਿੰਦੀ ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਅਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦੀ ਅਤਿ ਕਰੀਬੀ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ ਦੋ ਭਰਾਵਾਂ ਦੇ ਖਿਲਾਫ ਬਬਲੀ ਮਹੰਤ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ ਚ, ਕੇਸ ਦਰਜ਼ ਕਰਵਾ ਦਿੱਤਾ ਹੈ। ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤੇ ਬਬਲੀ ਮਹੰਤ ਦੀ ਜੋੜੀ ਕੁਝ ਅਰਸਾ ਪਹਿਲਾਂ ਉਦੋਂ ਚਰਚਾ ਵਿੱਚ ਆਈ ਸੀ ,ਜਦੋਂ ਬਬਲੀ ਮਹੰਤ ਦੀ ਪਤਨੀ ਦੇ ਉਸਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇਲਾਕੇ ਦੇ ਇੱਕ ਪ੍ਰਸਿੱਧ ਮੰਦਿਰ ਦੇ ਅੰਦਰ ਹੀ ਬੀਬੀ ਸ਼ੇਰਗਿੱਲ ਨੂੰ ਅਲਫ ਨੰਗਿਆਂ ਕਰਕੇ ਉਸ ਦੀ ਬੇਰਹਿਮੀ ਨਾਲ ਮਾਰਕੁੱਟ ਕਰਕੇ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਖੁਦ ਬਬਲੀ ਮਹੰਤ ਨੇ ਸਮਾਜ਼ ਚ, ਬਣੇ ਆਪਣੇ ਰੁਤਬੇ ਦੀ ਪਰਵਾਹ ਨਾ ਕਰਦੇ ਹੋਏ ਅਤੇ ਪਰਿਵਾਰ ਦੇ ਰਿਸ਼ਤੇ ਨੂੰ ਅੱਖੋਂ ਪਰੋਖੇ ਕਰਦਿਆਂ ਬੀਬੀ ਸ਼ੇਰਗਿੱਲ ਦਾ ਸਾਥ ਦਿੰਦੇ ਹੋਏ ਆਪਣੀ ਪਤਨੀ ਤੇ ਹੋਰ ਦੋਸ਼ੀਆਂ ਦੇ ਖਿਲਾਫ ਕੇਸ ਵੀ ਦਰਜ਼ ਕਰਵਾ ਦਿੱਤਾ ਸੀ। ਪਰੰਤੂ ਹੁਣ ਬਬਲੀ ਮਹੰਤ ਦੀ ਅਚਾਣਕ ਹੋਈ ਮੌਤ ਤੋਂ ਬਾਅਦ ਬਬਲੀ ਦੇ ਪਰਿਵਾਰ ਨੇ ਫਿਰ ਬੀਬੀ ਸ਼ੇਰਗਿੱਲ ਦੇ ਖਿਲਾਫ ਇੱਕ ਵਾਰ ਹੱਲਾ ਬੋਲ ਦਿੱਤਾ ਹੈ। ਇਸ ਨਾਲ ਬੀਬੀ ਸ਼ੇਰਗਿੱਲ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਬਬਲੀ ਮਹੰਤ ਦੀ ਮੌਤ ਤੋਂ ਬਾਅਦ ਖੁਦ ਬੀਬੀ ਸ਼ੇਰਗਿੱਲ ਵੀ ਸਿਵਲ ਹਸਪਤਾਲ ਬਰਨਾਲਾ ਚ, ਦਾਖਿਲ ਹੋ ਗਈ ਹੈ। ਜਿੱਥੇ ਉਹ ਬੇਹੋਸ਼ ਹੀ ਦੱਸੀ ਜਾ ਰਹੀ ਹੈ।

