ਐਸ ਸੀ ਵਰਗ ਦੇ ਲੋਕਾਂ ਦੇ ਪਹਿਲ ਦੇ ਆਧਾਰ ਤੇ ਮਸਲੇ ਹੱਲ ਕਰਨ ਅਧਿਕਾਰੀ: ਪੂਨਮ ਕਾਂਗੜਾ
ਰਘਵੀਰ ਹੈਪੀ , ਬਰਨਾਲਾ, 4 ਮਈ 2023
ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਵਿਖੇ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਡੀਸੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਐਸ ਸੀ ਵਰਗ ਦੇ ਲੋਕਾਂ ਦੀਆਂ ਸ਼ਿਕਾਇਤਾ ਸੁਣੀਆਂ । ਇਸ ਮੌਕੇ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ, ਲਵਜੀਤ ਕਲਸੀ ਵਧੀਕ ਡਿਪਟੀ ਕਮਿਸ਼ਨਰ, ਗੋਪਾਲ ਸਿੰਘ ਐਸ ਡੀ ਐਮ ਬਰਨਾਲਾ ਵੀ ਹਾਜ਼ਰ ਸਨ ।
ਮੈਡਮ ਪੂਨਮ ਕਾਂਗੜਾ ਨੂੰ ਆਪਣੀ ਸਮਸਿਆ ਦੱਸਦਿਆਂ ਬਿਨੈਕਰਤਾ ਸ਼ੈਲੇਂਦਰ ਕੁਮਾਰ ਨੇ ਦੱਸਿਆ ਆਰੋਪ ਲਗਾਏ ਕਿ ਕਰੀਬ 6-7 ਮਹੀਨੇ ਪਹਿਲਾਂ ਕੁੱਝ ਵਿਅਕਤੀਆਂ ਵੱਲੋਂ ਜਾਤੀ ਸੂਚਕ ਸ਼ਬਦ ਬੋਲ ਦਿਆਂ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਸੀ । ਮੌਕੇ ਤੇ ਹਾਜ਼ਰ ਕੁਲਵੰਤ ਸਿੰਘ ਡੀ ਐਸ ਪੀ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਇਸ ਸਬੰਧੀ ਮਾਨਯੋਗ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤਾਂ ਮੌਕੇ ਤੇ ਮੈਡਮ ਪੂਨਮ ਕਾਂਗੜਾ ਨੇ ਡੀ ਐਸ ਪੀ ਨੂੰ ਹੁਕਮ ਦਿੱਤੇ ਕਿ ਇਸ ਮਾਮਲੇ ਚ ਐਸ ਸੀ/ਐਸ ਟੀ ਐਕਟ ਦੇ ਸੈਕਸ਼ਨ 18 ਏ ਦੇ ਤਹਿਤ ਵਾਧਾ ਕਰ ਕੇ 17 ਮਈ ਨੂੰ ਰਿਪੋਰਟ ਪੇਸ਼ ਕਰਨ ।
ਇਸੇ ਤਰ੍ਹਾਂ ਇੱਕ ਸ਼ਿਕਾਇਤ ਕਰਤਾ ਨੇ ਦੱਸਿਆ ਆਰੋਪ ਲਗਾਇਆ ਕਿ ਨਕਲੀ ਏਜੰਟ ਬਣਕੇ 90,000 ਦੀ ਠੱਗੀ ਮਾਰਨ ਵਾਲੀ ਮਹਿਲਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ । ਹੰਡਿਆਇਆ ਦੇ ਵਾਸੀਆਂ ਨੇ ਆਰੋਪ ਲਗਾਇਆ ਕਿ ਇੱਕ ਜ਼ਿਮੀਂਦਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਉਪਰ ਕਬਜ਼ਾ ਕਰ ਰਿਹਾ ਹੈ । ਇਸੇ ਤਰ੍ਹਾਂ ਬਡਬਰ ਵਾਸੀ ਨੇ ਦੱਸਿਆ ਕਿ ਪੰਚਾਇਤ ਕੋਲੋਂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਦਿਵਾਉਣ ਅਤੇ ਲੈਟਰੀਨਾ ਵਾਲੀ ਜਗ੍ਹਾ ਦਾ ਰਸਤਾ ਦਿਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਉਹ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।
ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਸ਼ਿਕਾਇਤ ਕਰਤਾਵਾਂ ਨੇ ਇੰਨਸਾਫ ਦੀ ਗੁਹਾਰ ਲਗਾਈ । ਸਾਰੀਆਂ ਸ਼ਿਕਾਇਤਾਂ ਸੁਣਨ ਉਪਰੰਤ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣ ਲਈ ਐਸ ਸੀ ਕਮਿਸ਼ਨ ਹਮੇਸ਼ਾ ਤਤਪਰ ਹੈ । ਉਨ੍ਹਾਂ ਇੰਨਸਾਫ ਦੇਣ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਸ਼ਿਕਾਇਤਾ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ । ਉਨ੍ਹਾਂ ਨੇ ਤਾੜਨਾ ਕਰਦਿਆਂ ਕਿਹਾ ਕਿ ਐਸ ਸੀ ਵਰਗ ਪ੍ਰਤੀ ਅਪਣੀ ਜ਼ਿਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਤੇ ਵੀ ਉਹ ਕੋਈ ਗੁਰੇਜ਼ ਨਹੀਂ ਕਰਨਗੇ ।
ਇਸ ਮੌਕੇ ਗੁਰਿੰਦਰਜੀਤ ਸਿੰਘ ਜ਼ਿਲ੍ਹਾ ਭਲਾਈ ਅਫਸਰ ਬਰਨਾਲਾ, ਪ੍ਰਵੇਸ਼ ਗੋਇਲ ਬੀਡੀਪੀਓ ਬਰਨਾਲਾ, ਕੁਲਵੰਤ ਸਿੰਘ ਡੀ ਐਸ ਪੀ, ਮੇਘਾ ਮਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਰਨਾਲਾ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਹਾਜ਼ਰ ਸਨ।