ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ ਡੇਅ ਮੀਲ ਚ ਖਾਣਾ ਮਿਆਰੀ ਦਿੱਤਾ ਜਾਵੇ, ਮੈਂਬਰ ਫੂਡ ਕਮਿਸ਼ਨ
ਰਘਵੀਰ ਹੈਪੀ , ਬਰਨਾਲਾ, 5 ਮਈ 2023
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੇਂਬਰ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ, ਧਨੌਲਾ ਅਤੇ ਹਰਿਗੜ੍ਹ ਵਿਖੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇਅ ਮੀਲ ਦੇ ਖਾਣੇ ਦੀ ਜਾਂਚ ਕੀਤੀ।
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਡਬਰ ਵਿਖੇ ਸਕੂਲ ਮੁਖੀ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਹਿਦਾਇਤ ਕੀਤੀ ਕਿ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬੱਚਿਆਂ ਨੂੰ ਮਿਡ ਡੇਅ ਮੀਲ ਵਿੱਚ ਪੌਸ਼ਟਿਕ ਅਤੇ ਸੰਤੁਲਿਤ ਖਾਣਾ ਹੀ ਮੁਹੱਈਆ ਕਰਵਾਇਆ ਜਾਵੇ। ਨਾਲ ਇਹ ਵੀ ਹਿਦਾਇਤ ਦਿੱਤੀ ਗਈ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀ ਰਸੋਈ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨਾਂ ਸਿਖਿਆ ਵਿਭਾਗ ਦੇ ਮਿਡ ਡੇਅ ਮੀਲ ਪ੍ਰਬੰਧਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਣੇ ਦੀ ਗੁਣਵੱਤਾ ਅਤੇ ਸਮੇਂ-ਸਮੇਂ ਬੱਚਿਆਂ ਲਈ ਆਈ ਸਮੱਗਰੀ ਨੂੰ ਲੋੜਵੰਦ ਬੱਚਿਆਂ ਤੱਕ ਪੁੱਜਦਾ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਵਿਚਾਰ ਚਰਚਾ ਕੀਤੀ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਹੋਰ ਵਧੇਰੇ ਪੌਸ਼ਟਿਕ ਬਣਾਇਆ ਜਾ ਸਕੇ ।
ਇਸ ਤੋਂ ਬਾਅਦ ਮੈਂਬਰ ਫੂਡ ਕਮਿਸ਼ਨ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਮੁੰਡੇ) ਧਨੌਲਾ ਅਤੇ ਹਰਿਗੜ੍ਹ ਅਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ । ਸ਼੍ਰੀਮਤੀ ਪ੍ਰੀਤੀ ਚਾਵਲਾ ਆਂਗਨਵਾੜੀ ਕੇਂਦਰ ਟਿੱਬਾ ਪੱਤੀ ਪਿੰਡ ਬਡਬਰ, ਆਂਗਣਵਾੜੀ ਕੇਂਦਰ ਪੱਤੀ ਝਾਝੜਿਆਂ ਬਾਬਾ ਨਾਮਦੇਵ ਧਰਮਸ਼ਾਲਾ ਧਨੌਲਾ ਅਤੇ ਆਂਗਣਵਾੜੀ ਕੇਂਦਰ ਸਹਾਰੀਆਂ ਪੱਤੀ ਧਰਮਸ਼ਾਲਾ ਧਨੌਲਾ ਦਾ ਵੀ ਦੌਰਾ ਕੀਤਾ । ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਬਰਨਾਲਾ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕੀਤੀ ।
ਇਸ ਮੌਕੇ ਡਿਪਟੀ ਜ਼ਿਲ੍ਹਾ ਸਿਖਿਆ ਅਫਸਰ ਵਸੁੰਧਰਾ ਕਪਿਲਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ ਤੇਅਵਸਪ੍ਰੀਤ ਕੌਰ, ਸਹਾਇਕ ਫ਼ੂਡ ਸਪਲਾਈ ਅਫਸਰ ਪ੍ਰਦੀਪ ਕੁਮਾਰ ਅਤੇ ਹੋਰ ਅਫ਼ਸਰ ਮੌਜੂਦ ਸਨ ।