Advertisement

– ਬਬਲੀ ਮਹੰਤ ਦੇ ਬੇਟੇ ਸੋਮਦਾਸ ਨੇ ਪੁਲਿਸ ਨੂੰ ਦੱਸਿਆ,,,

ਪੁਲਿਸ ਨੂੰ ਦਿੱਤੇ ਬਿਆਨ ਚ, ਬਬਲੀ ਮਹੰਤ ਦੇ ਬੇਟੇ ਸੋਮਦਾਸ ਨੇ ਕਿਹਾ ਹੈ ਕਿ ਕਰੀਬ 7 ਕੁ ਸਾਲ ਤੋਂ ਜਸਵਿੰਦਰ ਕੌਰ ਸ਼ੇਰਗਿੱਲ ਨਿਵਾਸੀ ਤਪਾ ਨੇ ਉਸ ਦੇ ਪਿਤਾ ਨਾਲ ਸਬੰਧ ਬਣਾ ਲਏ ਸਨ। ਜਿਸ ਕਾਰਣ ਉਸ ਦੇ ਪਰਿਵਾਰ ਦਾ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸਦੇ ਪਰਿਵਾਰ ਨਾਲ ਤਕਰਾਰ ਰਹਿੰਦਾ ਸੀ। ਸ਼ੇਰਗਿੱਲ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਬਾਰ ਬਾਰ ਝੂਠੀਆਂ ਸ਼ਿਕਾਇਤਾਂ ਦਿੰਦੀ ਰਹਿੰਦੀ ਸੀ। ਜਸਵਿੰਦਰ ਕੌਰ ਆਪਣੇ ਭਰਾਵਾਂ ਬਲਜਿੰਦਰ ਸਿੰਘ , ਪਰਦੀਪ ਸਿੰਘ ਅਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਡੇਰੇ ਦੀ ਜਮੀਨ ਤੇ ਆਮਦਨੀ ਹੜੱਪਣਾ ਚਾਹੁੰਦੀ ਸੀ। ਇਸ ਕਾਰਣ ਉਸ ਦਾ ਪਿਤਾ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਰਹਿੰਦਾ ਸੀ। ਉਸ ਦਾ ਪਿਤਾ ਜਦੋਂ ਵੀ ਘਰ ਆਉਂਦਾ ਸੀ, ਜਸਵਿੰਦਰ ਕੌਰ ਉਸ ਨੂੰ ਉਸੇ ਸਮੇਂ ਆਪਣੇ ਫੋਨਾਂ ਤੋਂ ਕਾਲਾਂ ਕਰਕੇ ਆਪਣੇ ਪਾਸ ਆਉਣ ਨੂੰ ਮਜ਼ਬੂਰ ਕਰਦੀ ਸੀ। ਉਸ ਕੋਲ ਨਾ ਜਾਣ ਦੀ ਸੂਰਤ ਚ, ਉਹ ਉਸਦੇ ਪਿਤਾ ਨੂੰ ਨਜ਼ਾਇਜ਼ ਸਬੰਧਾਂ ਦੇ ਦੋਸ਼ ਚ, ਫਸਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਆਖਿਰ ਅੱਜ ਉਸ ਦੇ ਪਿਤਾ ਨੇ ਮਾਨਸਿਕ ਤਣਾਅ ਅਤੇ ਇਹਨਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦੇ ਤਪਾ ਦੇ ਸਰਕਾਰੀ ਹਸਪਤਾਲ ਚ, ਦਾਖਿਲ ਹੋਣ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ। ਐਸਪੀ ਰੁਪਿੰਦਰ ਭਾਰਦਵਾਜ਼ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨ ਤੇ ਜਸਵਿੰਦਰ ਕੌਰ ਸ਼ੇਰਗਿੱਲ, ਉਸ ਦੇ ਭਰਾਵਾਂ ਬਲਜਿੰਦਰ ਸਿੰਘ ਤੇ ਪਰਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 306 / 34 ਆਈਪੀਸੀ ਦੇ ਤਹਿਤ ਥਾਣਾ ਤਪਾ ਚ, ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

ਢਾਬੇ ਤੇ ਬਬਲੀ ਮਹੰਤ ਤੇ ਸ਼ੇਰਗਿੱਲ ਨੇ ਰਾਤ ਨੂੰ ਖਾਧਾ ਖਾਣਾ

ਭਰੋਸੇਯੋਗ ਸੂਤਰਾਂ ਅਨੁਸਾਰ ਬਬਲੀ ਮਹੰਤ ਦੇ ਖਿਲਾਫ ਥਾਣੇ ਚ, ਕੋਈ ਸ਼ਿਕਾਇਤ ਪਹੁੰਚੀ ਹੋਈ ਸੀ। ਇਸ ਸ਼ਿਕਾਇਤ ਸਬੰਧੀ ਬਬਲੀ ਮਹੰਤ ਤੇ ਜਸਵਿੰਦਰ ਕੌਰ ਸ਼ੇਰਗਿੱਲ , ਸ਼ਿਕਾਇਤ ਦੀ ਪੜਤਾਲ ਕਰ ਰਹੇ ਥਾਣੇਦਾਰ ਨਾਲ ਤਪਾ ਨੇੜਲੇ ਇੱਕ ਢਾਬੇ ਤੇ ਗੱਲਬਾਤ ਕਰ ਰਹੇ ਸਨ। ਰਾਤ ਨੂੰ ਬਬਲੀ ਤੇ ਸ਼ੇਰਗਿੱਲ ਦੀ ਜੋੜੀ ਨੇ ਹੋਰਨਾਂ ਵਿਅਕਤੀਆਂ ਸਣੇ ਢਾਬੇ ਤੇ ਹੀ ਇਕੱਠਿਆਂ ਖਾਣਾ ਵੀ ਖਾਧਾ। ਖਾਣਾ ਖਾਣ ਤੋਂ ਬਾਅਦ ਅਚਾਣਕ ਹੀ ਬਬਲੀ ਮਹੰਤ ਦੀ ਤਬੀਅਤ ਵਿਗੜ ਗਈ। ਜਿਸ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਪੁਲਿਸ ਨੇ ਭਾਂਵੇ ਬੀਬੀ ਸ਼ੇਰਗਿੱਲ ਤੇ ਉਸ ਦੇ ਭਰਾਵਾਂ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ, ਪਰੰਤੂ ਇਹ ਗੱਲ ਹਾਲੇ ਭੇਦ ਬਣੀ ਹੋਈ ਹੈ ਕਿ ਬਬਲੀ ਮਹੰਤ ਜਾਂ ਸ਼ੇਰਗਿੱਲ ਦੇ ਖਿਲਾਫ ਕਿਸ ਵਿਅਕਤੀ ਦੀ ਸ਼ਿਕਾਇਤ ਸੀ ਤੇ ਕਿਹੜਾ ਥਾਣੇਦਾਰ ਤੇ ਹੋਰ ਵਿਅਕਤੀ ਢਾਬੇ ਤੇ ਬਬਲੀ ਮਹੰਤ ਨਾਲ ਆਖਿਰੀ ਮੌਕੇ ਮੌਜੂਦ ਸਨ। ਢਾਬੇ ਤੇ ਅਜਿਹਾ ਕਿਹੜਾ ਤਾਜ਼ਾ ਘਟਨਾਕ੍ਰਮ ਵਾਪਰਿਆ ਕਿ ਬਬਲੀ ਦੀ ਅਚਾਣਕ ਮੌਤ ਹੋ ਗਈ। ਉੱਧਰ ਡਾਕਟਰਾਂ ਦਾ ਕਹਿਣਾ ਹੈ ਕਿ ਮੌਤ ਦੀ ਵਜ਼੍ਹਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ। ਬਬਲੀ ਮਹੰਤ ਦੇ ਪਰਿਵਾਰ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਨ੍ਹੀ ਦੇਰ ਤੱਕ ਪੁਲਿਸ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਦੀ, ਉਦੋਂ ਤੱਕ ਉਹ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਵਰਨਣਯੋਗ ਹੈ ਕਿ 24 ਮਈ ਨੂੰ ਬਬਲੀ ਮਹੰਤ ਤੇ ਜਸਵਿਦਰ ਕੌਰ ਸ਼ੇਰਗਿੱਲ ਨੇ ਪ੍ਰਸ਼ਾਸ਼ਨ ਨੂੰ ਮਨਾਲ ਗਊਸ਼ਾਲਾ ਲਈ 112 ਕੁਇੰਟਲ ਤੂੜੀ ਦਾਨ ਕੀਤੀ ਸੀ। ਜਿਸ ਸਬੰਧੀ ਬੀਬੀ ਸ਼ੇਰਗਿੱਲ ਨੇ ਫੇਸਬੁੱਕ ਤੇ ਫੋਟੋਆਂ ਵੀ ਪੋਸਟ ਕੀਤੀਆਂ ਸਨ। ਇਸ ਤੋਂ ਇਲਾਵਾ ਦੋਵੇ ਇਕੱਠੇ ਹੀ ਲੌਕਡਾੳਨ ਸਮੇਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਜਰੂਰਤਮੰਦਾਂ ਨੂੰ ਰਾਸ਼ਨ ਵੰਡਦੇ ਰਹੇ ਹਨ। ਆਖਿਰ ਕੁਝ ਹੀ ਘੰਟਿਆਂ ਚ, ਅਜਿਹਾ ਵਾਪਰ ਗਿਆ ਕਿ ਬਬਲੀ ਮਹੰਤ ਮਾਨਸਿਕ ਤਣਾਅ ਕਾਰਣ ਆਪਣੀ  ਜੀਵਨ ਲੀਲਾ ਸਮਾਪਤ ਕਰ ਗਿਆ। ਇਹ ਸਾਰੀਆਂ ਗੱਲਾਂ ਦੇ ਜੁਆਬ ਪੁਲਿਸ ਦੀ ਪੜਤਾਲ ਤੇ ਸਮੇਂ ਦੇ ਗਰਭ ਚ, ਛਿਪੇ ਹੋਏ ਹਨ ।

Advertisement
Advertisement
Advertisement
Advertisement
Advertisement
error: Content is protected !!